ਰੰਜਿਸ਼ ਕਾਰਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਗੁਰਬਖਸ਼ਪੁਰੀ
ਤਰਨ ਤਾਰਨ, 4 ਫਰਵਰੀ
ਇਲਾਕੇ ਦੇ ਪਿੰਡ ਪੰਡੋਰੀ ਗੋਲਾ ਦੇ 20 ਸਾਲਾ ਨੌਜਵਾਨ ਦਾ ਬੀਤੀ ਰਾਤ ਦੋ ਜਣਿਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ| ਝਬਾਲ ਪੁਲੀਸ ਨੇ ਪੰਡੋਰੀ ਗੋਲਾ ਵਾਸੀ ਅਨਮੋਲਦੀਪ ਸਿੰਘ ਤੇ ਕੋਟ ਧਰਮ ਚੰਦ ਕਲਾਂ ਵਾਸੀ ਸੰਦੀਪ ਸਿੰਘ ਨੂੰ ਨਾਮਜ਼ਦ ਕੀਤਾ ਹੈ| ਪੁਲੀਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ ਬਰਾਮਦ ਕਰ ਲਿਆ ਹੈ|
ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਬੀਤੀ ਸ਼ਾਮ ਸਤਨਾਮ ਸਿੰਘ ਨੂੰ ਘਰੋਂ ਬੁਲਾ ਕੇ ਮੋਟਰਸਾਈਕਲ ਤੇ ਕੋਟ ਧਰਮ ਚੰਦ ਕਲਾਂ ਲੈ ਗਏ। ਉੱਥੇ ਜਾ ਕੇ ਉਨ੍ਹਾਂ ਨੇ ਸਤਨਾਮ ਨੂੰ ਗੋਲੀ ਮਾਰਨ ਉਪਰੰਤ ਤਰਨ ਤਾਰਨ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾ ਦਿੱਤਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਮੁਲਜ਼ਮ ਉਥੋਂ ਫ਼ਰਾਰ ਹੋ ਗਏ| ਉਨ੍ਹਾਂ ਦੱਸਿਆ ਸਤਨਾਮ ਸਿੰੰਘ ਡੇਢ ਸਾਲ ਪਹਿਲਾਂ ਬਹਿਰੀਨ ਚਲਾ ਗਿਆ। ਉਹ ਚਾਰ ਮਹੀਨੇ ਪਹਿਲਾਂ ਹੀ ਵਾਪਸ ਆਇਆ ਸੀ ਤੇ ਹੁਣ ਵਾਪਸ ਉੱਥੇ ਜਾਣ ਦੀ ਤਿਆਰੀ ਕਰ ਰਿਹਾ ਸੀ। ਡੀਐੱਸਪੀ ਕਮਲਮੀਤ ਸਿੰਘ ਨੇ ਕਿਹਾ ਕਿ ਕਿਸੇ ਗੱਲ ਤੋਂ ਅਨਮੋਲਦੀਪ ਸਿੰਘ ਅਤੇ ਸਤਨਾਮ ਸਿੰਘ ਦਰਮਿਆਨ ਰੰਜਿਸ਼ ਸੀ| ਇਸ ਕਾਰਨ ਉਹ ਆਪਣੇ ਰਿਸ਼ਤੇਦਾਰ ਸੰਦੀਪ ਸਿੰਘ ਨੂੰ ਨਾਲ ਲੈ ਕੇ ਸਤਨਾਮ ਸਿੰਘ ਕੋਟ ਧਰਮ ਚੰਦ ਕਲਾਂ ਲੈ ਆਇਆ ਜਿੱਥੇ ਉਸ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ|