ਰੋਗਾਣੂਨਾਸ਼ਕ ਦਵਾਈ ਦਾ ਛਿੜਕਾਅ ਕੀਤਾ

ਖੇਤਰੀ ਪ੍ਰਤੀਨਿਧ
ਪਟਿਆਲਾ, 3 ਅਪਰੈਲ
ਇੱਥੇ ਕਰੋਨਾਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਪਟਿਆਲਾ ਦੇ 9 ਬਲਾਕਾਂ ਦੀਆਂ 1038 ਪੰਚਾਇਤਾਂ ਵਿੱਚ ਸਬੰਧਿਤ ਬੀਡੀਪੀਓ ਦੀ ਨਿਗਰਾਨੀ ਹੇਠ 16000 ਲੀਟਰ ਸੋਡੀਅਮ ਹਾਈਪੋਕਲੋਰਾਈਡ ਰੋਗਾਣੂ ਨਾਸਕ ਘੋਲ ਦਾ ਛਿੜਕਾਅ ਕੀਤਾ ਜਾ ਚੁੱਕਾ ਹੈ। ਏਡੀਸੀ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸੋਡੀਅਮ ਹਾਈਪੋਕਲੋਰਾਈਡ ਕੈਮੀਕਲ ਦਾ ਛਿੜਕਾਅ ਹਰ ਪਿੰਡ ਵਿੱਚ ਤਿੰਨ ਪੜਾਵਾਂ ਵਿੱਚ ਕੀਤਾ ਜਾਣਾ ਹੈ। ਹਰ ਬਲਾਕ ਵਿੱਚ ਹੋਰ ਲੋੜੀਂਦਾ ਕੈਮੀਕਲ ਭੇਜਿਆ ਜਾਵੇਗਾ, ਤਾਂ ਕਿ ਹਰ ਪਿੰਡ ਨੂੰ 100 ਫੀਸਦੀ ਰੋਗਾਣੂ ਮੁਕਤ ਕੀਤਾ ਜਾ ਸਕੇ।

ਧੂਰੀ ਨੂੰ ਸੈਨੇਟਾਈਜ਼ ਕਰਨ ਦਾ ਚੁੱਕਿਆ ਬੀੜਾ

ਧੂਰੀ(ਪਵਨ ਕੁਮਾਰ ਵਰਮਾ): ਇੱਥੇ ਧੂਰੀ ਟਰਾਂਸਪੋਰਟ ਦੇ ਮਾਲਕ ਰਵੀ ਭੂਸ਼ਨ ਸ਼ਰਮਾਂ ਦੇ ਨੌਜਵਾਨ ਪੁੱਤਰ ਸ਼ੁਭਮ ਸ਼ਰਮਾ ਨੇ ਕਰੋਨਾਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਧੂਰੀ ਸ਼ਹਿਰ ਨੂੰ ਸੈਨੇਟਾਈਜ਼ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਮੁਹਿੰੰਮ ਵਿੱਚ ਦੋਸਤਾਂ ਨੂੰ ਨਾਲ ਲੈ ਕੇ ਸ਼ੁਭਮ ਸ਼ਰਮਾਂ ਵੱਲੋਂ ਧੂਰੀ ਦੇ ਹਰੇਕ ਵਾਰਡ ਵਿੱਚ ਘਰ-ਘਰ ਜਾ ਕੇ ਮੁਹੱਲਿਆਂ ਨੂੰ ਪ੍ਰੈਸ਼ਰ ਮਸ਼ੀਨਾਂ ਦੀ ਸਹਾਇਤਾ ਨਾਲ ਦਵਾਈਆਂ ਦਾ ਛਿੜਕਾਅ ਕਰਕੇ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

ਘਨੌਰ 180 ਪਿੰਡਾਂ ’ਚ ਸੈਨੇਟਾਈਜ਼ਰ ਸਪਰੇਅ ਕਰਵਾਇਆ

ਘਨੌਰ(ਪੱਤਰ ਪ੍ਰੇਰਕ): ਇੱਥੇ ਪਿੰਡ ਮਰਦਾਂਪੁਰ ਦੀ ਪੰਚਾਇਤ ਵੱਲੋਂ ਸਰਪੰਚ ਰਣਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਅਮਰਿੰਦਰ ਸਿੰਘ, ਪੰਚ ਹਰਮੇਸ ਸਿੰਘ ਅਤੇ ਬਲਰਾਮ ਦੀ ਅਗਵਾਈ ਵਿੱਚ ਪਿੰਡ ਦੀਆ ਜਨਤਕ ਥਾਵਾਂ, ਗਲੀ ਮੁੱਹਲਿਆਂ ਵਿੱਚ ਸੈਨੇਟਾਈਜ਼ਰ ਸਪਰੇਅ ਕੀਤੀ ਗਈ। ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਹਲਕੇ ਸਾਰੇ ਪਿੰਡਾਂ ਨੂੰ ਰੋਗਾਣੂ ਮੁਕਤ ਕਰਨ ਲਈ ਘਨੌਰ ਦੇ ਸਾਰੇ 180 ਪਿੰਡਾਂ ਵਿੱਚ ਸੈਨੇਟਾਈਜ਼ਰ ਦੀ ਸਪਰੇਅ ਹੋ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਰਹਿਣ। ਇੱਕ ਦੂਜੇ ਤੋਂ ਸਮਾਜਿਕ ਅਤੇ ਜਿਸਮਾਨੀ ਦੂਰੀ ਬਣਾ ਕੇ ਰੱਖੀ ਜਾਵੇ।

Tags :