ਰੋਡ ਮਾਜਰਾ ਚੱਕਲਾਂ ਦੇ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ
ਜਗਮੋਹਨ ਸਿੰਘ
ਰੂਪਨਗਰ, 3 ਫਰਵਰੀ
ਬਾਬਾ ਗਾਜ਼ੀ ਦਾਸ ਜੀ ਕਲੱਬ ਰੋਡ ਮਾਜਰਾ ਚੱਕਲਾਂ ਵੱਲੋਂ ਕਰਵਾਇਆ ਜਾਣ ਵਾਲਾ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਸਾਲਾਨਾ ਖੇਡ ਮੇਲਾ ਬਾਬਾ ਗਾਜ਼ੀਦਾਸ ਖੇਡ ਸਟੇਡੀਅਮ ਰੋਡਮਾਜਰਾ ਵਿਖੇ 5 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਪ੍ਰਸਿੱਧ ਖੇਡ ਪ੍ਰਮੋਟਰ, ਸਮਾਜ ਸੇਵੀ ਤੇ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 5 ਫਰਵਰੀ ਨੂੰ ਸਵੇੇਰੇ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਇਸ ਖੇਡ ਮੇਲੇ ਦੀ ਸ਼ੁਰੂਆਤ ਹੋਵੇਗੀ ਤੇ 2 ਦਿਨ ਚੱਲਣ ਵਾਲੇ ਇਸ ਖੇਡ ਮੇਲੇ ਦੇ ਪਹਿਲੇ ਦਿਨ ਲੜਕਿਆਂ ਦੇ ਵਜ਼ਨੀ ਕਬੱਡੀ ਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ ਜ਼ਿਲ੍ਹਾ ਪੱਧਰੀ 16 ਟੀਮਾਂ ਦੇ ਰੱਸਾਕਸੀ ਅਤੇ ਆਲ ਓਪਨ ਮੁਕਾਬਲੇ ਹੋਣਗੇ ਤੇ ਕਬੱਡੀ ਫੈਡਰੇਸ਼ਨ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਕਬੱਡੀ ਮੁਕਾਬਲੇ ਦੀ ਜੇਤੂ ਟੀਮ ਨੂੰ ਢਾਈ ਲੱਖ ਤੇ ਉਪ ਜੇਤੂ ਟੀਮ ਨੂੰ ਦੋ ਲੱਖ ਰੁਪਏ, ਬੈਸਟ ਰੇਡਰ ਤੇ ਬੈੈਸਟ ਜਾਫੀ ਨੂੰ ਸਵਾ ਸਵਾ ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਦਿਨ ਸੁੱਖ ਜੌਹਲ ਵੱਲੋਂ ਸਰੀਰਕ ਕਰਤੱਵਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਖਿਡਾਰੀਆਂ ਤੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਕੇ ਖੇਡ ਮੇਲੇ ਵਿੱਚ ਸ਼ਿਰਕਤ ਨਾ ਕਰੇ।
ਇਸ ਮੌਕੇ ਜੈ ਸਿੰਘ ਚੱਕਲਾ, ਨੰਬਰਦਾਰ ਅਮਰਾਓ ਸਿੰਘ, ਚੇਅਰਮੈਨ ਨਰਿੰਦਰ ਸਿੰਘ ਮਾਵੀ, ਕੁਲਵੰਤ ਸਿੰਘ ਤ੍ਰਿਪੜੀ ਕਿਸਾਨ ਆਗੂ, ਬਿੱਟੂ ਬਾਜਵਾ ਪ੍ਰਧਾਨ ਪੰਚਾਇਤ ਯੂਨੀਅਨ, ਬਲਵਿੰਦਰ ਸਿੰਘ ਸਾਬਕਾ ਸਰਪੰਚ ਚੱਕਲਾ, ਮੇਜਰ ਸਿੰਘ ਮਾਹਲ, ਗੁਰਦੀਪ ਸਿੰਘ ਮਾਹਲ, ਮਨਮੋਹਣ ਸਿੰਘ ਚੀਮਾ, ਜੱਸ ਮਾਹਲ, ਕਿਸਾਨ ਆਗੂ ਮੋਹਰ ਸਿੰਘ ਖਾਬੜਾ, ਸਰਬਜੀਤ ਸਿੰਘ ਚੈੜੀਆ ਅਤੇ ਸੁਰਿੰਦਰ ਸਿੰਘ ਲੁਹਾਰੀ ਹਾਜ਼ਰ ਸਨ।