ਲਹਿਰਾਗਾਗਾ ’ਚ ਸਿਵਲ ਸਰਜਨ ਵੱਲੋਂ ਸੀਐੱਚਸੀ ਦਾ ਦੌਰਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਜੂਨ
ਸਿਵਲ ਸਰਜਨ ਡਾ. ਸੰਜੇ ਕਾਮਰਾ ਨੇ ਸੀ.ਐੱਚ.ਸੀ. ਲਹਿਰਾਗਾਗਾ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਵੀ ਸਨ। ਉਨ੍ਹਾਂ ਦੱਸਿਆ ਕਿ ਦੌਰੇ ਦਾ ਮੁੱਖ ਮਕਸਦ ਸਿਹਤ ਸੰਸਥਾ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਵਿਸਥਾਰਪੂਰਵਕ ਜਾਇਜ਼ਾ ਲੈਣਾ ਸੀ। ਡਾ. ਸੰਜੇ ਕਾਮਰਾ ਨੇ ਹਸਪਤਾਲ ਦੇ ਵੱਖ-ਵੱਖ ਵਿਭਾਗਾਂ- ਐਮਰਜੈਂਸੀ ਵਾਰਡ, ਓ.ਪੀ.ਡੀ., ਜ਼ੱਚਾ-ਬੱਚਾ ਵਾਰਡ ਆਦਿ ਦਾ ਨਿਰੀਖਣ ਕੀਤਾ। ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮਿਲ ਰਹੀਆਂ ਸੇਵਾਵਾਂ ਬਾਰੇ ਫੀਡਬੈਕ ਲਿਆ।
ਸਿਵਲ ਸਰਜਨ ਨੇ ਸਿਹਤ ਸਟਾਫ਼ ਡਾਕਟਰ, ਨਰਸਾਂ ਅਤੇ ਪੈਰਾ-ਮੈਡੀਕਲ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਰੀਜ਼ਾਂ ਦੀ ਬਿਹਤਰ ਦੇਖਭਾਲ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਹਸਪਤਾਲ ਦੀ ਸਫ਼ਾਈ ਵਿਵਸਥਾ, ਦਵਾਈਆਂ ਦੀ ਉਪਲਬਧਤਾ ਅਤੇ ਮੈਡੀਕਲ ਉਪਕਰਨਾਂ ਦੀ ਕਾਰਜਸ਼ੀਲਤਾ ਦਾ ਵੀ ਬਾਰੀਕੀ ਨਾਲ ਜਾਇਜ਼ਾ ਲਿਆ।
ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਾਈਪਰਟੈਂਸ਼ਨ ਜਾਗਰੂਕਤਾ ਤੇ ਚੈੱਕਅੱਪ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ 30 ਸਾਲ ਤੋਂ ਵਧੇਰੇ ਉਮਰ ਦੇ ਵੱਧ ਤੋਂ ਵੱਧ ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗੈਰ-ਸੰਚਾਰੀ ਬਿਮਾਰੀਆਂ ਨੂੰ ਮੁੱਢਲੇ ਪੱਧਰ ’ਤੇ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਗੈਰ-ਸੰਚਾਰੀ ਬਿਮਾਰੀਆਂ ਨਾਲ ਹੋਣ ਵਾਲੇ ਜਾਨੀ ਨੁਕਸਾਨ ਨੂੰ ਵੱਡੇ ਪੱਧਰ ’ਤੇ ਘਟਾਇਆ ਜਾ ਸਕਦਾ ਹੈ।
ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਰਜਸ਼ੀਲ ਰਹਿਣ ਅਤੇ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੰਗਰੂਰ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੇ ਬਾਂਸਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਰਨੈਲ ਸਿੰਘ ਅਤੇ ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ ਵੀ ਮੌਜੂਦ ਸਨ।