ਲਖਨੌਰ ਚੋਅ ਦੀ ਸਫ਼ਾਈ ਲਈ ਡਿਪਟੀ ਮੇਅਰ ਨੇ ਆਪਣੇ ਖਰਚੇ ’ਤੇ ਲਗਵਾਈ ਜੇਸੀਬੀ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 3 ਜੁਲਾਈAdvertisement
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਖਨੌਰ ਚੋਅ ਦੀ ਸਫ਼ਾਈ ਲਈ ਅੱਜ ਆਪਣੇ ਪੱਲਿਉਂ ਪੈਸੇ ਖਰਚ ਕੇ ਜੇਸੀਬੀ ਲਗਾ ਦਿੱਤੀ। ਇਸ ਚੋਅ ਵਿੱਚ ਮੁਹਾਲੀ ਦੇ ਫੇਜ਼ 3,4,5,3ਬੀ2, ਸੈਕਟਰ 71 ਅਤੇ ਪਿੰਡ ਮਟੌਰ ਸਮੇਤ ਕਈ ਇਲਾਕਿਆਂ ਦਾ ਬਰਸਾਤੀ ਪਾਣੀ ਆ ਕੇ ਡਿੱਗਦਾ ਹੈ। ਚੋਅ ਤੋਂ ਨਾਲੇ ਤੱਕ ਵੱਡੀ ਮਾਤਰਾ ਵਿਚ ਘਾਹ-ਫੂਸ, ਝਾੜੀਆਂ ਪਾਣੀ ਦੇ ਨਿਕਾਸ ਵਿਚ ਅੜਿੱਕਾ ਬਣਦੀਆਂ ਹਨ।
ਸ੍ਰੀ ਬੇਦੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਲਖਨੌਰ ਚੋਅ ਤੋਂ ਨਿਕਾਸੀ ਨਾਲੇ ਤੱਕ ਦੇ ਖੇਤਰ ਦੀ ਲੰਮੇ ਸਮੇਂ ਵਿਚ ਸਫ਼ਾਈ ਨਾ ਹੋਣ ਕਾਰਨ ਇਹ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਥੋੜਾ ਜਿਹਾ ਮੀਂਹ ਪੈਣ ਨਾਲ ਸ਼ਹਿਰ ਦੇ ਉਪਰੋਕਤ ਖੇਤਰਾਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਡਿਪਟੀ ਕਮਿਸ਼ਨਰ ਨੂੰ ਵੀ ਲਿਖਤੀ ਰੂਪ ਵਿੱਚ ਦਰਖਾਸਤ ਦੇ ਕੇ ਆਏ ਸਨ ਪਰ ਡਰੇਨੇਜ਼ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਫ਼ਾਈ ਲਈ ਅਮਲੀ ਤੌਰ ’ਤੇ ਕੁਝ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਖ਼ੁਦ ਹੀ ਮਸ਼ੀਨ ਮੰਗਵਾਉਣੀ ਪਈ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਹੋਰਨਾਂ ਥਾਵਾਂ ’ਤੇ ਮੌਜੂਦ ਸਮੱਸਿਆ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਇਸ ਨਾਲ ਲੋਕਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਮੱਦਦ ਨਾਲ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।