ਲੜਕੀਆਂ ਦੇ ਸਕੂਲ ਵਿੱਚ ਟ੍ਰੈਫਿਕ ਜਾਗਰੂਕਤਾ ਕੈਂਪ
ਪੱਤਰ ਪ੍ਰੇਰਕ
ਪਠਾਨਕੋਟ, 31 ਜਨਵਰੀ
ਲਾਇਨਜ਼ ਕਲੱਬ ਪਠਾਨਕੋਟ ਵੱਲੋਂ ਪ੍ਰਧਾਨ ਡਾ. ਐੱਮਐੱਲ ਅੱਤਰੀ ਦੀ ਅਗਵਾਈ ਹੇਠ ਸਥਾਨਕ ਲੜਕੀਆਂ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਟ੍ਰੈਫਿਕ ਜਾਗਰੂਕਤਾ ਮੁਹਿੰਮ ਦੇ ਆਖਰੀ ਦਿਨ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜਗਜੀਤ ਸਿੰਘ, ਪ੍ਰਿੰਸੀਪਲ ਮਧੂ ਸਲਾਰੀਆ, ਪੰਕਜ ਸ਼ਰਮਾ, ਨਰਿੰਦਰ ਗੁਪਤਾ, ਰੋਮੀ ਵਡੈਹਰਾ ਅਤੇ ਹੋਰ ਆਗੂ ਹਾਜ਼ਰ ਸਨ।
ਇਸ ਮੌਕੇ ਡਾ. ਐੱਮਐੱਲ ਅੱਤਰੀ ਅਤੇ ਟ੍ਰੈਫਿਕ ਮਾਰਸ਼ਲ ਵਿਜੈ ਪਾਸੀ ਨੇ ਸਾਂਝੇ ਤੌਰ ’ਤੇ ਹਾਜ਼ਰ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ, ‘ਅਸੀਂ ਸੜਕ ’ਤੇ ਤੁਰਦੇ ਸਮੇਂ ਸੁਰੱਖਿਅਤ ਤਾਂ ਹੀ ਰਹਿ ਸਕਦੇ ਹਾਂ ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੀਏ।’ ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਜ਼ਿਆਦਾਤਰ ਮੌਤਾਂ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਹਨ, ਇਸ ਲਈ ਸਾਨੂੰ ਸੜਕ ’ਤੇ ਗੱਡੀ ਚਲਾਉਂਦੇ ਸਮੇਂ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਆਪਣੇ ਡਰਾਈਵਿੰਗ ਲਾਇਸੈਂਸ ਬਣਵਾਉਣ ਅਤੇ ਨਿਰਧਾਰਤ ਉਮਰ ਦੇ ਅੰਦਰ ਹੀ ਵਾਹਨ ਚਲਾਉਣ। ਅੰਤ ਵਿੱਚ ਪ੍ਰਿੰਸੀਪਲ ਮਧੂ ਸਲਾਰੀਆ ਨੇ ਸਕੂਲ ਵਿੱਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਲਾਇਨਜ਼ ਕਲੱਬ ਦੇ ਆਗੂਆਂ ਦਾ ਧੰਨਵਾਦ ਕੀਤਾ।