ਲਗਾਤਾਰ ਪੈ ਰਹੀ ਗਰਮੀ ਕਾਰਨ ਲੋਕ ਬਿਮਾਰ ਹੋਣ ਲੱਗੇ
ਪੱਤਰ ਪ੍ਰੇਰਕ
ਮਾਨਸਾ, 8 ਜੂਨ
ਮਾਲਵਾ ਪੱਟੀ ਵਿਚ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਲੂ ਲੱਗਣ ਕਾਰਨ ਲੋਕ ਟੱਟੀਆਂ, ਉਲਟੀਆਂ, ਪੇਟ ਦਰਦ, ਸਿਰ ਦਰਦ ਦਾ ਸ਼ਿਕਾਰ ਹੋਣ ਲੱਗੇ ਹਨ। ਇਹਨਾਂ ਬਿਮਾਰੀਆਂ ਤੋਂ ਪੀੜਤ ਗਰੀਬ ਤੇ ਆਮ ਪੇਂਡੂ ਲੋਕ ਸਰਕਾਰੀ ਹਸਪਤਾਲਾਂ ਦਾ ਸਹਾਰਾ ਲੱਭਣ ਲੱਗੇ ਹਨ। ਛੋਟੀਆਂ ਉਗਰਦੀਆਂ ਫਸਲਾਂ ਮੱਚਣ ਲੱਗੀਆਂ ਹਨ, ਜਿਸ ਨੂੰ ਬਚਾਉਣ ਲਈ ਕਿਸਾਨਾਂ ਨੇ ਪਾਣੀ ਦੇਣਾ ਆਰੰਭ ਕਰ ਦਿੱਤਾ ਹੈ। ਮਾਲਵਾ ਖੇਤਰ ਦੇ ਮਾਨਸਾ ਤੇ ਬਠਿੰਡਾ ਸਣੇ ਬਹੁਤ ਜ਼ਿਲ੍ਹਿਆਂ ਦਾ ਤਾਪਮਾਨ ਅੱਜ 43 ਡਿਗਰੀ ਤੋਂ ਵੱਧ ਰਿਹਾ ਹੈ, ਜਦੋਂ ਕਿ ਭਲਕੇ ਹੋਰ ਵੀ ਵੱਧਣ ਦਾ ਖਦਸ਼ਾ ਹੈ।
ਇਸੇ ਦੌਰਾਨ ਖੇਤੀਬਾੜੀ ਮਹਿਕਮੇ ਵਲੋਂ ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਲਗਾਤਾਰ ਪਾਣੀ ਦੇਣ ਦਾ ਸੱਦਾ ਦਿੱਤਾ ਗਿਆ ਹੈ। ਮਹਿਕਮੇ ਦਾ ਕਹਿਣਾ ਹੈ ਕਿ ਤਾਪਮਾਨ ਜ਼ਿਆਦਾ ਹੋਣ ਕਾਰਨ ਨਿੱਕੀਆਂ ਫਸਲਾਂ ਤੋਂ ਗਰਮੀ ਸਹਾਰੀ ਨਹੀ ਜਾ ਰਹੀ ਹੈ, ਜਿਸ ਕਾਰਨ ਉਹ ਦਮ ਤੋੜਨ ਲੱਗੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵਲੋਂ ਲਗਾਤਾਰ ਸਬਜੀਆਂ, ਪਸ਼ੂਆਂ ਦਾ ਹਰਾ-ਚਾਰਾ ਨੂੰ ਪਾਣੀ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ।
ਮੌਸਮ ਵਿਭਾਗ ਨੇ ਅੱਜ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਕੱਲ੍ਹ ਸੋਮਵਾਰ ਹੀਟ ਵੇਵ ਦੀ ਓਰੇਂਜ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਮਹਿਕਮੇ ਦੇ ਅਨੁਸਾਰ ਅੱਜ 8 ਜੂਨ ਨੂੰ ਮਾਲਵਾ ਖੇਤਰ ਦੇ ਮਾਨਸਾ, ਬਠਿੰਡਾ, ਮੋਗਾ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਸਾਹਿਬ, ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਹੀਟ ਵੇਵ ਬਾਰੇ ਯੈਲੋ ਚਿਤਾਵਨੀ ਜਾਰੀ ਕੀਤੀ ਗਈ ਹੈ, ਜਦੋਂ ਕਿ ਭਲਕੇ 9, 10 ਜੂਨ ਨੂੰ ਇਨ੍ਹਾਂ ਹੀ ਜ਼ਿਲ੍ਹਿਆਂ ਵਿੱਚ ਓਰੇਂਜ ਚਿਤਾਵਨੀ ਲਾਗੂ ਰਹੇਗੀ। 11 ਜੂਨ ਨੂੰ ਕੁਝ ਰਾਹਤ ਮਿਲਣ ਦੇ ਸੰਕੇਤ ਹਨ।
ਉਧਰ ਮਾਲਵਾ ਪੱਟੀ ਦੇ ਇਸ ਖੇਤਰ ਦਾ ਆਮ ਤਾਪਮਾਨ ਰਾਜ ਦੇ ਹੋਰਨਾਂ ਭਾਗਾਂ ਨਾਲੋਂ ਵੈਸੇ ਵੱਧ ਰਹਿੰਦਾ ਹੈ, ਜਿਸ ਕਰਕੇ ਗਰਮੀ ਦੇ ਦਿਨਾਂ ’ਚ ਇਥੇ ਮਰੀਜ਼ਾਂ ਦੀ ਗਿਣਤੀ ਵੀ ਦੂਸਰੇ ਹਿੱਸਿਆਂ ਮੁਕਾਬਲੇ ਵਧਣ ਲੱਗੀ ਹੈ। ਮਾਨਸਾ ਦੇ ਸਿਵਲ ਹਸਪਤਾਲ ਵਿਚ ਪਿੰਡਾਂ ’ਚੋਂ ਆਉਣ ਵਾਲੇ ਮਰੀਜ਼ਾਂ ਨੂੰ ਖਾਰਸ਼, ਗਲਾ ਖਰਾਬ, ਅੱਖਾਂ ਖਰਾਬ, ਬੁਖਾਰ, ਪੇਟ ਇਨਫੈਕਸ਼ਨ, ਉਲਟੀਆਂ-ਟੱਟੀਆਂ, ਮਲੇਰੀਆ, ਟਾਈਫਾਈਡ, ਪੀਲੀਆ ਅਤੇ ਫੋੜੇ-ਫਿਨਸੀਆਂ ਦੀਆਂ ਪ੍ਰੇਸ਼ਾਨੀ ਹੈ। ਸਿਵਲ ਹਪਸਤਾਲ ਮਾਨਸਾ ਦੇ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਗਰਮੀ ਦੇ ਸਿਖ਼ਰ ਦੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਪ੍ਰਹੇਜ਼ ਕਰੋ, ਰਸੋਈ ਦੇ ਖੇਤਰ ਨੂੰ ਚੰਗੀ ਤਰ੍ਹਾਂ ਹਵਾਦਾਰ ਕਰਨ ਲਈ ਦਰਵਾਜ਼ੇ ਤੇ ਖਿੜਕੀਆਂ ਖੁੱਲੀਆਂ ਰੱਖੋ। ਉਨ੍ਹਾਂ ਕਿਹਾ ਕਿ ਸਿਗਰਟ, ਤੰਬਾਕੂ, ਬੀੜੀ ਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ, ਜਦੋਂ ਕਿ ਚਾਹ, ਕੌਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਤਲੇ ਅਤੇ ਬਾਹਰਲੇ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ।
ਕੈਪਸ਼ਨ: ਮਾਨਸਾ ਵਿੱਚ ਡਾ. ਰਣਜੀਤ ਸਿੰਘ ਰਾਏ ਇੱਕ ਬੁਜ਼ਰਗ ਮਾਈ ਦਾ ਮੁਆਇਨਾ ਕਰਦੇ ਹੋਏ।- ਫੋਟੋ: ਮਾਨ