ਲੀਹ ਤੋਂ ਹਟਵਾਂ ਨਾਵਲ

11505576cd _nachfaroshਪਰਗਟ ਸਿੰਘ ਸਤੌਜ ਹੁਣ ਤਕ ਇੱਕ ਕਹਾਣੀ-ਸੰਗ੍ਰਹਿ, ਇੱਕ ਕਾਵਿ ਪੁਸਤਕ, ਤਿੰਨ ਨਾਵਲ ਲਿਖ ਅਤੇ ਇੱਕ ਕਹਾਣੀ-ਸੰਗ੍ਰਹਿ ਦੀ ਸੰਪਾਦਨਾ ਕਰ ਚੁੱਕਾ ਹੈ। ਉਸ ਦਾ ਨਾਵਲ ‘ਤੀਵੀਆਂ’ 2012 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਹਾਸਲ ਕਰ ਚੁੱਕਾ ਹੈ।
‘ਨਾਚਫਰੋਸ਼’ (ਕੀਮਤ: 160 ਰੁਪਏ (ਪੇਪਰ ਬੈਕ); ਕੈਲੀਬਰ ਪਬਲੀਕੇਸ਼ਨਜ, ਪਟਿਆਲਾ) ਉਸ ਦਾ ਚੌਥਾ ਨਾਵਲ ਹੈ। ਇਹ ਨਾਵਲ ਮੁੱਖ ਰੂਪ ਵਿੱਚ ਆਰਕੈਸਟਰਾ ਦੇ ਧੰਦੇ ਨਾਲ ਜੁੜੀਆਂ ਲੜਕੀਆਂ ਦੀ ਜ਼ਿੰਦਗੀ ਦੇ ਕਰੂਰ ਯਥਾਰਥ ਉਪਰ ਕੇਂਦਰਿਤ ਹੈ। ਇਨ੍ਹਾਂ ਕੁੜੀਆਂ ਦੇ ਦਰਦ, ਮਜਬੂਰੀਆਂ ਤੇ ਬੇਵਸੀਆਂ ਤੋਂ ਪ੍ਰਭਾਵਿਤ ਹੋ ਕੇ ਹੋਂਦ ਵਿੱਚ ਆਇਆ ਹੈ। ਸਟੇਜੀ ਕਲਾਕਾਰਾਂ ਦੇ ਤੌਰ ’ਤੇ ਭਾਵੇਂ ਇਹ ਕੁੜੀਆਂ ਲਿਸ਼ਕੋਰਾਂ ਮਾਰਦੇ ਕਿਰਦਾਰ ਹਨ, ਪਰ ਇਨ੍ਹਾਂ ਦੀ ਅਸਲ ਜ਼ਿੰਦਗੀ ਦਾ ਸੱਚ ਬੇਹੱਦ ਕੌੜਾ ਹੈ। ਇਸ ਕਿੱਤੇ ਨੂੰ ਚਲਾਉਂਦੇ ਮਾਲਕ ਲੋਕ ਇਨ੍ਹਾਂ ਦੀਆਂ ਆਰਥਿਕ ਲਾਚਾਰੀਆਂ ਦਾ ਫਾਇਦਾ ਲੈਂਦਿਆਂ ਇਨ੍ਹਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕਰਦੇ ਹਨ। ਇਨ੍ਹਾਂ ਦੇ ਜਿਸਮਾਂ ਦੀ ਨੁਮਾਇਸ਼ ਲਗਾ ਕੇ ਅਤੇ ਦਲਾਲੀ ਕਰਕੇ ਮੋਟੀ ਕਮਾਈ ਕਰਦੇ ਹਨ। ਲੇਖਕ ਨੇ ਸੈਂਡੀ, ਚੈਰੀ, ਬਿੰਦੀਆ, ਸੋਨਮ ਆਦਿ ਵੱਖ ਵੱਖ ਕਿਰਦਾਰਾਂ ਰਾਹੀਂ ਇਸ ਸੱਚ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਕੋਈ ਕੁੜੀ ਤਾਂ ਭਾਵੇਂ ਆਪਣੇ ਪੁੱਠੇ ਸਿੱਧੇ ਸ਼ੌਕ ਪੂਰੇ ਕਰਨ ਲਈ ਇਸ ਦਾ ਹਿੱਸਾ ਬਣਦੀ ਹੈ, ਪਰ ਬਹੁਤੀਆਂ ਆਰਥਿਕ ਦੁਸ਼ਵਾਰੀਆਂ ਕਾਰਨ ਇਸ ਪਾਸੇ ਆਉਂਦੀਆਂ ਹਨ। ਸ਼ੁਰੂ ਸ਼ੁਰੂ ਵਿੱਚ ਹਰੇਕ ਕੁੜੀ ਲਈ ਇਹ ਧੰਦਾ ਵੱਡੇ ਆਕਰਸ਼ਣ ਦੀ ਵਜ੍ਹਾ ਬਣਦਾ ਹੈ, ਪਰ ਹੌਲੀ ਹੌਲੀ ਇਸ ਦੀ ਕੌੜੀ ਹਕੀਕਤ ਕਾਰਨ ਜ਼ਿੰਦਗੀ ਕੁਸੈਲੀ ਹੋਣ ਲੱਗਦੀ ਹੈ। ਇਨ੍ਹਾਂ ਡਾਂਸਰਾਂ ਨੂੰ ਪ੍ਰੋਗਰਾਮਾਂ ਵਿੱਚ ਸ਼ਰਾਬੀਆਂ ਦੀਆਂ ਨਾਜਾਇਜ਼ ਹਰਕਤਾਂ ਨੂੰ ਜਰਨਾ ਹੀ ਨਹੀਂ ਪੈਂਦਾ ਸਗੋਂ ਕਈ ਦਫ਼ਾ ਉਨ੍ਹਾਂ ਵੱਲੋਂ ਕੱਢੇ ਗਏ ਫਾਇਰ ਇਨ੍ਹਾਂ ਦੀ ਜਾਨ ਦਾ ਖੌਅ ਵੀ ਬਣ ਜਾਂਦੇ ਹਨ। ਘਰਾਂ ਨੂੰ ਵਸਾਉਣ ਦਾ ਸੁਪਨਾ ਪੂਰਾ ਕਰਨ ਲਈ ਅਕਸਰ ਧੋਖੇ ਦਾ ਸ਼ਿਕਾਰ ਹੁੰਦੀਆਂ ਹਨ। ਖ਼ੁਸ਼ੀ ਦੇ ਮੌਕਿਆਂ ਨੂੰ ਰੰਗੀਨ ਬਣਾਉਣ ਵਾਲੀਆਂ ਇਨ੍ਹਾਂ ਕੁੜੀਆਂ ਲਈ ਜ਼ਿੰਦਗੀ ਦੀ ਅਸਲ ਖ਼ੁਸ਼ੀ ਤਰਸੇਵਾਂ ਹੀ ਬਣੀ ਰਹਿੰਦੀ ਹੈ।
ਇਸ ਤੋਂ ਇਲਾਵਾ ਇਸ ਨਾਵਲ ਵਿੱਚ ਇਸ ਯਥਾਰਥ ਨੂੰ ਵੀ ਉਭਾਰਿਆ ਗਿਆ ਹੈ ਕਿ ਆਰਕੈਸਟਰਾ, ਗਾਇਕੀ ਦੇ ਕਿੱਤੇ ਲਈ ਵੀ ਸਰਾਪ ਬਣਿਆ ਹੈ। ਆਰਕੈਸਟਰਾ ਨੇ ਖ਼ੁਸ਼ੀ ਦੇ ਅਵਸਰਾਂ ’ਤੇ ਗਾਇਕਾਂ ਦੀ ਮੰਗ ਨੂੰ ਖੋਰਾ ਲਾਇਆ ਹੈ। ਨਾਵਲ ਦਾ ਵਿਸ਼ਾ ਲੀਹੋਂ ਹਟ ਕੇ ਨਵਾਂ ਹੈ। ਇਸ ਪਾਸੇ ਇਸ ਨਾਵਲ ਨੇ ਜੋ ਬਹਿਸ ਛੇੜੀ ਹੈ ਉਹ ਨਿਰਸੰਦੇਹ ਮਹੱਤਵਪੂਰਨ ਹੈ।

– ਡਾ. ਸੁਖਵਿੰਦਰ ਸਿੰਘ
ਸੰਪਰਕ: 94178-18095