ਲੁਧਿਆਣਾ ਵਿੱਚ ਐਤਵਾਰ ਦਾ ਦਿਨ ਰਿਹਾ ਸਭ ਤੋਂ ਗਰਮ
ਸਤਵਿੰਦਰ ਬਸਰਾ
ਲੁਧਿਆਣਾ, 8 ਜੂਨ
ਸਨਅਤੀ ਸ਼ਹਿਰ ਲੁਧਿਆਣਾ ਜਿਹੜਾ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਨਾਲੋਂ ਗਰਮ ਰਹਿੰਦਾ ਹੈ। ਇਸ ਵਾਰ ਮਈ ਮਹੀਨਾਂ ਆਮ ਨਾਲੋਂ ਠੰਢਾ ਰਹਿਣ ਤੋਂ ਬਾਅਦ ਜੂਨ ਮਹੀਨੇ ਵਿੱਚ ਗਰਮੀ ਨੇ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਅੱਜ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਵੀ ਵੱਧ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸਾਲ 2022 ਦੀ 8 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਲੁਧਿਆਣਾ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਕਰੀਬ ਪੰਜ ਜੂਨ ਤੱਕ ਮੌਸਮ ਆਮ ਨਾਲੋਂ ਠੰਢਾ ਰਿਹਾ ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ। ਐਤਵਾਰ ਦੁਪਹਿਰ ਸਮੇਂ ਤਾਂ ਇਹ ਤਾਪਮਾਨ 44 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਗਿਆ। ਮੌਸਮ ਵਿਭਾਗ ਅਨੁਸਾਰ ਤਾਪਮਾਨ 44 ਡਿਗਰੀ ਸੈਲਸੀਅਸ ਸੀ ਪਰ ਮਹਿਸੂਸ 46 ਡਿਗਰੀ ਸੈਲਸੀਅਸ ਦੀ ਤਰ੍ਹਾਂ ਹੋ ਰਿਹਾ ਸੀ। ਇਸੇ ਤਰ੍ਹਾਂ ਸਾਲ 2024 ਦੀ 8 ਜੂਨ ਨੂੰ ਤਾਪਮਾਨ 39 ਡਿਗਰੀ ਸੈਲਸੀਅਸ, 2023 ਦੀ 8 ਜੂਨ ਨੂੰ 38 ਡਿਗਰੀ ਸੈਲਸੀਅਸ, 2022 ਦੀ 8 ਜੂਨ ਨੂੰ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਨਅਤੀ ਸ਼ਹਿਰ ਵਿੱਚ ਲਗਾਤਾਰ ਵਧਦੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਬਰ ਕਰ ਦਿੱਤਾ ਹੈ। ਤੇਜ਼ ਧੁੱਪ ਕਰਕੇ ਹਵਾ ਵੀ ਪੂਰੀ ਤਰ੍ਹਾਂ ਗਰਮ ਚੱਲ ਰਹੀ ਸੀ। ਲੋਕਾਂ ਵੱਲੋਂ ਇਸ ਗਰਮੀ ਤੋਂ ਬਚਾਅ ਲਈ ਤਰ੍ਹਾਂ ਤਰ੍ਹਾਂ ਦੇ ਉਪਾਓ ਕੀਤੇ ਜਾ ਰਹੇ ਸਨ। ਦੁਪਹਿਰ ਸਮੇਂ ਸ਼ਹਿਰ ਦੀਆਂ ਮੁੱਖ ਸੜ੍ਹਕਾਂ ’ਤੇ ਆਵਾਜਾਈ ਨਾ-ਮਾਤਰ ਹੀ ਦਿਖਾਈ ਦੇ ਰਹੀ ਸੀ। ਧੁੱਪ ਜ਼ਿਆਦਾ ਹੋਣ ਕਰਕੇ ਕਈ ਸੜ੍ਹਕਾਂ ’ਤੇ ਪਾਈ ਲੁੱਕ ਵੀ ਪਿੰਘਲਣੀ ਸ਼ੁਰੂ ਹੋ ਗਈ ਸੀ।
ਸੜਕਾਂ ’ਤੇ ਜਾਂਦੇ ਦੋ ਪਹੀਆ ਵਾਹਨ ਚਾਲਕਾਂ ਨੇ ਗਰਮੀ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਕੱਪੜਿਆਂ ਨਾਲ ਢਕਿਆ ਹੋਇਆ ਸੀ। ਗਰਮੀ ਕਰਕੇ ਤ੍ਰਾਹ ਤ੍ਰਾਹ ਕਰਦੇ ਰਾਹਗੀਰਾਂ ਲਈ ਸਮਾਜ ਸੇਵੀ ਜੱਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਥਾਂ-ਥਾਂ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਹੋਈਆਂ ਸਨ। ਕਈ ਲੋਕ ਇਸ ਗਰਮੀ ਤੋਂ ਬਚਾਅ ਲਈ ਫਰਿੱਜ਼, ਕੂਲਰ ਅਤੇ ਏਸੀ ਆਦਿ ਖਰੀਦਣ ਲਈ ਬਿਜਲੀ ਵਾਲੀਆਂ ਦੁਕਾਨਾਂ ’ਤੇ ਭੀੜ ਕਰੀ ਖੜ੍ਹੇ ਸਨ। ਗਰੀਬ ਪਰਿਵਾਰਾਂ ਲਈ ਮਿੱਟੀ ਦਾ ਘੜਾ ਹੀ ਫਰਿੱਜ਼ ਹੈ ਇਸ ਲਈ ਉਨਾਂ ਵੱਲੋਂ ਵੀ ਸ਼ਿੰਗਾਰ ਸਿਨੇਮਾ ਰੋਡ, ਘੁਮਾਰ ਮੰਡੀ, ਫਿਰੋਜ਼ਪੁਰ ਰੋਡ ’ਤੇ ਰੱਖੇ ਮਿੱਟੀ ਦੇ ਘੜੇ ਖ੍ਰੀਦਣ ਵਿੱਚ ਦਿਲਚਸਪੀ ਦਿਖਾਈ ਜਾ ਰਹੀ ਸੀ।