ਸਤਵਿੰਦਰ ਬਸਰਾਲੁਧਿਆਣਾ, 1 ਫਰਵਰੀਪਿਛਲੇ ਕਈ ਦਿਨਾਂ ਤੋਂ ਨਿਕਲ ਰਹੀ ਤਿੱਖੀ ਧੁੱਪ ਤੋਂ ਬਾਅਦ ਅੱਜ ਸ਼ਨਿੱਚਰਵਾਰ ਦਾ ਸਾਰਾ ਦਿਨ ਸੰਘਣੀ ਧੁੰਦ ਵਾਲਾ ਰਿਹਾ। ਸ਼ੁੱਕਰਵਾਰ ਰਾਤ ਸਮੇਂ ਪੈਣੀ ਸ਼ੁਰੂ ਹੋਈ ਧੁੰਦ ਸ਼ਨਿੱਚਰਵਾਰ ਵੀ ਸਾਰਾ ਦਿਨ ਰਹਿਣ ਕਰਕੇ ਪਾਰਾ ਵੀ ਤਿੰਨ ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਵਿੱਚ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਨਿਕਲ ਰਹੀ ਤਿੱਖੀ ਧੁੱਪ ਕਾਰਨ ਗਰਮ ਹੋਏ ਮੌਸਮ ਨੂੰ ਸ਼ਨਿੱਚਰਵਾਰ ਦੁਬਾਰਾ ਪਈ ਸੰਘਣੀ ਧੁੰਦ ਨੇ ਠੰਢ ਵਿੱਚ ਬਦਲ ਦਿੱਤਾ ਹੈ। ਸ਼ੁੱਕਰਵਾਰ ਰਾਤ ਸਮੇਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਜੋ ਅੱਜ ਸ਼ਨਿੱਚਰਵਾਰ ਵੀ ਸਾਰਾ ਦਿਨ ਛਾਈ ਰਹੀ। ਸਵੇਰ ਸਮੇਂ ਤਾਂ ਇਹ ਧੁੰਦ ਇੰਨੀਂ ਜਿਆਦਾ ਸੀ ਕਿ ਕੁੱਝ ਮੀਟਰ ਤੱਕ ਵੀ ਦੇਖਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਹਿਰ ਦੀਆਂ ਮੁੱਖ ਸੜ੍ਹਕਾਂ ’ਤੇ ਚੱਲ ਰਹੀਆਂ ਗੱਡੀਆਂ ਵੀ ਕੀੜੀ ਦੀ ਚਾਲ ਚੱਲ ਰਹੀਆਂ ਸਨ।ਦਿਨ ਚੜ੍ਹੇ ਤੱਕ ਵੀ ਬਹੁਤੇ ਵਾਹਨ ਚਾਲਕ ਆਪਣੀਆਂ ਗੱਡੀਆਂ ਦੀਆਂ ਬੱਤੀਆਂ ਜਗਾ ਕੇ ਆਪੋ ਆਪਣੀ ਮੰਜਿਲ ਵੱਲ ਵਧ ਰਹੇ ਸਨ। ਇਸ ਸੰਘਣੀ ਧੁੰਦ ਕਾਰਨ ਸਵੇਰ ਸਮੇਂ ਸਕੂਲ ਜਾਣ ਵਾਲੇ ਬੱਚਿਆਂ ਅਤੇ ਦੋ ਪਹੀਆ ਚਾਲਕਾਂ ਨੂੰ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਸਵੇਰ ਤੱਕ ਤਿੱਖੀ ਧੁੰਪ ਨਿਕਲਣ ਕਰਕੇ ਜਿਹੜਾ ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਇਸ ਧੁੰਦ ਤੋਂ ਬਾਅਦ ਘੱਟ ਕੇ 19 ਡਿਗਰੀ ਸੈਲਸੀਅਸ ਤੱਕ ਰਹਿ ਗਿਆ ਜਦਕਿ ਘੱਟ ਤੋਂ ਘੱਟ ਤਾਪਮਾਨ ਜਿਹੜਾ 10-11 ਡਿਗਰੀ ਸੈਲਸੀਅਸ ਹੋ ਗਿਆ ਸੀ ਅੱਜ ਘੱਟ ਕੇ 8-9 ਡਿਗਰੀ ਸੈਲਸੀਅਸ ’ਤੇ ਆ ਗਿਆ। ਧੁੰਦ ਕਰਕੇ ਵਧੀ ਠੰਢ ਨੇ ਲੋਕਾਂ ਵੱਲੋਂ ਸਾਂਭ ਕੇ ਰੱਖੇ ਗਰਮ ਕੱਪੜੇ ਦੁਬਾਰਾ ਕਢਵਾ ਦਿੱਤੇ ਹਨ। ਲੁਧਿਆਣਾ ਦੇ ਚੌੜਾ ਬਾਜ਼ਾਰ ਸਮੇਤ ਹੋਰਨਾਂ ਬਾਜ਼ਾਰਾਂ ਵਿੱਚ ਵੀ ਆਵਾਜਾਈ ਘੱਟ ਹੀ ਨਜ਼ਰ ਆਈ। ਜੇਕਰ ਮੌਸਮ ਵਿਭਾਗ ਵਾਲਿਆਂ ਦੀ ਮੰਨੀਏ ਤਾਂ ਆਉਂਦੇ 24 ਘੰਟੇ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੌਸਮ ਇਸੇ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਹੈ।