ਰੌਕ ਗਾਰਡਨ ਦੀ ਕੰਧ ਢਾਹੁਣ ਤੇ ਦਰੱਖ਼ਤ ਵੱਢਣ ਖ਼ਿਲਾਫ਼ ਜਾਗਰੂਕਤਾ ਨਾਟਕ
ਕੁਲਦੀਪ ਸਿੰਘ
ਚੰਡੀਗੜ੍ਹ, 11 ਮਾਰਚ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਾਤਾਵਰਨ ਪ੍ਰੇਮੀਆਂ ’ਤੇ ਅਧਾਰਿਤ ਸੇਵਿੰਗ ਚੰਡੀਗੜ੍ਹ ਗਰੁੱਪ ਨੇ ਪ੍ਰਸ਼ਾਸਨ ਵੱਲੋਂ ਰੌਕ ਗਾਰਡਨ ਦੀ ਕੰਧ ਤੋੜੇ ਜਾਣ ਉਪਰੰਤ ਵੱਡੀ ਗਿਣਤੀ ਦਰੱਖ਼ਤ ਵੱਢਣ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਜ ਸੈਕਟਰ 17 ਪਲਾਜ਼ਾ ਵਿੱਚ ਨੁੱਕੜ ਨਾਟਕ ਖੇਡਿਆ।
ਸੇਵਿੰਗ ਚੰਡੀਗੜ੍ਹ ਦੇ ਮੈਂਬਰਾਂ ਵਿੱਚ ਅਮਨਦੀਪ ਸਿੰਘ ਸੈਣੀ, ਅੰਜਲੀ, ਚਾਂਦਨੀ, ਨਵਦੀਪ ਆਦਿ ਨੇ ਦੱਸਿਆ ਕਿ ਹੱਥਾਂ ਵਿੱਚ ‘ਦਰੱਖ਼ਤ ਬਚਾਓ - ਵਾਤਾਵਰਨ ਬਚਾਓ’ ਸਮੇਤ ਹੋਰ ਕਾਫ਼ੀ ਸਲੋਗਨ ਅਤੇ ਦਰੱਖ਼ਤਾਂ ਦੀਆਂ ਫੋਟੋਆਂ ਵਾਲੇ ਪੋਸਟਰ ਫੜ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪ੍ਰਸ਼ਾਸਨ ਨੂੰ ਝਿੰਜੋੜਿਆ।
ਉਨ੍ਹਾਂ ਨੇ ਖ਼ੁਦ ਨੂੰ ਦਰੱਖ਼ਤਾਂ ਦੀ ਜਗ੍ਹਾ ਰੱਖਦਿਆਂ ਦਰੱਖ਼ਤਾਂ ਦੀ ਜ਼ੁਬਾਨ ਬਣ ਕੇ ਪੇਸ਼ਕਾਰੀ ਦਿੱਤੀ। ਉਨ੍ਹਾਂ ਬੜੇ ਹੀ ਨਾਟਕੀ ਅੰਦਾਜ਼ ਰਾਹੀਂ ਰੌਕ ਗਾਰਡਨ ਦੀ ਕੰਧ ਤੋੜ ਕੇ ਅਤੇ ਜੰਗਲੀ ਖੇਤਰ ਵਿਚਲੇ ਦਰੱਖ਼ਤ ਵੱਢ ਕੇ ਪਾਰਕਿੰਗ ਬਣਾਉਣ ਨੂੰ ਬਹੁਤ ਹੀ ਵਧੀਆ ਢੰਗ ਨਾਲ ਪ੍ਰਦਰਸ਼ਿਤ ਕੀਤਾ ਅਤੇ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਭੇਜ ਕੇ ਦਰੱਖ਼ਤ ਵੱਢਣ ਦੀ ਭੂਮਿਕਾ ਨੂੰ ਵੀ ਨਾਟਕ ਰਾਹੀਂ ਪੇਸ਼ ਕੀਤਾ। ਦਰਸਾਇਆ ਗਿਆ ਕਿ ਪ੍ਰਸ਼ਾਸਨ ਨੇ 50-50 ਅਤੇ 70-70 ਸਾਲ ਪੁਰਾਣੇ ਦਰੱਖ਼ਤ ਕਿਸ ਤਰ੍ਹਾਂ ਬੇਦਰਦੀ ਨਾਲ ਵੱਢ ਦਿੱਤੇ।
ਉਨ੍ਹਾਂ ਕਿਹਾ ਕਿ ਜੇ ਦਰੱਖ਼ਤਾਂ ਨੂੰ ਇਸੇ ਤਰ੍ਹਾਂ ਕੱਟਦੇ ਰਹੋਗੇ ਤਾਂ ਆਉਂਦੀਆਂ ਪੀੜ੍ਹੀਆਂ ਸਾਹ ਲੈਣ ਲਈ ਸਾਫ਼ ਹਵਾ ਨੂੰ ਵੀ ਤਰਸ ਜਾਣਗੀਆਂ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ।