ਲੁਧਿਆਣਾ ਜ਼ਿਮਨੀ ਚੋਣ ’ਚ ਝਾੜੂ ਫੇਰੇਗੀ ਆਮ ਆਦਮੀ ਪਾਰਟੀ: ਭੱਲਾ
ਸ਼ਗਨ ਕਟਾਰੀਆ
ਬਠਿੰਡਾ, 7 ਜੂਨ
‘ਆਪ’ ਦੇ ਸਕੱਤਰ ਤੇ ਬੁਲਾਰੇ ਸ਼ਮਿੰਦਰ ਖਿੰਡਾ ਅਤੇ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਇੱਥੇ ਮੀਡੀਆ ਕੋਲ ਦਾਅਵਾ ਕੀਤਾ ਕਿ ‘ਬੱਸ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਦੀ ਉਡੀਕ ਹੈ, ਝਾੜੂ ਦਾ ਪਰਚਮ ਫਿਰ ਅੰਬਰਾਂ ’ਚ ਲਹਿਰਾਏਗਾ’।
ਦੋਵਾਂ ਆਗੂਆਂ ਨੇ ਕਿਹਾ ਕਿ ਪਾਰਟੀ ਦਾ ਉਮੀਦਵਾਰ ਸੰਜੀਵ ਅਰੋੜਾ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ‘ਆਪ’ ਦੀਆਂ ਨੀਤੀਆਂ ਤੋਂ ਬਾਗੋਬਾਗ ਹਨ ਅਤੇ ਮੰਨਦੇ ਹਨ ਕਿ ਪੰਜਾਬ ਅੰਦਰ ਇਹ ਪਹਿਲੀ ਸਰਕਾਰ ਹੈ, ਜਿਸ ਨੇ ਲੋਕਾਂ ਦੀ ਨਬਜ਼ ਨੂੰ ਸਹੀ ਤਰੀਕੇ ਨਾਲ ਫੜ ਕੇ ਇਲਾਜ ਕੀਤਾ ਹੈ।
ਦੋਵਾਂ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਪੰਜਾਬ ਵਿੱਚ ਕਈ ਧੜੇ ਹਨ ਅਤੇ ਅੱਧੀ ਦਰਜਨ ਕਾਂਗਰਸੀ ਆਗੂ ਆਗ਼ਾਮੀ ਮੁੱਖ ਮੰਤਰੀ ਦੇ ਦਾਅਵੇਦਾਰ ਬਣੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ’ਚ ਭਾਰਤ ਭੂਸ਼ਣ ਆਸ਼ੂ ਦੀਆਂ ਲੱਤਾਂ ਖਿੱਚਣ ਵਾਲੇ ਵੀ ਵਥੇਰੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬਾਦਲ) ਕਦੋਂ ਦਾ ਆਪਣਾ ਜਨਤਕ ਆਧਾਰ ਗੁਆ ਚੁੱਕਾ ਹੈ, ਇਸ ਲਈ ਉਹ ਕਿਸੇ ਮੁਕਾਬਲੇ ’ਚ ਹੀ ਨਹੀਂ ਅਤੇ ਇਹੋ ਹਾਲਤ ਭਾਜਪਾ ਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੀ ਉੱਤਰ ਰਹੀ ਹੈ, ਇਸੇ ਲਈ ਲੋਕ ਇਸ ਵਿੱਚੋਂ ਆਪਣਾ ਭਵਿੱਖ ਤਲਾਸ਼ਦੇ ਹੋਏ ਪਿਆਰ ਕਰਦੇ ਹਨ। ਇਸ ਮੌਕੇ ਹਰਦੀਪ ਭੰਗਲ, ਰਾਜ ਸੋਨੀ, ਸੁਮਿਤ ਗਰੋਵਰ ਆਦਿ ਆਗੂ ਵੀ ਹਾਜ਼ਰ ਸਨ।