ਲਾਭ ਸਿੰਘ ਚਾਤ੍ਰਿਕ ਯਾਦਗਾਰੀ ਇਨਾਮ ਜਸਵੀਰ ਝੱਜ ਨੂੰ ਮਿਲਿਆ
ਪੱਤਰ ਪ੍ਰੇਰਕ
ਦੋਰਾਹਾ, 11 ਮਾਰਚ
ਗਜ਼ਲਗੋ ਕ੍ਰਿਸ਼ਨ ਭਨੋਟ ਨੂੰ ਸਮਰਪਿਤ ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ ਸਾਲਾਨਾ ਸਮਾਗਮ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿਚ ਪ੍ਰੋ.ਗੁਰਭਜਨ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਰੰਭ ਗੁਰਸੇਵਕ ਢਿੱਲੋਂ ਦੇ ਗੀਤ ਨਾਲ ਹੋਇਆ। ਉਪਰੰਤ ਜ਼ੋਰਾਵਰ ਪੰਛੀ ਅਤੇ ਦਲਬੀਰ ਕਲੇਰ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਸਮਾਗਮ ਦੌਰਾਨ ਲਾਭ ਸਿੰਘ ਚਾਤ੍ਰਿਕ ਯਾਦਗਾਰੀ ਇਨਾਮ ਸਾਹਿਤਕਾਰ ਜਸਵੀਰ ਝੱਜ ਨੂੰ ਦਿੱਤਾ ਗਿਆ ਜਿਨ੍ਹਾਂ ਦੇ ਜੀਵਨ ਸਬੰਧੀ ਪਰਚਾ ਕਵਿੱਤਰੀ ਹਰਲੀਨ ਰਾਮਪੁਰ ਨੇ ਪੜ੍ਹਿਆ, ਕਾਮਰੇਡ ਰਣਧੀਰ ਸਿੰਘ ਯਾਦਗਾਰੀ ਪੁਰਸਕਾਰ ਸਵਰਨ ਪੱਲ੍ਹਾ ਨੂੰ ਸੌਂਪਿਆ ਜਿਨ੍ਹਾਂ ਦੇ ਜੀਵਨ ’ਤੇ ਪਰਚਾ ਨੀਤੂ ਰਾਮਪੁਰ ਨੇ ਪੜ੍ਹਿਆ ਅਤੇ ਮਾਸਟਰ ਕੇਸਰ ਸਿੰਘ ਗਰੇਵਾਲ ਯਾਦਗਾਰੀ ਨਾਲ ਸਨਮਾਨਿਤ ਜਗਜੀਤ ਗੁਰਮ ਦੇ ਜੀਵਨ ’ਤੇ ਪਰਚਾ ਅਮਰਿੰਦਰ ਸੋਹਲ ਨੇ ਪੜ੍ਹਿਆ। ਉਪਰੋਕਤ ਸਾਹਿਤਕਾਰਾਂ ਨੇ ਸਭਾ ਦਾ ਧੰਨਵਾਦ ਕਰਦਿਆਂ ਆਪਣੇ ਸਾਹਿਤਕ ਸਫਰ ਅਤੇ ਜੀਵਨ ਸਬੰਧੀ ਅਨੁਭਵ ਸਾਂਝੇ ਕੀਤੇ। ਇਨ੍ਹਾਂ ਸਨਮਾਨਾਂ ਸਬੰਧੀ ਜਾਣਕਾਰੀ ਦਿੰਦਿਆਂ ਸੁਖਮਿੰਦਰਪਾਲ ਸਿੰਘ ਗਰੇਵਾਲ ਅਤੇ ਸੁਖਦੇਵ ਸਿੰਘ ਮਾਂਗਟ ਨੇ ਲੇਖਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਪੜ੍ਹਨ ਦੀ ਸਲਾਹ ਦਿੱਤੀ। ਇਸ ਮੌਕੇ ਗੁਰਦਿਆਲ ਦਲਾਲ ਦੀ ਨਵੀਂ ਆਈ ਕਿਤਾਬ ‘ਪਾਪਾ ਮੈਂ ਹਿੰਦੋਸਤਾਨ ਲਉਂਗਾ’ ਸਭਾ ਵੱਲੋਂ ਲੋਕ ਅਰਪਣ ਕੀਤੀ ਗਈ। ਪਿੰਡ ਰਾਮਪੁਰ ਦੇ ਸਰਪੰਚ ਜਸਵੰਤ ਸਿੰਘ ਕਾਲਾ ਨੇ ਸਨਮਾਨਿਤ ਸਖਸ਼ੀਅਤਾਂ ਨੂੰ ਵਧਾਈ ਦਿੱਤੀ। ਪ੍ਰੋ.ਗੁਰਭਜਨ ਗਿੱਲ ਨੇ ਕਿਹਾ ਕਿ ਪੰਜਾਬੀ ਦੀ ਧਰਤੀ ਗਾਉਂਦੇ ਪੈਗੰਬਰ ਬਾਬੇ ਨਾਨਕ ਦੀ ਧਰਤੀ ਹੈ। ਮੰਚ ਸੰਚਾਲਨ ਅਮਰਿੰਦਰ ਸੋਹਲ ਨੇ ਕੀਤਾ। ਇਸ ਮੌਕੇ ਹਰਲੀਨ ਰਾਮਪੁਰ, ਜਗਜੀਤ ਗੁਰਮ, ਤਰਨਜੀਤ ਕੌਰ ਗਰੇਵਾਲ, ਪ੍ਰਤੀ ਸੰਦਲ, ਆਤਿਸ਼ ਪਾਇਲਵੀ, ਸ਼ੇਰ ਸਿੰਘ, ਗੁਰਦਿਆਲ ਦਲਾਲ, ਜਗਦੇਵ ਸਿੰਘ, ਮਨਜੀਤ ਘਣਗਸ, ਜਸਪਾਲ ਜੱਗਾ, ਦਲਬੀਰ ਕਲੇਰ, ਪ੍ਰਭਜੋਤ ਰਾਮਪੁਰ, ਹਰਬੰਸ ਸਿੰਘ ਰਾਏ, ਸਰਦਾਰ ਪੰਛੀ, ਇੰਦਰਜੀਤ ਸਿੰਘ, ਸੁਖਜੋਤ ਸਿੰਘ, ਪੰਮੀ ਹਬੀਬ, ਬਲਵੰਤ ਸਿੰਘ ਵਿਰਕ ਹਾਜ਼ਰ ਸਨ।