ਰੰਜਿਸ਼ ਕਾਰਨ ਦੋ ਗੁੱਟਾਂ ਨੇ ਇੱਕ-ਦੂਜੇ ’ਤੇ ਗੋਲੀਆਂ ਚਲਾਈਆਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਫਰਵਰੀ
ਸਨਅਤੀ ਸ਼ਹਿਰ ਦੇ ਦੁਗਰੀ ਦੇ ਭਾਈ ਜੈਤਾ ਚੌਕ ਇਲਾਕੇ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਜਾਣਕਾਰੀ ਮੁਤਾਬਕ ਦੋਵੇਂ ਗੁੱਟਾਂ ਦੇ ਮੈਂਬਰਾਂ ਵਿੱਚ ਪਹਿਲਾਂ ਬਹਿਸ ਅਤੇ ਫਿਰ ਹੱਥੋਪਾਈ ਹੋ ਗਈ ਜਿਸ ਤੋਂ ਬਾਅਦ ਦੋਵਾਂ ਗੁੱਟਾਂ ਨੇ ਇੱਕ ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਆਪਣੇ-ਆਪ ਨੂੰ ਬਚਾਉਣ ਲਈ ਇਧਰ-ਉੱਧਰ ਭੱਜਣ ਲੱਗੇ। ਇੱਕ ਗੋਲੀ ਇੱਕ ਨੌਜਵਾਨ ਦੇ ਪੱਟ ਵਿੱਚ ਲੱਗੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੇ ਦੋਸਤ ਉਸਨੂੰ ਡੀਐੱਮਸੀ ਹਸਪਤਾਲ ਇਲਾਜ ਲਈ ਤੁਰੰਤ ਲੈ ਗਏ। ਜ਼ਖਮੀ ਨੌਜਵਾਨ ਦੀ ਪਛਾਣ ਦੁੱਗਰੀ ਦੇ ਰਹਿਣ ਵਾਲੇ ਅਭਿਜੀਤ ਸਿੰਘ ਮੰਡ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਦੁੱਗਰੀ ਪੁਲੀਸ ਥਾਣੇ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਨੂੰ ਦੁੱਗਰੀ ਦੇ ਭਾਈ ਜੈਤਾ ਚੌਕ ’ਚ ਪੁਰਾਣੀ ਦੁਸ਼ਮਣੀ ਕਾਰਨ ਦੋ ਗੁੱਟ ਇਕੱਠੇ ਹੋ ਗਏ। ਕੁਝ ਨੌਜਵਾਨ ਕਾਰ ਵਿੱਚ ਆਏ ਅਤੇ ਕੁਝ ਮੋਟਰਸਾਈਕਲ ’ਤੇ। ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਇੱਕ ਨੌਜਵਾਨ ਨੇ ਆਪਣੇ ਕੋਲ ਰੱਖੇ ਹਥਿਆਰ ਨਾਲ ਗੋਲੀਆਂ ਚਲਾ ਦਿੱਤੀਆਂ। ਇੱਕ-ਇੱਕ ਕਰਕੇ ਦੋ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ’ਚੋਂ ਇੱਕ ਗੋਲੀ ਅਭਿਜੀਤ ਦੇ ਪੱਟ ਵਿੱਚ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉੱਥੇ ਹੀ ਡਿੱਗ ਪਿਆ। ਜਿਵੇਂ ਹੀ ਉਹ ਡਿੱਗਿਆ ਤਾਂ ਦੂਜੇ ਗੁੱਟ ਦੇ ਨੌਜਵਾਨ ਉੱਥੋਂ ਭੱਜ ਗਏ ਜਦੋਂਕਿ ਅਭਿਜੀਤ ਦੇ ਦੋਸਤ ਉਸਨੂੰ ਇਲਾਜ ਲਈ ਮੋਟਰ ਸਾਈਕਲ ’ਤੇ ਡੀਐੱਮਸੀ ਹਸਪਤਾਲ ਲੈ ਗਏ।
ਦੁੱਗਰੀ ਪੁਲੀਸ ਥਾਣੇ ਦੇ ਐੱਸਐੱਚਓ ਸਬ ਇੰਸਪੈਕਟਰ ਨਰਪਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਡਾਕਟਰਾਂ ਨੇ ਅਭਿਜੀਤ ਦਾ ਬਿਆਨ ਦਰਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।