ਲੁਧਿਆਣਾ ’ਚ ਕਰੋਨਾ ਦੀ ਪਹਿਲੀ ਮਰੀਜ਼ ਨੇ ਪਾਈਆਂ ਭਾਜੜਾਂ

ਕਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਕਾਰਨ ਸੁੰਨਸਾਨ ਪਈ ਲੁਧਿਆਣਾ ਦੀ ਇੱਕ ਸੜਕ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 25 ਮਾਰਚ
ਸਨਅਤੀ ਸ਼ਹਿਰ ਲੁਧਿਆਣਾ ’ਚ ਬੀਤੀ ਰਾਤ ਕਰੋਨਾਵਾਇਰਸ ਤੋਂ ਪੀੜਤ ਔਰਤ ਮਰੀਜ਼ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਔਰਤ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਭਰਤੀ ਹੈ ਜਿੱਥੇ ਉਸ ਦੀ ਰਿਪਰੋਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਔਰਤ ਦਾ ਇਲਾਜ ਕਰਨ ਵਾਲੇ ਕੁਝ ਡਾਕਟਰਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਹੈ। ਇਹ ਔਰਤ ਲੁਧਿਆਣਾ ਦੇ ਸਟੀਲ ਵਪਾਰੀ ਦੀ ਪਤਨੀ ਹੈ ਤੇ ਖੁਦ ਬੁਟੀਕ ਚਲਾਉਂਦੀ ਹੈ। ਹਾਲੇ ਤੱਕ ਸਿਹਤ ਵਿਭਾਗ ਨੂੂੰ ਉਸ ਦੀ ਕਿਸੇ ਵਿਦੇਸ਼ ਯਾਤਰਾ ਦੇ ਵੇਰਵੇ ਨਹੀਂ ਮਿਲੇ ਹਨ, ਜਿਸ ਕਾਰਨ ਸਿਹਤ ਵਿਭਾਗ ਜ਼ਿਆਦਾ ਪ੍ਰੇਸ਼ਾਨ ਹੈ ਕਿ ਉਸ ਔਰਤ ਨੂੰ ਇਹ ਲਾਗ ਕਿੱਥੋਂ ਲੱਗੀ। ਔਰਤ ਦੇ ਪਤੀ, ਲੜਕੇ ਤੇ ਨੌਕਰਾਂ ਨੂੰ ਵੀ ਆਈਸੋਲੇਟ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਟੀਲ ਵਪਾਰੀ ਦੀ ਪਤਨੀ ਬੀਤੇ ਕੁਝ ਦਿਨਾਂ ਤੋਂ ਖੰਘ ਤੇ ਜ਼ੁਕਾਮ ਤੋਂ ਪ੍ਰੇਸ਼ਾਨ ਸੀ। ਉਨ੍ਹਾਂ ਦਾ ਇਲਾਜ ਡੀਐੱਮਸੀ ਹਸਪਤਾਲ ’ਚ ਚੱਲ ਰਿਹਾ ਸੀ। ਮੰਗਲਵਾਰ ਨੂੰ ਉਸ ਦਾ ਕਰੋਨਾ ਟੈਸਟ ਕੀਤਾ ਗਿਆ, ਜਿਸ ’ਚ ਕੁਝ ਹੱਦ ਤੱਕ ਸਾਫ਼ ਹੋ ਗਿਆ ਕਿ ਉਹ ਕਰੋਨਾ ਤੋਂ ਪ੍ਰਭਾਵਿਤ ਹੋ ਚੁੱਕੀ ਹੈ। ਉਸ ਦਾ ਇੱਕ ਸੈਂਪਲ ਜਾਂਚ ਲਈ ਪੁਣੇ ਭੇਜਿਆ ਗਿਆ ਸੀ ਤੇ ਉਹ ਪਾਜ਼ੇਟਿਵ ਆ ਚੁੱਕਿਆ ਹੈ। ਅਜਿਹੇ ’ਚ ਪ੍ਰਸ਼ਾਸਨ ਨੇ ਡੀਐੱਮਸੀ ਦੇ ਦੋ ਡਾਕਟਰਾਂ ਤੇ ਉਨ੍ਹਾਂ ਦੇ ਸਟਾਫ਼ ਤੇ ਪਰਿਵਾਰ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਨੂੰ ਪਹਿਲਾਂ ਔਰਤ ਦੇ ਕਰੋਨਾ ਪੀੜਤ ਹੋਣ ਦਾ ਸ਼ੱਕ ਨਹੀਂ ਸੀ। ਇਸ ਕਾਰਨ ਬਿਨਾਂ ਸੁਰੱਖਿਆ ਕਿੱਟਾਂ ਤੋਂ ਉਸ ਦਾ ਇਲਾਜ ਕੀਤਾ ਗਿਆ ਸੀ।

ਔਰਤ ਦੇ ਸੰਪਰਕ ਲੱਭ ਰਿਹਾ ਹੈ ਸਿਹਤ ਵਿਭਾਗ
ਸਿਹਤ ਵਿਭਾਗ ਔਰਤ ਨਾਲ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਲੱਭ ਰਿਹਾ ਹੈ। ਫਿਲਹਾਲ ਇਹ ਪਤਾ ਲੱਗਿਆ ਹੈ ਕਿ ਔਰਤ ਦਾ ਕੋਈ ਵਿਦੇਸ਼ ਯਾਤਰਾ ਦਾ ਇਤਿਹਾਸ ਨਹੀਂ ਹੈ ਪਰ ਕੁਝ ਲੋਕ ਇਹ ਵੀ ਦਾਅਵਾ ਕਰ ਰਹੇ ਹਨ ਕਿ ਉਹ ਔਰਤ ਦੋ-ਤਿੰਨ ਮਹੀਨੇ ਪਹਿਲਾਂ ਸਪੇਨ ਗਈ ਹੋਈ ਸੀ ਤੇ ਉਥੋਂ ਆਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਦੇ ਬੁਟੀਕ ’ਤੇ ਕਈ ਐੱਨਆਰਆਈ ਗਾਹਕਾਂ ਦਾ ਆਉਣਾ ਜਾਣਾ ਹੈ। ਹੁਣ ਸਿਹਤ ਵਿਭਾਗ ਦੇ ਅਧਿਕਾਰੀ ਇਸ ਦਾ ਸਾਰਾ ਡਾਟਾ ਚੈੱਕ ਕਰ ਰਹੇ ਹਨ।

ਹੋਲਾ ਮਹੱਲਾ ਜਾਣ ਵਾਲਿਆਂ ਦੀ ਭਾਲ ’ਚ ਪ੍ਰਸ਼ਾਸਨ
ਕਰੋਨਾ ਨੂੰ ਲੈ ਕੇ ਹੁਣ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਮੁਸੀਬਤਾਂ ਦਾ ਦੌਰ ਘੱਟ ਨਹੀਂ ਹੋ ਰਿਹਾ ਹੈ। ਹੁਣ ਸਿਹਤ ਵਿਭਾਗ ਦੇ ਅਧਿਕਾਰੀ ਪਿੰਡ ਪਿੰਡ ਜਾ ਕੇ ਹੋਲਾ ਮਹੱਲਾ ਅਨੰਦਪੁਰ ਸਾਹਿਬ ਜਾਣ ਵਾਲਿਆਂ ਦੀ ਭਾਲ ’ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਪਿੰਡਾਂ ’ਚ ਸੈਂਕੜੇ ਲੋਕ ਉਥੇ ਜਾ ਕੇ ਵਾਪਸ ਪਿੰਡ ਆ ਚੁੱਕੇ ਹਨ। ਅਜਿਹੇ ’ਚ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਜੋ ਵੀ ਅਜਿਹਾ ਵਿਅਕਤੀ ਮਿਲ ਰਿਹਾ ਹੈ, ਉਨ੍ਹਾਂ ਨੂੰ ਘਰਾਂ ’ਚ ਬੰਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਸਿਹਤ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।