ਰੱਬੀ ਬੈਰੋਂਪੁਰੀ ਦੀ ਯਾਦ ’ਚ ਸਾਹਿਤਕ ਅਤੇ ਸੱਭਿਆਚਾਰਕ ਮੇਲਾ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 9 ਜੂਨ
ਪੁਆਧ ਦੇ ਨਾਮਵਰ ਪੰਜਾਬੀ ਅਖਾੜਾ ਗਾਇਕ ਅਤੇ ਲੇਖਕ ਰੱਬੀ ਬੈਰੋਂਪੁਰੀ ਟਿਵਾਣਾ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਚੌਥਾ ਸਾਹਿਤਕ ਅਤੇ ਸੱਭਿਆਚਾਰਕ ਮੇਲਾ, ਪਿੰਡ ਬੈਰੋਂਪੁਰ (ਭਾਗੋਮਾਜਰਾ) ਵਿੱਚ ਕਰਵਾਇਆ ਗਿਆ। ਇਸ ਮੌਕੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਡਾ. ਗੁਰਮੀਤ ਸਿੰਘ ਬੈਦਵਾਣ, ਸੇਵਾਮੁਕਤਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ, ਗੀਤਕਾਰ ਫ਼ਕੀਰ ਮੌਲੀ ਵਾਲਾ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੁਹਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਦੌਰਾਨ ਨਾਵਲਕਾਰ ਜਸਬੀਰ ਸਿੰਘ ਮੰਡ, ਅਦਾਕਾਰ ਮਲਕੀਤ ਸਿੰਘ ਰੌਣੀ, ਸਮਾਜ ਸੇਵੀ ਅਤੇ ਪ੍ਰਭ ਆਸਰਾ ਟਰੱਸਟ ਦੇ ਸੰਚਾਲਕ ਸ਼ਮਸ਼ੇਰ ਸਿੰਘ ਪਡਿਆਲਾ ਤੇ ਖਿਡਾਰਨ ਜੁਆਏ ਬੈਦਵਾਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਰੱਬੀ ਬੈਰੋਂਪੁਰੀ ਦੇ ਭਰਾ ਸਾਬਕਾ ਚੇਅਰਮੈਨ ਰੇਸ਼ਮ ਸਿੰਘ, ਅਵਤਾਰ ਸਿੰਘ, ਭਤੀਜੇ ਹਰਪ੍ਰੀਤ ਸਿੰਘ ਬਿੱਲੂ ਤੇ ਪੋਤਰੀ ਮਨਦੀਪ ਕੌਰ ਟਿਵਾਣਾ ਨੇ ਸਨਮਾਨ ਦੀ ਰਸਤ ਨਿਭਾਈ। ਦਵਿੰਦਰ ਸਿੰਘ ਜੁਗਨੀ ਦੀ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਪੁਆਧੀ ਅਦਾਕਾਰਾ ਮੋਹਣੀ ਤੂਰ ਦੀ ਜੁਗਨੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਸਾਈਂ ਸਕੇਤੜੀ ਵੱਲੋਂ ਮੰਚ ਸੰਚਾਲਨ ਕੀਤਾ ਗਿਆ।