ਲਲਹੇੜੀ ’ਚ ਡਾ.ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਅਪਰੈਲ
ਇਥੋਂ ਦੇ ਨੇੜਲੇ ਪਿੰਡ ਲਲਹੇੜੀ ਵਿਖੇ ਗਰੀਬਾਂ ਦੇ ਮਸੀਹਾ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਅਰਥ ਸਾਸ਼ਤਰੀ, ਕਾਨੂੰਨ ਦੇ ਮਾਹਿਰ ਲੇਖਕ, ਸਮਾਜ ਸੁਧਾਰਕ ਅਤੇ ਭਾਰਤ ਰਤਨ ਡਾ.ਭੀਮ ਰਾਓ ਅੰਬੇਦਕਰ ਦਾ 134ਵਾਂ ਜਨਮ ਦਿਹਾੜਾ ਕਰਮ ਸਿੰਘ ਦੀ ਅਗਵਾਈ ਹੇਠਾਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਉਨ੍ਹਾਂ ਡਾ.ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸਦੀਆਂ ਤੋਂ ਲਤਾੜੇ ਦਲਿਤ ਅਤੇ ਸ਼ੋਸ਼ਿਤ ਵਰਗ ਨੂੰ ਉੱਪਰ ਚੁੱਕਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ਅਤੇ ਪੈਰਾਂ ਦੀ ਜੁੱਤੀ ਸਮਝੀ ਜਾਂਦੀ ਭਾਰਤੀ ਔਰਤ ਨੂੰ ਬਰਾਬਰੀ ਦੇ ਹੱਕ ਲੈ ਕੇ ਦਿੱਤੇ। ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਸਾਹਿਬ ਦੇ ਯਤਨਾਂ ਸਦਕਾ ਹੀ ਹਰ ਵਰਗ ਸਮਾਜ ਵਿਚ ਬਰਾਬਰੀ ਦੇ ਹੱਕ ਲੈ ਕੇ ਆਪਣੀ ਜੀਵਨ ਬਤੀਤ ਕਰ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਬਾਬਾ ਅੰਬੇਦਕਰ ਦੇ ਜੀਵਨ ਤੋਂ ਸੇਧ ਲੈ ਕੇ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮਸੇਰ ਸਿੰਘ ਸ਼ੇਰੀ, ਬਲਵਿੰਦਰ ਸਿੰਘ ਕਾਲਾ, ਰਜਿੰਦਰ ਸਿੰਘ, ਭਰਪੂਰ ਸਿੰਘ, ਰਾਜਵੀਰ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਸੁਖਵੀਰ ਸਿੰਘ, ਡੋਗਰ ਸਿੰਘ ਤੇ ਹੋਰ ਹਾਜ਼ਰ ਸਨ।