ਗੁਰਪ੍ਰੀਤਬਾਹਰਲੇ ਮੁਲਕਾਂ ਤੋਂ ਰੋਜ਼ ਹੀ ਨੌਜਵਾਨਾਂ ਦੇ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਮਾਪੇ ਕਿੰਨੇ ਚਾਵਾਂ ਨਾਲ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਭੇਜਦੇ ਹਨ ਪਰ ਉੱਥੇ ਜਾ ਕੇ ਜਦੋਂ ਉਨ੍ਹਾਂ ਨੂੰ ਕੰਮ-ਕਾਜ ਨਹੀਂ ਮਿਲਦਾ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਜੀਵਨ ਤੱਕ ਤਿਆਗ ਦਿੰਦੇ ਹਨ। ਨੌਜਵਾਨਾਂ ਦੀਆਂ ਦਿਲ ਦੇ ਦੌਰਿਆਂ ਕਾਰਨ ਮੌਤਾਂ ਦੀਆਂ ਖ਼ਬਰਾਂ ਜ਼ਿਆਦਾ ਕੈਨੇਡਾ, ਅਮਰੀਕਾ, ਯੂਕੇ ਅਤੇ ਹੋਰ ਉਨ੍ਹਾਂ ਮੁਲਕਾਂ ਤੋਂ ਆਉਂਦੀਆਂ ਹਨ ਜਿੱਥੇ ਪੰਜਾਬੀ ਬਹੁਗਿਣਤੀ ਵਿੱਚ ਰਹਿੰਦੇ ਹਨ।ਪੰਜਾਬੀ ਮੁੰਡੇ ਕੁੜੀਆਂ ਜਿਹੜੇ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਆਧਾਰ ’ਤੇ ਗਏ ਹਨ, ਉੱਥੇ ਕੰਮ-ਕਾਜ ਦੀ ਘਾਟ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਂਝ, ਇਕ ਸਵਾਲ ਇਹ ਵੀ ਹੈ ਕਿ ਜਿਹੜੇ ਬੱਚੇ ਪੰਜਾਬ ਅੰਦਰ ਕੱਖ ਭੰਨ ਕੇ ਦੂਹਰਾ ਨਹੀਂ ਕਰਦੇ, ਉਹ ਵਿਦੇਸ਼ਾਂ ਵਿੱਚ ਕੰਮ ਕਿਵੇਂ ਕਰ ਲੈਣਗੇ? ਇਸ ਦੇ ਵੀ ਦੋ ਪੱਖ ਨੇ ਕਿ ਮਾਪੇ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਇੱਥੋਂ ਸਿਖਾ ਕੇ ਨਹੀਂ ਭੇਜਦੇ ਅਤੇ ਉੱਥੇ ਜਾ ਕੇ ਜਦੋਂ ਉਨ੍ਹਾਂ ਬੱਚਿਆਂ ਨੂੰ ਕੰਮ ਕਰਨਾ ਪੈਂਦਾ ਹੈ ਤਾਂ ਉਹ ਚੰਗੇ ਦੀ ਬਜਾਇ ਬੁਰੇ ਸੁਫਨੇ ਦੇਖਣੇ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾਤਰ ਨੌਜਵਾਨ ਤਾਂ ਸਖ਼ਤ ਮਿਹਨਤ ਕਰ ਕੇ ਅੱਗੇ ਵਧ ਜਾਂਦੇ ਨੇ ਪਰ ਕੁਝ ਕੁ ਨੌਜਵਾਨ ਮਾੜੇ ਕੰਮਾਂ ਵਿੱਚ ਵੀ ਲੱਗ ਜਾਂਦੇ ਹਨ। ਮਾਪਿਆਂ ਦਾ ਬੱਚਿਆਂ ਤੋਂ ਦੂਰ ਹੋਣਾ ਕਈ ਵਾਰ ਬੱਚਿਆਂ ਨੂੰ ਜੀਵਨ ਲੀਲ੍ਹਾ ਸਮਾਪਤ ਕਰਨ ਲਈ ਵੀ ਮਜਬੂਰ ਕਰ ਦਿੰਦਾ ਹੈ।ਪਿਛਲੇ ਕੁਝ ਮਹੀਨਿਆਂ ਤੋਂ ਰੂਸ ਤੋਂ ਮਾੜੀਆਂ ਖ਼ਬਰਾਂ ਆ ਰਹੀਆਂ ਹਨ ਜਿੱਥੇ ਭਾਰਤੀ, ਖ਼ਾਸਕਰ ਪੰਜਾਬੀ ਨੌਜਵਾਨ ਫਸੇ ਹੋਏ ਹਨ। ਉਨ੍ਹਾਂ ਨੌਜਵਾਨਾਂ ਦਾ ਕਸੂਰ ਸਿਰਫ਼ ਇੰਨਾ ਹੈ ਕਿ ਉਹ ਇੱਥੇ ਸਰਕਾਰਾਂ ਦੀਆਂ ਕਥਿਤ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਸਨ ਪਰ ਉੱਥੇ ਜਾ ਕੇ ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ। ਇਸ ਜੰਗ ਕਾਰਨ ਬਹੁਤ ਸਾਰੇ ਭਾਰਤੀ ਅਜੇ ਵੀ ਰੂਸ ਵਿੱਚ ਫਸੇ ਹੋਏ ਹਨ। ਰੂਸ ਵਿੱਚ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।ਇੱਕ ਸੂਚਨਾ ਅਨੁਸਾਰ, ਪਿਛਲੇ ਸਾਲ ਦਰਜਨਾਂ ਨੌਜਵਾਨ ਆਪਣੀ ਜ਼ਿੰਦਗੀ ਸੁਧਾਰਨ ਦੀ ਉਮੀਦ ਵਿੱਚ ਰੂਸ ਗਏ ਸਨ। ਦਾਅਵਾ ਹੈ ਕਿ ਨੌਜਵਾਨਾਂ ਨੂੰ 2 ਲੱਖ ਰੁਪਏ ਮਹੀਨਾ ਤਨਖ਼ਾਹ ’ਤੇ ਨੌਕਰੀ ਦਿੱਤੀ ਗਈ ਪਰ ਬਾਅਦ ਵਿੱਚ ਕੁਝ ਨੌਜਵਾਨਾਂ ਨੂੰ ਰੂਸ ਦੀ ਫੌਜ ਵਿੱਚ ਭਰਤੀ ਕਰ ਲਿਆ ਗਿਆ। ਹੁਣ ਤੱਕ ਅੱਧੀ ਦਰਜਨ ਦੇ ਕਰੀਬ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ; ਦੋ ਨੌਜਵਾਨ ਜ਼ਖਮੀ ਹਾਲਤ ਵਿਚ ਭਾਰਤ ਪਰਤੇ ਹਨ। ਕਈ ਨੌਜਵਾਨਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ।ਰੂਸ ਤੋਂ ਪਰਤੇ ਯੂਪੀ ਦੇ ਨੌਜਵਾਨਾਂ ਦਾ ਦਾਅਵਾ ਹੈ ਕਿ ਨੌਕਰੀ ਦਾ ਇਸ਼ਤਿਹਾਰ ਪਿਛਲੇ ਸਾਲ ਉਨ੍ਹਾਂ ਪੜ੍ਹਿਆ ਸੀ ਜਿਸ ਵਿਚ ਰੂਸ ਅੰਦਰ ਸੁਰੱਖਿਆ ਗਾਰਡ, ਸਹਾਇਕ ਅਤੇ ਕੁੱਕ ਵਜੋਂ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ ਤੇ 2 ਲੱਖ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਦੀ ਬਜਾਇ ਉਨ੍ਹਾਂ ਨੂੰ ਜ਼ਬਰਦਸਤੀ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਗਿਆ। ਗੁਰਦਾਸਪੁਰ (ਪੰਜਾਬ) ਦੇ ਕਈ ਨੌਜਵਾਨ ਰੂਸ ਤੇ ਯੂਕਰੇਨ ਦੀ ਜੰਗ ਲੜ ਰਹੇ ਹਨ। ਇਨ੍ਹਾਂ ਨੌਜਵਾਨਾਂ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ।ਆਜ਼ਮਗੜ੍ਹ ਦੇ ਕਨ੍ਹਈਆ ਯਾਦਵ ਅਤੇ ਮਊ ਦੇ ਸ਼ਿਆਮ ਸੁੰਦਰ ਤੇ ਸੁਨੀਲ ਯਾਦਵ ਦੇ ਰੂਸ-ਯੂਕਰੇਨ ਯੁੱਧ ਵਿਚ ਮਾਰੇ ਗਏ। ਮੀਡੀਆ ਰਿਪੋਰਟ ਅਨੁਸਾਰ, ਰੂਸ ਤੋਂ ਵਾਪਸ ਆਏ ਨੌਜਵਾਨ ਨੇ ਕਿਹਾ ਕਿ ਉਹ ਜਨਵਰੀ 2024 ਵਿਚ ਰੂਸ ਗਿਆ ਸੀ। ਜਿਸ ਏਜੰਟ ਨੇ ਉਹਨੂੰ ਸਕਿਉਰਿਟੀ ਗਾਰਡ ਦੀ ਨੌਕਰੀ ਦਿਵਾਈ ਸੀ, ਉਸ ਨੇ 2 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੀ ਗੱਲ ਕੀਤੀ ਸੀ। ਜਦੋਂ ਉਹ ਰੂਸ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਕਿਹਾ ਗਿਆ। ਇਹ ਸਮਝੌਤਾ ਰੂਸੀ ਭਾਸ਼ਾ ਵਿੱਚ ਸੀ ਜਿਸ ਕਰ ਕੇ ਸਾਨੂੰ ਸਮਝ ਨਹੀਂ ਆਈ। ਪੁੱਛਣ ’ਤੇ ਏਜੰਟ ਨੇ ਦੱਸਿਆ ਕਿ ਇਸ ਵਿਚ ਉਨ੍ਹਾਂ ਦੇ ਕੰਮ ਬਾਰੇ ਸਭ ਕੁਝ ਲਿਖਿਆ ਹੋਇਆ ਹੈ।ਇਸ ਤੋਂ ਬਾਅਦ ਉਨ੍ਹਾਂ ਨੂੰ ਰਾਕੇਟ ਚਲਾਉਣ, ਬੰਬ ਸੁੱਟਣ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਗਈ। ਜਦੋਂ ਉਨ੍ਹਾਂ ਇਸ ਬਾਰੇ ਏਜੰਟ ਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਇਹ ਸਿਖਲਾਈ ਸਵੈ-ਰੱਖਿਆ ਲਈ ਦਿੱਤੀ ਜਾ ਰਹੀ ਹੈ।ਇੱਕ ਖਬਰ ਏਜੰਸੀ ਅਨੁਸਾਰ, ਸਰਕਾਰੀ ਅੰਕੜੇ ਕਹਿੰਦੇ ਹਨ ਕਿ ਰੂਸੀ ਫ਼ੌਜ ਵਿੱਚ ਸੇਵਾ ਕਰ ਰਹੇ 16 ਭਾਰਤੀ ਅਜੇ ਵੀ ਲਾਪਤਾ ਹਨ। ਇਸ ਖਬਰ ਏਜੰਸੀ ਦੀ ਰਿਪੋਰਟ ਅਨੁਸਾਰ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਰੂਸੀ ਫ਼ੌਜ ’ਚ ਸੇਵਾ ਕਰ ਰਹੇ 16 ਭਾਰਤੀ ਲਾਪਤਾ ਹਨ। ਮੰਤਰਾਲੇ ਨੇ ਕਿਹਾ ਕਿ ਰੂਸੀ ਫ਼ੌਜ ਵਿੱਚ ਸੇਵਾ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਬੇਨਤੀ ਕੀਤੀ ਗਈ ਹੈ। ਰੂਸੀ ਫ਼ੌਜ ਵਿਚ ਸੇਵਾ ਕਰ ਰਹੇ 12 ਭਾਰਤੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਰੂਸੀ ਫ਼ੌਜ ਵਿੱਚ ਸੇਵਾ ਕਰ ਰਹੇ ਭਾਰਤੀ ਨਾਗਰਿਕਾਂ ਦੇ 126 ਮਾਮਲੇ ਹਨ। ਇਨ੍ਹਾਂ 126 ਵਿੱਚੋਂ 96 ਭਾਰਤ ਪਰਤ ਆਏ ਹਨ ਅਤੇ ਰੂਸੀ ਹਥਿਆਰਬੰਦ ਬਲਾਂ ਤੋਂ ਮੁਕਤ ਹੋ ਗਏ ਹਨ। ਰੂਸੀ ਫ਼ੌਜ ਵਿੱਚ ਅਜੇ ਵੀ 18 ਭਾਰਤੀ ਨਾਗਰਿਕ ਹਨ ਜਿਨ੍ਹਾਂ ਵਿੱਚੋਂ 16 ਦਾ ਪਤਾ ਨਹੀਂ ਲੱਗ ਸਕਿਆ। ਰੂਸ ਨੇ ਇਨ੍ਹਾਂ ਨੂੰ ਲਾਪਤਾ ਦੱਸਿਆ ਹੈ।”14 ਜਨਵਰੀ 2025 ਨੂੰ ਜਾਰੀ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਿਕ, ਭਾਰਤ ਦੇ ਇੱਕ ਹੋਰ ਨੌਜਵਾਨ ਦੀ ਹੋਣ ਬਾਰੇ ਪਤਾ ਲੱਗਿਆ ਹੈ। ਰੂਸ ਵਿੱਚ ਭਾਰਤੀ ਨਾਗਰਿਕ ਦੀ ਮੌਤ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਸਰਕਾਰ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੇਰਲ ਦੇ ਇੱਕ ਭਾਰਤੀ ਨਾਗਰਿਕ ਦੀ ਮੌਤ ਬਾਰੇ ਪਤਾ ਲੱਗਾ ਹੈ ਜੋ ਕਥਿਤ ਤੌਰ ’ਤੇ ਰੂਸੀ ਫ਼ੌਜ ਵਿੱਚ ਸੇਵਾ ਕਰਨ ਲਈ ਭਰਤੀ ਕੀਤਾ ਗਿਆ ਸੀ। ਕੇਰਲ ਦਾ ਇੱਕ ਹੋਰ ਵਿਅਕਤੀ ਜਿਸ ਨੂੰ ਵੀ ਇਸੇ ਤਰ੍ਹਾਂ ਦਾਖਲ ਕਰਵਾਇਆ ਗਿਆ ਸੀ, ਜ਼ਖਮੀ ਹੈ ਅਤੇ ਮਾਸਕੋ ਦੇ ਹਸਪਤਾਲ ਵਿਚ ਇਲਾਜ ਅਧੀਨ ਹੈ। ਇਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਰੂਸੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਮ੍ਰਿਤਕ ਦੇਹਾਂ ਭਾਰਤ ਲਿਆਂਦੀਆਂ ਜਾ ਸਕਣ। ਜ਼ਖਮੀ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਭੇਜਣ ਦੀ ਮੰਗ ਵੀ ਕੀਤੀ ਹੈ।ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਨੁਸਾਰ, ਰੂਸੀ ਫ਼ੌਜ ਨੇ ਪਹਿਲਾਂ ਇਨ੍ਹਾਂ ਨੌਜਵਾਨਾਂ ਨੂੰ ਫੜ ਕੇ ਤਸ਼ੱਦਦ ਕੀਤਾ ਅਤੇ ਫਿਰ ਸਿਖਲਾਈ ਦੇ ਕੇ ਯੂਕਰੇਨ ਨਾਲ ਯੁੱਧ ਲਈ ਭੇਜਿਆ। ਹੁਣ ਇਨ੍ਹਾਂ ਦੇ ਮਾਪਿਆਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਬਾਰਡਰ ’ਤੇ ਭੇਜ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਵਿਦੇਸ਼ ਮੰਤਰਾਲੇ ਅਤੇ ਰੂਸ ਵਿਚ ਤਾਇਨਾਤ ਭਾਰਤੀ ਹਾਈ ਕਮਿਸ਼ਨ ਨੂੰ ਪੱਤਰ ਲਿਖਿਆ ਹੈ; ਜਲਦ ਹੀ ਗੱਲਬਾਤ ਵੀ ਕੀਤੀ ਜਾਵੇਗੀ। ਪਤਾ ਲੱਗਿਆ ਹੈ ਕਿ ਇਹ ਨੌਜਵਾਨ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਹਰਿਆਣਾ ਨਾਲ ਸਬੰਧਿਤ ਹਨ।ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਵੀਂ ਪੀੜ੍ਹੀ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਕਰਨ। ਨੌਜਵਾਨਾਂ ਨੂੰ ਉਨ੍ਹਾਂ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਮਿਲਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਵਿਦੇਸ਼ ਨਾ ਜਾਣ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਇੱਥੇ ਰਹਿ ਕੇ ਹੀ ਕਰਨ।ਇਸ ਸਮੇਂ ਭਾਰਤ ਵਿੱਚ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਬਹੁਤ ਪਰੇਸ਼ਾਨ ਹਨ। ਜਿਹੜੇ ਪੜ੍ਹੇ ਲਿਖੇ ਨੌਜਵਾਨ ਹਨ, ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਜਿਹੜੇ ਨੌਕਰੀਪੇਸ਼ਾ ਹਨ, ਉਹ ਕੰਮ ਦੇ ਘੰਟਿਆਂ ਤੋਂ ਪਰੇਸ਼ਾਨ ਹਨ। ਸਵੇਰੇ ਤੋਂ ਸ਼ਾਮ ਅਤੇ ਸ਼ਾਮ ਤੋਂ ਸਵੇਰ ਕਦੋਂ ਹੋ ਜਾਂਦੀ ਹੈ, ਉਨ੍ਹਾਂ ਨੂੰ ਕੋਈ ਪਤਾ ਨਹੀਂ ਲੱਗਦਾ। ਛੁੱਟੀ ਵਾਲਾ ਦਿਨ ਵੀ ਉਨ੍ਹਾਂ ਦਾ ਇੰਝ ਗੁਜ਼ਰਦਾ ਹੈ ਜਿਵੇਂ ਉਹ ਉਸ ਦਿਨ ਵੀ ਮਜ਼ਦੂਰੀ ਕਰ ਕੇ ਆਏ ਹੋਣ।ਭਾਰਤ ਦੀਆਂ ਬਹੁਗਿਣਤੀ ਕਾਰਪੋਰੇਟ ਕੰਪਨੀਆਂ ਨੌਜਵਾਨਾਂ ਦਾ ਚਿੱਟੇ ਦਿਨ ਸ਼ੋਸ਼ਣ ਕਰ ਰਹੀਆਂ ਹਨ। ਨੌਜਵਾਨ ਜਦੋਂ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਜਾਂਦੀ ਹੈ। ਇਸ ਵੇਲੇ ਭਾਰਤ ਅੰਦਰ ਨੌਜਾਵਨਾਂ ਕੋਲੋਂ 8 ਘੰਟੇ ਦੀ ਬਜਾਇ 10 ਤੋਂ 12 ਘੰਟੇ ਕੰਮ ਲਿਆ ਜਾ ਰਿਹਾ ਹੈ। ਬਹੁਤ ਸਾਰੀਆਂ ਕਾਰਪੋਰੇਟ ਕੰਪਨੀਆਂ ਨੌਜਵਾਨਾਂ ਦਾ ਸ਼ੋਸ਼ਣ ਤਾਂ ਕਰ ਹੀ ਰਹੀਆਂ ਹਨ, ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ।ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੰਮ ਦੇ ਘੰਟਿਆਂ ਵਿੱਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ। ਕਾਨੂੰਨ ਭਾਵੇਂ 8 ਘੰਟੇ ਕੰਮ ਦਿਹਾੜੀ ਦਾ ਹੀ ਹੈ ਪਰ ਜ਼ਮੀਨੀ ਪੱਧਰ ਉੱਤੇ ਜ਼ਿਆਦਾਤਰ ਕੰਮ ਥਾਵਾਂ ’ਤੇ 12 ਘੰਟੇ ਕੰਮ ਦਿਨ ਤਾਂ ਦਹਾਕਿਆਂ ਤੋਂ ਲਾਗੂ ਹੈ; 12 ਘੰਟੇ ਹੀ ਨਹੀਂ, 14-14 ਘੰਟੇ ਕੰਮ ਵੀ ਕਰਵਾਇਆ ਜਾਂਦਾ ਹੈ। ਹੁਣ ਤਾਂ ਬਸ ਕਾਨੂੰਨ ਬਦਲਣ ਦੀ ਤਿਆਰੀ ਚੱਲ ਰਹੀ ਹੈ ਤਾਂ ਕਿ ਰਹਿੰਦੀ-ਖੂੰਹਦੀ ਕਸਰ ਵੀ ਕੱਢ ਦਿੱਤੀ ਜਾਵੇ।ਸੰਪਰਕ: 95698-20314