For the best experience, open
https://m.punjabitribuneonline.com
on your mobile browser.
Advertisement

ਰੰਗਲਾ ਖ਼ੁਆਬ: ਮੁਫ਼ਤ ਦੀ ਗੋਲੀ ਦੀ ਚਾਟ ’ਤੇ ਲੱਗੇ ਪੰਜਾਬੀ!

05:44 AM Jun 09, 2025 IST
ਰੰਗਲਾ ਖ਼ੁਆਬ  ਮੁਫ਼ਤ ਦੀ ਗੋਲੀ ਦੀ ਚਾਟ ’ਤੇ ਲੱਗੇ ਪੰਜਾਬੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 8 ਜੂਨ
ਪੰਜਾਬ ਵਿੱਚ ਨਸ਼ਿਆਂ ਦੀ ਤੋਟ ਦੇ ਭੰਨੇ ਹੁਣ ‘ਗੋਲੀ’ ਦੀ ਚਾਟ ’ਤੇ ਲੱਗ ਗਏ ਹਨ। ਓਟ ਕਲੀਨਿਕਾਂ ਵਿੱਚ ਭੀੜ ਵਧੀ ਹੈ ਅਤੇ ਸਭ ਨੂੰ ਇੱਕੋ ਭਾਲ ਹੈ ਕਿ ‘ਮੁਫ਼ਤ ਦੀ ਗੋਲੀ’ ਮਿਲ ਜਾਏ। ਨਸ਼ਾ ਛੁਡਾਉਣ ਵਾਸਤੇ ਵਰਤੀ ਜਾਂਦੀ ‘ਗੋਲੀ’ ਨੂੰ ਨਸ਼ੇੜੀ ਨਸ਼ੇ ਦੇ ਬਦਲ ਵਜੋਂ ਲੈ ਰਹੇ ਹਨ। ਲੰਘੇ ਦੋ-ਤਿੰਨ ਮਹੀਨਿਆਂ ਵਿੱਚ ਹੀ ਓਟ ਕਲੀਨਿਕਾਂ ’ਚ ਇਸ ਗੋਲੀ ਦੀ ਖ਼ਪਤ ਵਧੀ ਹੈ। ਜਨਵਰੀ ਵਿੱਚ 88 ਲੱਖ ਗੋਲੀਆਂ ਦੀ ਖ਼ਪਤ ਸੀ ਜੋ ਕਿ ਮਈ ਵਿੱਚ ਵਧ ਕੇ 91 ਲੱਖ ਹੋ ਗਈ। ਓਟ ਕਲੀਨਿਕਾਂ ਵਿੱਚ ਡਾਕਟਰਾਂ ਵੱਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ ਬੁਪਰੋਨੌਰਫਿਨ, ਨਾਲੇਕਸਨ, ਟਰੈਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ।
ਸਿਹਤ ਵਿਭਾਗ ਵੱਲੋਂ ਓਟ ਕਲੀਨਿਕਾਂ ਵਿੱਚ ‘ਬੁਪਰੋਨੌਰਫਿਨ’ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ ’ਤੇ ਹੀ ਲੱਗ ਗਏ ਹਨ। ਪੰਜਾਬ ਵਿੱਚ ਇਹ ‘ਮੁਫ਼ਤ ਦੀ ਗੋਲੀ’ ਵਜੋਂ ਮਸ਼ਹੂਰ ਹੈ। ਵੱਡੀ ਗੱਲ ਇਹ ਕਿ ਹੁਣ ਓਟ ਕਲੀਨਿਕਾਂ ਵਿੱਚ ਰਜਿਸਟਰਡ ਮਰੀਜ਼ਾਂ ਦੇ ਅੰਕੜੇ ਨੇ ਪੁਰਾਣੇ ਸਭ ਰਿਕਾਰਡ ਤੋੜ ਦਿੱਤੇ ਹਨ। ‘ਆਪ’ ਸਰਕਾਰ ਦੇ ਪਹਿਲੇ ਵਰ੍ਹੇ 2022 ਦੌਰਾਨ ਓਟ ਕਲੀਨਿਕਾਂ ਦੇ ਮਰੀਜ਼ਾਂ ਦਾ ਅੰਕੜਾ 1.05 ਲੱਖ ਸੀ ਜੋ ਕਿ ਹੁਣ ਵਧ ਕੇ ਤਿੰਨ ਲੱਖ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤੋਂ ਪਹਿਲਾਂ ਮਰੀਜ਼ਾਂ ਦੀ ਗਿਣਤੀ 2.25 ਲੱਖ ਸੀ ਜੋ ਕਿ ਹੁਣ ਵਧ ਕੇ ਤਿੰਨ ਲੱਖ ਹੋ ਗਈ ਹੈ। ਪੰਜਾਬ ਵਿੱਚ ਇਸ ਵੇਲੇ 554 ਓਟ ਕਲੀਨਿਕ ਹਨ। ਪੰਜਾਬ ਭਰ ’ਚ ਇਸ ਵੇਲੇ ਨਸ਼ਾ ਛੱਡਣ ਵਾਲੇ 10.30 ਲੱਖ ਮਰੀਜ਼ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 7.30 ਲੱਖ ਪ੍ਰਾਈਵੇਟ ਇਲਾਜ ਕਰਵਾ ਰਹੇ ਹਨ। ਪਹਿਲਾਂ ਓਟ ਕਲੀਨਿਕਾਂ ਵਿੱਚ ਸਭ ਤੋਂ ਵੱਧ ਮਰੀਜ਼ 2.74 ਲੱਖ ਉਦੋਂ ਰਜਿਸਟਰਡ ਹੋਏ ਸਨ, ਜਦੋਂ ਤਤਕਾਲੀ ਕਾਂਗਰਸ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਛੇੜੀ ਸੀ। ਹੁਣ ਇਹ ਅੰਕੜਾ ਤਿੰਨ ਲੱਖ ਦਾ ਹੋ ਗਿਆ ਹੈ। ਪੰਜਾਬ ਵਿੱਚ ਇਸ ਵੇਲੇ ਤਿੰਨ ਦਰਜਨ ਨਸ਼ਾ ਛੁਡਾਊ ਕੇਂਦਰ ਸਰਕਾਰੀ ਹਨ ਜਦੋਂ ਕਿ 177 ਪ੍ਰਾਈਵੇਟ ਹਨ। ਇਸੇ ਤਰ੍ਹਾਂ 19 ਸਰਕਾਰੀ ਮੁੜਵਸੇਬਾ ਕੇਂਦਰ ਹਨ ਜਦੋਂ ਕਿ 72 ਪ੍ਰਾਈਵੇਟ ਹਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਇਸ ਵੇਲੇ 2300 ਦੇ ਕਰੀਬ ਮਰੀਜ਼ ਭਰਤੀ ਵੀ ਹਨ ਜਦੋਂ ਕਿ ਪਹਿਲਾਂ ਇਹ ਅੰਕੜਾ 600 ਦੇ ਕਰੀਬ ਹੁੰਦਾ ਸੀ। ਸੂਬਾ ਸਰਕਾਰ ਨੇ ਨਸ਼ੇੜੀਆਂ ਨੂੰ ਨਸ਼ਾ ਛੁਡਾਉਣ ਲਈ ਪੰਜ ਹਜ਼ਾਰ ਬੈੱਡਾਂ ਦੀ ਸਮਰੱਥਾ ਬਣਾਈ ਹੈ। ਹੁਣ 42 ਨਰਸਿੰਗ ਕਾਲਜਾਂ ਤੋਂ ਇਲਾਵਾ ਦਰਜਨ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੇਂਦਰ ਬਣਾਏ ਗਏ ਹਨ।

Advertisement

‘ਓਟ ਕਲੀਨਿਕਾਂ ਲਈ ਛੇ ਮਹੀਨੇ ਦੀ ਦਵਾਈ ਦੇ ਅਗਾਊਂ ਪ੍ਰਬੰਧ’
ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਛੁਡਾਊ ਮੁਹਿੰਮ ਦੇ ਇੰਤਜ਼ਾਮਾਂ ਵਜੋਂ ਓਟ ਕਲੀਨਿਕਾਂ ਲਈ ਛੇ ਮਹੀਨੇ ਦੀ ਦਵਾਈ ਦੇ ਅਗਾਊਂ ਪ੍ਰਬੰਧ ਵੀ ਕੀਤੇ ਹੋਏ ਹਨ। ਮੋਟੇ ਅੰਦਾਜ਼ੇ ਮੁਤਾਬਕ ਸਰਕਾਰ ਵੱਲੋਂ ਹੁਣ ਸਾਲਾਨਾ ਔਸਤ 100 ਕਰੋੜ ਰੁਪਏ ਓਟ ਕਲੀਨਿਕਾਂ ਵਾਲੀ ਗੋਲੀ ’ਤੇ ਖ਼ਰਚ ਕੀਤੇ ਜਾ ਰਹੇ ਹਨ। ਸਾਲ 2023 ਵਿੱਚ ਇਹ ਖਰਚਾ 85.95 ਕਰੋੜ, 2021 ਵਿੱਚ 34.80 ਕਰੋੜ ਅਤੇ ਉਸ ਤੋਂ ਪਹਿਲਾਂ ਸਾਲ 2019 ਵਿੱਚ ਇਸ ਗੋਲੀ ਦਾ ਖਰਚਾ 20.97 ਕਰੋੜ ਰੁਪਏ ਸੀ।

Advertisement
Advertisement

ਕੇਂਦਰਾਂ ’ਚੋਂ ਫ਼ਰਾਰ ਹੋਣ ਲੱਗੇ ਨਸ਼ੇੜੀ
ਪੰਜਾਬ ਸਰਕਾਰ ਨੇ ਜਦੋਂ ਨਸ਼ਾ ਮੁਕਤੀ ਲਈ ਮੁਹਿੰਮ ਵਿੱਢੀ ਤਾਂ ਪੁਲੀਸ ਨੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਨਸ਼ੇੜੀ ਮਾਪਿਆਂ ਦੀ ਮਰਜ਼ੀ ਨਾਲ ਲਿਆਂਦੇ ਗਏ ਹਨ, ਉਹ ਇਲਾਜ ਕਰਵਾ ਰਹੇ ਹਨ ਪਰ ਜਿਨ੍ਹਾਂ ਨੂੰ ਪੁਲੀਸ ਜਬਰੀ ਲੈ ਕੇ ਕੇਂਦਰਾਂ ਵਿੱਚ ਆਈ ਹੈ, ਉਹ ਨਸ਼ੇੜੀ ਹੁਣ ਨਸ਼ਾ ਛੁਡਾਊ ਕੇਂਦਰਾਂ ’ਚੋਂ ਭੱਜ ਰਹੇ ਹਨ। ਗੁਰਦਾਸਪੁਰ ਦੇ ਨਸ਼ਾ ਛੁਡਾਊ ਕੇਂਦਰ ’ਚੋਂ 10 ਦਿਨਾਂ ਵਿੱਚ ਪੰਜ ਨਸ਼ੇੜੀ ਫ਼ਰਾਰ ਹੋ ਚੁੱਕੇ ਹਨ। ਨਸ਼ਾ ਛੁਡਾਊ ਕੇਂਦਰ ਘਾਬਦਾਂ ’ਚੋਂ 13 ਨਸ਼ੇੜੀ ਅਤੇ ਮਾਲੇਰਕੋਟਲਾ ਦੇ ਨਸ਼ਾ ਛੁਡਾਊ ਕੇਂਦਰ ’ਚੋਂ ਸੱਤ ਨੌਜਵਾਨ ਫ਼ਰਾਰ ਹੋ ਚੁੱਕੇ ਹਨ।

Advertisement
Author Image

Gopal Chand

View all posts

Advertisement