For the best experience, open
https://m.punjabitribuneonline.com
on your mobile browser.
Advertisement

ਰੋਂਦੀ ਹੋਈ ਮਾਂ...

04:11 AM Jan 22, 2025 IST
ਰੋਂਦੀ ਹੋਈ ਮਾਂ
Advertisement

ਜਗਸੀਰ ਸਿੰਘ ਸਿੱਧੂ
ਜਦੋਂ ਮੈਂ ਆਪਣੀ ਛੁੱਟੀ ਪੂਰੀ ਕਰਕੇ ਵਾਪਸ ਕੈਨੇਡਾ ਆਉਣਾ ਸੀ ਤਾਂ ਮੈਂ ਆਪਣਾ ਸਾਮਾਨ ਇੱਕ-ਦੋ ਦਿਨ ਪਹਿਲਾਂ ਹੀ ਇਕੱਠਾ ਕਰਨ ਲੱਗ ਗਿਆ ਸੀ। ਮੈਨੂੰ ਤਿਆਰੀ ਕਰਦੇ ਨੂੰ ਜਦੋਂ ਮੇਰੀ ਮਾਂ ਦੇਖਦੀ ਤਾਂ ਉਹ ਅੰਦਰੋਂ ਅੰਦਰੀਂ ਰੋਣ ਲੱਗ ਜਾਂਦੀ। ਫਿਰ ਜਦੋਂ ਮੈਂ ਉਸ ਵੱਲ ਦੇਖਦਾ ਤਾਂ ਉਹ ਮੈਨੂੰ ਪਤਾ ਨਾ ਲੱਗੇ, ਇਸ ਲਈ ਆਪਣੀਆਂ ਅੱਖਾਂ ਸਾਫ਼ ਕਰ ਲੈਂਦੀ। ਮੇਰੀ ਮਾਂ ਮੈਨੂੰ ਆਪਣੇ ਤੋਂ ਦੂਰ ਜਾਂਦਾ ਵੀ ਨਹੀਂ ਦੇਖ ਸਕਦੀ ਸੀ।
ਮੈਂ ਸੋਚਦਾ ਹਾਂ ਕਿ ਇੱਕ ਮਾਂ ਲਈ ਕਿੰਨਾ ਔਖਾ ਹੁੰਦੈ ਆਪਣੇ ਪੁੱਤ ਨੂੰ ਆਪਣੀਆਂ ਅੱਖਾਂ ਤੋਂ ਦੂਰ ਕਰਨਾ, ਪਰ ਉਹ ਆਪਣੇ ਪੁੱਤਾਂ ਦੇ ਵਧੀਆ ਭਵਿੱਖ ਲਈ ਆਪਣੇ ਜਜ਼ਬਾਤਾਂ ਨਾਲ ਲੜਨਾ ਸਿੱਖ ਜਾਂਦੀਆਂ ਹਨ। ਆਖਿਰ ਮੇਰੀ ਮਾਂ ਨੇ ਵੀ ਅਜਿਹਾ ਹੀ ਕੀਤਾ ਅਤੇ ਮੈਨੂੰ ਦਿਲ ’ਤੇ ਪੱਥਰ ਰੱਖ ਕੇ ਬੇਗਾਨੇ ਮੁਲਕ ਨੂੰ ਤੋਰਿਆ।
ਭਾਵੇਂ ਮੈਂ ਕੈਨੇਡਾ ਆ ਕੇ ਕਾਫ਼ੀ ਸਮੇਂ ਦਾ ਹੁਣ ਸੈੱਟ ਹੋ ਚੁੱਕਿਆ ਹਾਂ, ਪਰ ਉਹ ਦ੍ਰਿਸ਼ ਮੈਂ ਅੱਜ ਤੱਕ ਨਹੀਂ ਭੁੱਲਿਆ। ਉਹਦੀਆਂ ਅੱਖਾਂ ’ਚ ਆਏ ਹੰਝੂ ਮੈਨੂੰ ਅੱਜ ਵੀ ਟਿਕਣ ਨਹੀਂ ਦਿੰਦੇ। ਮੇਰੇ ਲਈ ਆਪਣੀ ਰੋਂਦੀ ਮਾਂ ਨੂੰ ਛੱਡ ਕੇ ਆਉਣਾ ਬਹੁਤ ਔਖਾ ਸੀ। ਮੈਂ ਦਿੱਲੀ ਏਅਰਪੋਰਟ ਤੱਕ ਉਸ ਨਾਲ ਫੋਨ ’ਤੇ ਗੱਲਬਾਤ ਕਰਦਾ ਆਇਆ, ਪਰ ਉਸ ਦਾ ਭਾਰਾ ਹੋਇਆ ਗਲਾ ਇਸ ਗੱਲ ਦਾ ਅਹਿਸਾਸ ਕਰਾ ਰਿਹਾ ਸੀ ਕਿ ਉਹ ਅੰਦਰੋਂ ਕਿੰਨੀ ਦੁਖੀ ਹੈ। ਮੈਂ ਕੈਨੇਡਾ ਆਉਂਦੇ ਹੋਏ ਦੋ ਦੇਸ਼ਾਂ ਵਿੱਚ ਰੁਕ ਕੇ ਆਉਣਾ ਸੀ। ਇਸ ਲਈ ਜਦੋਂ ਮੈਂ ਕਤਰ ਉਤਰ ਕੇ ਮਾਂ ਨੂੰ ਫੋਨ ਕੀਤਾ ਤਾਂ ਉਹ ਉਦੋਂ ਵੀ ਰੋਂਦੀ ਹੋਈ ਮੇਰੇ ਉੱਥੇ ਰਹਿ ਗਏ ਕੱਪੜੇ ਧੋ ਰਹੀ ਸੀ। ਉਹ ਮੇਰੇ ਕੱਪੜਿਆਂ ’ਚੋਂ ਮੇਰੇ ਸਰੀਰ ਦੀ ਵਾਸ਼ਨਾ ਮਹਿਸੂਸ ਕਰ ਰਹੀ ਸੀ। ਜਦੋਂ ਉਸ ਨੇ ਮੈਨੂੰ ਇਹ ਗੱਲ ਦੱਸੀ ਤਾਂ ਮੇਰਾ ਵੀ ਮਨ ਭਰ ਆਇਆ ਕਿ ਮਾਂ ਕਿਵੇਂ ਪੁੱਤ ਦੇ ਵਿਛੋੜੇ ਵਿੱਚ ਤੜਫ਼ ਰਹੀ ਹੈ।
ਮੈਂ ਆਪਣੇ ਪੂਰੇ ਹਵਾਈ ਸਫ਼ਰ ਦੌਰਾਨ ਇਹੀ ਸੋਚਦਾ ਰਿਹਾ ਕਿ ਮਾਵਾਂ ਨੂੰ ਆਪਣੇ ਪੁੱਤਰਾਂ ਨਾਲ ਕਿੰਨਾ ਮੋਹ ਹੁੰਦਾ ਹੈ। ਇਹ ਸਿਰਫ਼ ਮੇਰੀ ਮਾਂ ਦੀ ਹੀ ਕਹਾਣੀ ਨਹੀਂ, ਬਲਕਿ ਲੱਖਾਂ ਪਰਦੇਸੀਆਂ ਦੀਆਂ ਮਾਵਾਂ ਅਜਿਹੀਆਂ ਹੀ ਹਨ। ਹੁਣ ਜਦੋਂ ਪੰਜਾਬ ਤੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਤਾਂ ਮੈਂ ਸੋਚਦਾ ਕਿ ਪੂਰੇ ਪੰਜਾਬ ਦੀਆਂ ਮਾਵਾਂ ਹੀ ਤੜਫ਼ ਰਹੀਆਂ ਹਨ। ਚੰਦਰੇ ਡਾਲਰਾਂ ਦੇ ਚੱਕਰ ਵਿੱਚ ਇੱਕ ਪਾਸੇ ਮਾਵਾਂ ਤੜਫ਼ ਰਹੀਆਂ ਹਨ ਅਤੇ ਦੂਜੇ ਪਾਸੇ ਲੱਖਾਂ ਪੁੱਤ ਆਪਣੀਆਂ ਮਾਵਾਂ ਦੀ ਬੁੱਕਲ ਦੇ ਨਿੱਘ ਨੂੰ ਤਰਸ ਰਹੇ ਹਨ।

Advertisement

Advertisement
Advertisement
Author Image

Balwinder Kaur

View all posts

Advertisement