ਲੁਧਿਆਣਾ: ਬੀਐੱਮਡਬਲਿਊ ਕਾਰ ਨੂੰ ਅੱਗ ਲੱਗੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਫਰਵਰੀ
ਬੱਦੋਵਾਲ ਨੇੜੇ ਇਯਾਲੀ ਚੌਕ ਨੇੜੇ ਸੜਕ ’ਤੇ ਜਾ ਰਹੀ ਇੱਕ ਬੀਐੱਮਡਬਲਿਊ ਕਾਰ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਕਾਰ ਚਲਾ ਰਹੇ ਦੋ ਮਕੈਨਿਕਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਆਸ-ਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਸ ਦੌਰਾਨ ਕਿਸੇ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਇੱਕ ਗੱਡੀ ਨੇ ਕਰੀਬ 15 ਤੋਂ 20 ਮਿੰਟ ਬਾਅਦ ਅੱਗ ’ਤੇ ਕਾਬੂ ਪਾਇਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਰ ਅੰਦਰੋਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗੀ ਹੈ। ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਦੋ ਕਾਰ ਮਕੈਨਿਕ ਫਿਰੋਜ਼ਪੁਰ ਰੋਡ ਰੋਡ ਬੱਦੋਵਾਲ ਨੇੜੇ ਇਯਾਲੀ ਚੌਂਕ ਕੋਲ ਬੀਐਮਡਬਲਯੂ ਕਾਰ ਦੀ ਰਿਪੇਅਰ ਕਰ ਕੇ ਉਸ ਨੂੰ ਟੈਸਟ ਡਰਾਈਵ ਲਈ ਨਿਕਲੇ ਸਨ। ਉਦੋਂ ਅਚਾਨਕ ਕਾਰ ਦੇ ਇੰਜਣ ’ਚੋਂ ਧੂੰਆਂ ਨਿਕਲਿਆ। ਅਚਾਨਕ ਗੱਡੀ ’ਚੋਂ ਸਪਾਰਕਿੰਗ ਹੋਣ ਨਾਲ ਕਾਰ ਨੂੰ ਅੱਗ ਲੱਗ ਗਈ। ਦੋਵੇਂ ਕਾਰ ਮਕੈਨਿਕਾਂ ਨੇ ਚੱਲਦੀ ਗੱਡੀ ਦੀ ਰਫ਼ਤਾਰ ਘਟਾ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਗੱਡੀ ਵਰਕਸ਼ਾਪ ’ਤੇ ਰਿਪੇਅਰ ਹੋਣ ਲਈ ਆਈ ਸੀ। ਕਾਰ ਨੂੰ ਅੱਗ ਕਿਵੇਂ ਲੱਗੀ, ਇਹ ਪਤਾ ਨਹੀਂ ਲੱਗ ਸਕਿਆ ਹੈ। ਗੱਡੀ ਨੂੰ ਅੱਗ ਲੱਗਣ ਕਾਰਨ ਪੂਰੇ ਫਿਰੋਜ਼ਪੁਰ ਰੋਡ ’ਤੇ ਕਰੀਬ ਢਾਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਕੁਝ ਸਮੇਂ ਬਾਅਦ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਜਾਮ ਨੂੰ ਹਟਵਾ ਕੇ ਵਾਹਨ ਨੂੰ ਸਾਈਡ ’ਤੇ ਕਰਵਾਇਆ।