ਲੁਧਿਆਣਾ ਵਿੱਚ ਅਧਿਆਪਕਾਂ ਦਾ ਸੂਬਾ ਪੱਧਰੀ ਮੁਜ਼ਾਹਰਾ 11 ਨੂੰ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੂਨ
ਸਕੂਲ ਅਧਿਆਪਕਾਂ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੰਦੇ ਹੋਏ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਮੰਗਾਂ ਦਾ ਹੱਲ ਨਾ ਹੋਣ ਦੇ ਵਿਰੋਧ ਵਜੋਂ 11 ਜੂਨ ਨੂੰ ਲੁਧਿਆਣਾ ਵਿੱਚ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਸਿੰਘ, ਈਟੀਟੀ 6635 ਅਧਿਆਪਕ ਯੂਨੀਅਨ ਦੇ ਪ੍ਰਧਾਨ ਪ੍ਰਮਿੰਦਰ ਮਲੌਦ ਅਤੇ 4161 ਮਾਸਟਰ ਕਾਡਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਐਤੀਆਣਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਰਿਕਾਸਟ ਮੈਰਿਟ ਸੂਚੀਆਂ ‘ਚੋਂ ਬਾਹਰ ਕੀਤੇ 3704 ਮਾਸਟਰ ਕਾਡਰ, 899 ਅੰਗਰੇਜ਼ੀ, 6635 ਈਟੀਟੀ ਦੇ ਸੈਕੜੇ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ। 3704 ਕਾਡਰ ਅਤੇ 6635 ਈਟੀਟੀ ਨੂੰ ਜਾਰੀ ਸੇਵਾਵਾਂ ਟਰਮੀਨੇਸ਼ਨ ਸੰਬੰਧੀ ਸ਼ੋ ਕਾਜ਼ ਨੋਟਿਸ ਮੁੱਢੋਂ ਰੱਦ ਕੀਤੇ ਜਾਣ।
ਇਸੇ ਤਰ੍ਹਾਂ 6635 ਈਟੀਟੀ, 4161 ਤੇ 2392 ਮਾਸਟਰ, ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਈਟੀਟੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਪ੍ਰੋਮੋਟਡ ਅਧਿਆਪਕਾਂ ਅਤੇ ਛੋਟ ਪ੍ਰਾਪਤ ਕੈਟੇਗਰੀਆਂ ਲਈ ਬਿਨਾਂ ਸ਼ਰਤ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ, 3582 ਮਾਸਟਰ ਕਾਡਰ ਨੂੰ ਟ੍ਰੇਨਿੰਗ ਲੱਗਣ ਦੀ ਮਿਤੀ ਤੋਂ ਸਾਰੇ ਲਾਭ ਮਿਲਣੇ ਯਕੀਨੀ ਬਣਾਏ ਜਾਣ। 5994 ਈਟੀਟੀ (ਬੈਕਲਾਗ) ਅਤੇ 2364 ਭਰਤੀਆਂ ਵਿੱਚੋਂ ਰਹਿੰਦੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਪੁਰਸ਼ ਅਧਿਆਪਕਾਂ ਨੂੰ ਅਚਨਚੇਤ ਛੁੱਟੀਆਂ ਵਿੱਚ ਵਾਧੇ ਲਈ ਠੇਕਾ ਅਧਾਰਿਤ ਨੌਕਰੀ ਨੂੰ ਵੀਂ ਯੋਗ ਮੰਨਿਆ ਜਾਵੇ। ਇਸ ਮੌਕੇ ਨਮਨ ਗਰਗ, ਜੰਗਪਾਲ ਸਿੰਘ ਰਾਏਕੋਟ, ਬਲਬੀਰ ਬਾਸੀ, ਬਲਜਿੰਦਰ ਰਾਏਕੋਟ, ਸੁਖਵਿੰਦਰ ਲੀਲ ਡੀ.ਐਮ.ਐੱਫ., ਅਮਨਦੀਪ ਵਰਮਾ, ਬਰਜਿੰਦਰ ਸਿੰਘ, ਸੁਰਿੰਦਰ ਪਾਲ ਇਆਲੀ, ਜਸਵਿੰਦਰ ਸਿੰਘ, ਵੈਭਵ ਗੋਇਲ, ਮਨਦੀਪ ਸਿੰਘ ਅਤੇ ਰਾਹੁਲ ਗੋਇਲ ਤੇ ਹੋਰ ਹਾਜ਼ਰ ਸਨ।