ਰੋਟੀ ਦਾ ਬਾਜ਼ਾਰ ਅਤੇ ਬਿਮਾਰੀਆਂ ਦੀ ਦਸਤਕ
ਗੁਰਚਰਨ ਸਿੰਘ ਨੂਰਪੁਰ
ਰੋਟੀ ਹੁਣ ਬਹੁਤ ਵੱਡੀ ਫੂਡ ਇੰਡਸਟਰੀ ਬਣ ਗਈ ਹੈ। ਖਾਣ ਪੀਣ ਦੀਆਂ ਵਸਤਾਂ ’ਤੇ ਹਰ ਰੋਜ਼ ਬਾਜ਼ਾਰ ਦਾ ਗਲਬਾ ਵਧ ਰਿਹਾ ਹੈ ਅਤੇ ਹਰ ਦਿਨ ਸਾਡੇ ਘਰਾਂ ਵਿੱਚੋਂ ਰਸੋਈ ਦਾ ਮਹੱਤਵ ਘਟ ਰਿਹਾ ਹੈ।
ਕਿਸੇ ਵੇਲੇ ਕਿਰਤ ਨਾਲ ਜੁੜੇ ਪੰਜਾਬੀਆਂ ਦੀ ਰੋਟੀ ਉਨ੍ਹਾਂ ਦੇ ਮਗਰ ਖੇਤ ਜਾਂਦੀ ਸੀ। ਖੇਤ ਜਾਣ ਵਾਲੀ ਰੋਟੀ ਨੂੰ ਭੱਤਾ ਕਿਹਾ ਜਾਂਦਾ ਸੀ। ਕਿਸਾਨਾਂ ਦੀਆਂ ਔਰਤਾਂ ਖੇਤਾਂ ਵਿੱਚ ਕੰਮ ਕਰਦੇ ਜੀਆਂ ਲਈ ਭੱਤਾ ਲੈ ਕੇ ਖੇਤ ਜਾਂਦੀਆਂ ਸਨ। ਸਾਡੀ ਲੋਕਧਾਰਾ ਵਿੱਚ ਇਸ ਦਾ ਜ਼ਿਕਰ ਹੈ:
ਭੱਤਾ ਲੈ ਕੇ ਚੱਲੀ ਖੇਤ ਨੂੰ, ਜੱਟੀ ਪੰਦਰਾਂ ਮੁਰੱਬਿਆਂ ਵਾਲੀ।
ਕੋਈ ਵਕਤ ਸੀ ਜਦੋਂ ਪੰਜਾਬੀ ਖੇਤਾਂ ਵਿੱਚੋਂ ਮੂਲੀਆਂ, ਗਾਜਰਾਂ, ਸ਼ਲਗਮ ਪੁੱਟਦੇ ਤੇ ਖਾਂਦੇ ਸਨ। ਸ਼ਕਰਕੰਦੀ, ਹੋਲਾਂ, ਛੱਲੀਆਂ ਭੁੰਨੀਆਂ ਤੇ ਖਾਧੀਆਂ ਜਾਂਦੀਆਂ ਸਨ। ਲੋਕ ਗੰਨੇ ਚੂਪਦੇ ਸਨ ਤੇ ਤੰਦਰੁਸਤ ਰਹਿੰਦੇ ਸਨ। ਖਾਣਿਆਂ ਵਿੱਚ ਮੁਰਮੁਰੇ ਸਨ, ਭੁੱਜੇ ਕਣਕ ਦੇ ਦਾਣੇ, ਮੱਕੀ ਦੇ ਫੁੱਲੇ, ਛੋਲੇ ਤੇ ਚੌਲ ਸਨ। ਇਹ ਸਭ ਕੁਝ ਹੁਣ ਬੀਤੇ ਦੀ ਬਾਤ ਬਣ ਗਿਆ ਹੈ। ਹੁਣ ਇੱਕ ਇੱਕ ਖਾਣੇ ਨੂੰ ਬਣਾਉਣ ਦੀਆਂ ਸੈਂਕੜੇ ਵਿਧੀਆਂ ਵਿਕਸਤ ਹੋ ਗਈਆਂ ਹਨ। ਹੁਣ ਖਾਣਾ ਭੁੱਖ ਮਿਟਾਉਣ ਤੇ ਤੰਦਰੁਸਤੀ ਲਈ ਨਹੀਂ ਸਗੋਂ ਸੁਆਦ ਲਈ ਖਾਧਾ ਜਾਂਦਾ ਹੈ।
ਸਾਡਾ ਖਾਣਾ ਮੋਟੇ ਤੌਰ ’ਤੇ ਤਿੰਨ ਪ੍ਰਕਾਰ ਦਾ ਹੈ। ਇਹ ਤਿੰਨਾਂ ਕਿਸਮਾਂ ਦੇ ਖਾਣਿਆਂ ’ਤੇ ਹੁਣ ਬਾਜ਼ਾਰ ਕਾਬਜ਼ ਹੋ ਰਿਹਾ ਹੈ। ਤਿੰਨ ਪ੍ਰਕਾਰ ਦੇ ਖਾਣਿਆਂ ਵਿੱਚ ਪਹਿਲਾ ਕੁਦਰਤ ਤੋਂ ਸਿੱਧਾ ਲਿਆ ਖਾਣਾ ਜਿਵੇਂ ਅਮਰੂਦ, ਸੇਬ, ਸੰਤਰਾ, ਮਾਲਟਾ, ਕਿੰਨੂ, ਮੂਲੀ, ਗਾਜਰ, ਖੀਰਾ, ਅੰਬ, ਅੰਗੂਰ, ਪਪੀਤਾ, ਆਲੂ ਬੁਖਾਰਾ ਆਦਿ ਹੈ। ਦੂੂਜੀ ਪ੍ਰਕਾਰ ਦਾ ਖਾਣਾ ਹੈ ਜਿਵੇਂ ਆਲੂ, ਆਟਾ, ਚਾਵਲ, ਗੋਭੀ, ਭਿੰਡੀ, ਕੱਦੂ, ਕਰੇਲੇ, ਪਾਲਕ, ਸਾਗ, ਬੈਂਗਣ ਆਦਿ ਜੋ ਪਕਾਏ ਤੇ ਬਣਾਏ ਖਾਧੇ ਜਾਂਦੇ ਹਨ। ਤੀਜੀ ਕਿਸਮ ਦਾ ਖਾਣਾ ਉਹ ਹੈ ਜੋ ਪਸ਼ੂਆਂ ਤੋਂ ਆਉਂਦਾ ਹੈ ਜਿਵੇਂ ਦੁੱਧ, ਦਹੀਂ, ਲੱਸੀ, ਪਨੀਰ, ਮੱਖਣ, ਘਿਉ, ਮੀਟ, ਮੱਛੀ, ਆਂਡਾ ਜੋ ਪਸ਼ੂਆਂ ਤੋਂ ਆਉਂਦਾ ਹੈ। ਇਨ੍ਹਾਂ ’ਚੋਂ ਸਿੱਧੇ ਕੁਦਰਤ ਤੋਂ ਲੈ ਕੇ ਬਿਨਾਂ ਪਕਾਏ ਬਿਨਾਂ ਬਣਾਏ ਖਾਧੇ ਜਾਣ ਵਾਲੇ ਫਲ, ਸਬਜ਼ੀਆਂ ਤੇ ਸਲਾਦ ਸਿਹਤ ਲਈ ਵਧੇਰੇ ਲਾਹੇਵੰਦ ਮੰਨੇ ਜਾਂਦੇ ਹਨ। ਪੂਰੀ ਦੁਨੀਆ ਦੇ ਤਕਰੀਬਨ 90 ਫ਼ੀਸਦੀ ਲੋਕ ਮਾਸਾਹਾਰੀ ਹਨ। ਮਾਸ, ਮੱਛੀ, ਆਂਡੇ ਇਨ੍ਹਾਂ ਦੇ ਖਾਣੇ ਵਿੱਚ ਸ਼ਾਮਿਲ ਹੈ। ਜੀਵ ਵਿਕਾਸ ਦੀ ਸਮਝ ਰੱਖਣ ਵਾਲੇ ਮੰਨਦੇ ਹਨ ਕਿ ਜੇਕਰ ਆਦਿਕਾਲ ਦਾ ਮਨੁੱਖ ਮਾਸਾਹਾਰੀ ਨਾ ਹੁੰਦਾ ਤਾਂ ਸ਼ਾਇਦ ਅਜੋਕੀ ਸੱਭਿਅਤਾ ਤੱਕ ਵਿਕਾਸ ਸੰਭਵ ਨਾ ਹੁੰਦਾ।
ਹੁਣ ਸਾਡਾ ਖਾਣ-ਪੀਣ ਕੁਦਰਤੀ ਨਹੀਂ ਰਿਹਾ। ਇਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪ੍ਰਵੇਸ਼ ਕਰ ਗਏ ਹਨ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਲਗਭਗ 90 ਫ਼ੀਸਦੀ ਬਿਮਾਰੀਆਂ ਗ਼ਲਤ ਖਾਣ ਪੀਣ ਨਾਲ ਹੁੰਦੀਆਂ ਹਨ। ਜਿਹੋ ਰਿਹਾ ਵਿਹਾਰ ਅਸੀਂ ਸਰੀਰ ਨਾਲ ਕਰਦੇ ਹਾਂ, ਅਗਲੇ ਦਿਨ ਇਹ ਸਾਨੂੰ ਇਸ ਦੀ ਸੂਚਨਾ ਦਿੰਦਾ ਹੈ ਕਿ ਕੱਲ੍ਹ ਤੁਸੀਂ ਜੋ ਖਾਧਾ ਸੀ ਉਹ ਸਰੀਰ ਲਈ ਠੀਕ ਨਹੀਂ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਲੋਕ ਪੰਜਾਹ ਸਾਲ ਦੀ ਉਮਰ ਤੱਕ ਪਹੁੰਚ ਕੇ ਵੀ ਸਰੀਰ ਦੀ ਲੋੜ ਨਹੀਂ ਸਮਝਦੇ। ਕੁਦਰਤ ਹਰ ਮੌਸਮ ਵਿੱਚ ਸਾਡੇ ਲਈ ਵੱਖਰਾ ਖਾਣਾ ਪੈਦਾ ਕਰਦੀ ਹੈ। ਪਰ ਅਸੀਂ ਗਰਮੀਆਂ ਦੀਆਂ ਸਬਜ਼ੀਆਂ ਤੇ ਫਲ ਸਰਦੀਆਂ ਵਿੱਚ ਖਾਣ ਲੱਗੇ ਹਾਂ ਅਤੇ ਸਰਦੀਆਂ ਦੇ ਫਲ ਸਬਜੀਆਂ ਗਰਮੀਆਂ ਵਿੱਚ। ਇਹ ਸਾਡੀ ਸਿਹਤ ਲਈ ਬੇਹੱਦ ਨੁਕਸਾਨਦਾਇਕ ਹੈ। ਸਾਨੂੰ ਸਿਰਫ਼ ਮੌਸਮ ਮੁਤਾਬਿਕ ਫਲ ਸਬਜ਼ੀਆਂ ਖਾਣੇ ਚਾਹੀਦੇ ਹਨ ਅਤੇ ਬੇਮੌਸਮੇ ਫਲ ਸਬਜ਼ੀਆਂ ਖਾਣ ਤੋਂ ਬਚਣਾ ਚਾਹੀਦਾ ਹੈ। ਆਯੁਰਵੇਦ ਵਿੱਚ ਇਸ ਨੂੰ ਰਿਤੂ ਸੰਧੀ ਕਹਿੰਦੇ ਹਨ। ਇਸ ਅਨੁਸਾਰ ਹਰ ਰੁੱਤ ਦੇ ਖਾਣੇ ਸਾਨੂੰ ਰੁੱਤ ਅਨੁਸਾਰ ਹੀ ਖਾਣੇ ਚਾਹੀਦੇ ਹਨ।
ਮਨੁੱਖੀ ਸੱਭਿਅਤਾ ਦੇ ਵਿਕਾਸ ਨਾਲ ਖਾਣੇ ਦਾ ਬਾਜ਼ਾਰ ਪ੍ਰਫੁੱਲਿਤ ਹੋ ਰਿਹਾ ਹੈ। ਵਿਕਸਤ ਮੁਲਕਾਂ ਵਿੱਚ ਘਰਾਂ ਵਿੱਚੋਂ ਰਸੋਈ ਰੁਖ਼ਸਤ ਹੋ ਰਹੀ ਹੈ। ਸਾਡੇ ਦੇਸ਼ ਵਿੱਚ ਵੀ ਵੱਡੇ ਸ਼ਹਿਰਾਂ ਵਿੱਚ ਘਰ ਰੋਟੀ ਪਕਾਉਣ ਦਾ ਰੁਝਾਨ ਹੁਣ ਘਟਣ ਲੱਗਾ ਹੈ। ਰੋਟੀ ਦੀ ਥਾਂ ਹੁਣ ਬਹੁਤ ਸਾਰੇ ਬਾਜ਼ਾਰੂ ਪਕਵਾਨਾਂ ਨੇ ਲੈ ਲਈ ਹੈ। ਖਾਣਿਆਂ ਦੇ ਸੁਆਦਾਂ ਨੂੰ ਤੇਜ਼ ਕਰਨ ਲਈ ਅਜੀਨੋਮੋਟੋ ਨਾਂ ਦਾ ਕੈਮੀਕਲ ਇਨ੍ਹਾਂ ਵਿੱਚ ਪਾਇਆ ਜਾਂਦਾ ਹੈ ਜੋ ਇਨਸਾਨੀ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਅਜੀਨੋਮੋਟੋ ਸਫ਼ੇਦ ਰਵੇ (ਕ੍ਰਿਸਟਲ) ਦੇ ਰੂਪ ਵਿੱਚ ਹੁੰਦਾ ਹੈ ਜਿਸ ਨੂੰ ਦਾ ਵਿਗਿਆਨਕ ਨਾਂ ਮੋਨੋਸੋਡੀਅਮ ਗਲੂਟਾਮੇਟ ਹੈ। ਇਹ ਚਾਈਨੀਜ਼ ਨਮਕ ਹੈ ਜੋ ਮਿੱਠਾ, ਖੱਟਾ ਅਤੇ ਨਮਕੀਨ ਤਿੰਨ ਤਿੱਖੇ ਸਵਾਦਾਂ ਦਾ ਮਿਸ਼ਰਣ ਹੁੰਦਾ ਹੈ। ਇਹ ਸਵਾਦ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਖਾਣੇ ਨੂੰ ਲਜ਼ੀਜ਼ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਜਿਸ ਕਾਰਨ ਬੱਚੇ ਅਤੇ ਨੌਜੁਵਾਨ ਇਸ ਦਾ ਨਸ਼ੇ ਦੀ ਲਤ ਵਾਂਗ ਸ਼ਿਕਾਰ ਹੋ ਜਾਂਦੇ ਹਨ। ਨੂਡਲਜ਼, ਬਰਗਰਾ, ਪਿਜ਼ਿਆਂ ਤੋਂ ਇਲਾਵਾ ਪੈਕਟਾਂ ਵਿੱਚ ਬੰਦ ਲੂਣੀਆਂ ਕਰਾਰੀਆਂ ਖਾਣ ਵਾਲੀਆਂ ਵਸਤਾਂ ਵਿੱਚ ਅਜੀਨੋਮੋਟੋ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਇਹ ਖਾਣ ਵਾਲੇ ਬੱਚਿਆਂ ਦੇ ਮਨ ’ਤੇ ਇਨ੍ਹਾਂ ਦਾ ਅਜਿਹਾ ਪ੍ਰਭਾਵ ਪੈਂਦਾ ਹੈ ਕਿ ਉਨ੍ਹਾਂ ਨੂੰ ਫਲ ਫਿੱਕੇ ਤੇ ਬੇਸਵਾਦ ਲੱਗਣ ਲੱਗਦੇ ਹਨ। ਉਨ੍ਹਾਂ ਦੇ ਮਨ ਤੇਜ਼ ਲੂਣੇ ਕਰਾਰੇ ਮਿੱਠੇ ਖੱਟੇ ਸਵਾਦਾਂ ਦੇ ਆਦੀ ਹੋ ਜਾਂਦੇ ਹਨ। ਅਜੀਨੋਮੋਟੋ ਦਾ ਛੋਟਾ ਨਾਂ ਐਮ.ਐਸ.ਜੀ. ਵੀ ਹੈ। ਇਹ ਇੱਕ ਤਰ੍ਹਾਂ ਦਾ ਧੀਮਾ ਜ਼ਹਿਰ ਹੈ ਜੋ ਸਾਡੇ ਸਰੀਰ ਲਈ ਕਈ ਸਮੱਸਿਆਵਾਂ ਪੈਦਾ ਕਰਦਾ ਹੈ। ਇਹ ਸਿਰ ਭਾਰਾ ਹੋਣਾ, ਜੀਅ ਮਚਲਾਉਣਾ, ਮਾਈਗ੍ਰੇਨ (ਅੱਧੇ ਸਿਰ ਦੀ ਦਰਦ), ਮੋਟਾਪਾ, ਸ਼ੂਗਰ, ਹਾਰਟ ਅਟੈਕ, ਹਾਈ ਬਲੱਡ ਪ੍ਰੈਸ਼ਰ ਅਤੇ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਬੱਚਿਆਂ ਲਈ ਅਜੀਨੋਮੋਟੋ ਬੇਹੱਦ ਮਾੜਾ ਰਸਾਇਣ ਹੈ। ਬੱਚੇ ਜੰਕ ਫੂਡ ਵਧੇਰੇ ਖਾਣ ਲੱਗੇ ਹਨ ਜਿਸ ਵਿੱਚ ਇਸ ਦੀ ਮਿਕਦਾਰ ਵੱਧ ਹੁੰਦੀ ਹੈ। ਇਹ ਬੱਚਿਆਂ ਵਿੱਚ ਮੋਟਾਪੇ ਦਾ ਕਾਰਨ ਤਾਂ ਬਣਦਾ ਹੀ ਹੈ ਸਗੋਂ ਬੱਚਿਆਂ ਦੀ ਮਾਨਸਿਕ ਸਿਹਤ ਲਈ ਵੀ ਬੇਹੱਦ ਘਾਤਕ ਸਿੱਧ ਹੁੰਦਾ ਹੈ। ਬੱਚੇ ਗੱਲ ਗੱਲ ’ਤੇ ਖਿਝਣ ਲੱਗਦੇ ਹਨ। ਗੁੱਸਾ ਤੇ ਬੈਚੈਨੀ ਮਹਿਸੂਸ ਕਰਦੇ ਹਨ। ਡਿਪਰੈਸ਼ਨ ਦਾ ਸ਼ਿਕਾਰ ਵੀ ਬਣਨ ਲੱਗਦੇ ਹਨ। ਇਸ ਨਾਲ ਬੱਚਿਆਂ ਦੇ ਕੱਦ ਦਾ ਵਾਧਾ ਵੀ ਰੁਕ ਜਾਂਦਾ ਹੈ। ਅਜੀਨੋਮੋਟੋ ਸਿਰਫ਼ ਚਾਈਨੀਜ਼ ਜੰਕ ਫੂਡ ਅਤੇ ਪੈਕਟ ਬੰਦ ਖਾਣਿਆਂ ਵਿੱਚ ਹੀ ਨਹੀਂ ਪਾਇਆ ਜਾਂਦਾ ਸਗੋਂ ਇਸ ਦੀ ਵਰਤੋਂ ਭਾਰਤੀ ਖਾਣਿਆਂ ਵਿੱਚ ਵੀ ਹੋਣ ਲੱਗੀ ਹੈ। ਹੋਟਲਾਂ, ਢਾਬਿਆਂ ਵਿੱਚ ਖਾਣੇ ਦੀ ਤਰੀ (ਗਰੇਵੀ) ਨੂੰ ਲਜ਼ੀਜ਼ ਬਣਾਉਣ ਲਈ ਇਹ ਪਾਇਆ ਜਾਂਦਾ ਹੈ।
ਅਜੋਕੇ ਦੌਰ ਵਿੱਚ ਬੋਤਲ ਬੰਦ ਜੂਸ ਪੀਣ ਦਾ ਵੀ ਰੁਝਾਨ ਹੈ। ਕੁਝ ਖ਼ਾਸ ਕਿਸਮ ਦੇ ਕੈਮੀਕਲ ਮਿਲਾ ਕੇ ਜੂਸ ਨੂੰ ਪਲਾਸਟਿਕ ਦੀਆਂ ਬੋਤਲਾਂ ਵਿੱਚ ਲੰਮੇ ਸਮੇਂ ਲਈ ਰੱਖਿਆ ਜਾਂਦਾ ਹੈ। ਇਹ ਕੈਮੀਕਲ ਸਾਡੀ ਸਿਹਤ ਲਈ ਬੇਹੱਦ ਹਾਨੀਕਾਰਕ ਹਨ। ਮੰਨ ਲਉ ਜੇਕਰ ਅੱਜ ਸਾਨੂੰ ਕੋਈ ਦਸ ਕਿਲੋ ਸੰਤਰੇ, ਲੀਚੀਆਂ ਜਾਂ ਅਨਾਰ ਦੇਵੇ ਅਤੇ ਕਹੇ ਕਿ ਇਸ ਦਾ ਜੂਸ ਕੱਢ ਕੇ ਰੱਖ ਲਓ ਛੇ ਮਹੀਨੇ ਮਗਰੋਂ ਪੀਵਾਂਗੇ ਤਾਂ ਇਹ ਕਿਵੇਂ ਰੱਖਿਆ ਜਾਣਾ ਹੈ? ਇਸ ਤੋਂ ਅਸੀਂ ਡੱਬਾ ਬੰਦਾ ਜੂਸ ਦੀ ਹਕੀਕਤ ਸਮਜ ਸਕਦੇ ਹਾਂ।
ਪਿਛਲੇ ਅਰਸੇ ਤੋਂ ਹਰ ਪ੍ਰਕਾਰ ਦੇ ਖਾਣੇ ਵਿੱਚ ਰਿਫਾਈਂਡ ਤੇਲ ਦੀ ਵਰਤੋਂ ਧੜੱਲੇ ਨਾਲ ਹੋਣ ਲੱਗੀ ਹੈ। ਡਾਕਟਰੀ ਵਿਗਿਆਨ ਅਨੁਸਾਰ ਇਸ ਸਮੇਂ ਰਿਫਾਈਂਡ ਤੇਲ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਦਾ ਕਾਰਨ ਬਣ ਰਿਹਾ ਹੈ। ਅਸੀਂ ਸਾਰੇ ਬੇਸ਼ੱਕ ਇਸ ਤੇਲ ਦੀ ਵਰਤੋਂ ਨਹੀਂ ਕਰਦੇ ਪਰ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਇਸ ਨੂੰ ਖਾ ਰਹੇ ਹਾਂ। ਇੱਕ ਬਿਸਕੁਟ ਤੇ ਗੋਲਗੱਪੇ ਤੋਂ ਲੈ ਕੇ ਹਰ ਪ੍ਰਕਾਰ ਦੇ ਬਾਜ਼ਾਰੂ ਖਾਣੇ, ਮਠਿਆਈਆਂ ਅਤੇ ਚਿਕਨ ਤੱਕ ਬਣਾਉਣ ਲਈ ਇਸ ਦੀ ਵਰਤੋਂ ਹੁੰਦੀ ਹੈ। ਵਿਆਹਾਂ ਸ਼ਾਦੀਆਂ ਅਤੇ ਹੋਰ ਸਮਾਗਮਾਂ ਦੌਰਾਨ ਬਣਾਏ ਜਾਂਦੇ ਖਾਣਿਆਂ ਵਿੱਚ ਕਈ ਪੀਪੇ ਰਿਫਾਈਂਡ ਤੇਲ ਦੇ ਵਰਤੇ ਜਾਂਦੇ ਹਨ। ਇਸ ਤੇਲ ਵਿੱਚ ਬਣੇ ਖਾਣਿਆਂ ਨਾਲ ਦੁਨੀਆ ਭਰ ਵਿੱਚ ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਜੋੜਾਂ ਦਾ ਦਰਦ, ਗੁਰਦਿਆਂ ਤੇ ਲਿਵਰ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਹੁਣ ਇਸ ਨੂੰ ‘ਮੌਤ ਦਾ ਤੇਲ’ ਵੀ ਕਿਹਾ ਜਾਣ ਲੱਗਿਆ ਹੈ।
ਮਨੁੱਖੀ ਸਿਹਤ ਲਈ ਫ਼ਿਕਰਮੰਦੀ ਵਾਲੀ ਗੱਲ ਇਹ ਹੈ ਕਿ ਰੋਟੀ ਦਾ ਕਾਰੋਬਾਰ, ਭਾਵ ਫੂਡ ਇੰਡਸਟਰੀ ਬੜੀ ਤੇਜ਼ੀ ਨਾਲ ਵਧ ਫੁੱਲ ਰਹੀ ਹੈ। ਆਮ ਲੋਕਾਂ ਨੂੰ ਭਵਿੱਖ ਵਿੱਚ ਇਉਂ ਲੱਗੇਗਾ ਕਿ ਘਰ ਰੋਟੀ ਪਕਾਉਣੀ ਮਹਿੰਗੀ ਪੈਂਦੀ ਹੈ ਅਤੇ ਬਾਜ਼ਾਰੋਂ ਲੈਣੀ ਸਸਤੀ। ਇਸ ਦੇ ਫਲਸਰੂਪ ਰਸੋਈ ਸਾਡੇ ਘਰਾਂ ਵਿੱਚੋਂ ਵਿਦਾ ਹੋਣ ਲੱਗੇਗੀ।
ਮਨੁੱਖੀ ਤੰਦਰੁਸਤੀ ਲਈ ਇਹ ਬੜਾ ਜ਼ਰੂਰੀ ਹੈ ਕਿ ਪਕਵਾਨ ਦੇਸੀ ਘਿਓ ਅਤੇ ਸਰ੍ਹੋਂ ਦੇ ਤੇਲ ਵਿੱਚ ਬਦਲ ਬਦਲ ਕੇ ਪਕਾਏ ਜਾਣ। ਜ਼ਿਮੀਦਾਰ ਵੱਧ ਤੋਂ ਵੱਧ ਸਬਜ਼ੀਆਂ, ਫਲ, ਦਾਲਾਂ, ਗੁੜ ਲਈ ਕਮਾਦ ਆਪਣੀ ਜ਼ਮੀਨ ਵਿੱਚ ਉਗਾਉਣ। ਘਰ ਦੇ ਦੁੱਧ ਲਈ ਗਾਵਾਂ, ਮੱਝਾਂ ਪਾਲੀਆਂ ਜਾਣ। ਬਾਜ਼ਾਰੂ ਖਾਣਿਆਂ ਤੋਂ ਜਿੰਨਾ ਹੋ ਸਕੇ ਬਚਿਆ ਜਾਵੇ। ਇਹ ਸਭ ਕੁਝ ਉਗਾਉਣ ਤੋਂ ਅਸਮਰੱਥ ਲੋਕ ਬਾਜ਼ਾਰ ਦੇ ਖਾਣਿਆਂ ਦੀ ਬਜਾਏ ਕਿਸਾਨਾਂ ਤੋਂ ਖਾਣ ਪੀਣ ਦੀ ਵਸਤਾਂ ਦੀ ਖਰੀਦਣ। ਇਸ ਨਾਲ ਹੀ ਸਾਡਾ ਸਮਾਜ ਸਿਹਤਮੰਦ ਰਹਿ ਸਕਦਾ ਹੈ।
ਸੰਪਰਕ: 98550-51099