ਰੇਲ ਹਾਦਸਾ: ਪੀੜਤ ਪਰਿਵਾਰਾਂ ਵੱਲੋਂ ਰੇਲਵੇ ਲਾਈਨਾਂ ਨੇੜੇ ਧਰਨਾ

ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਮੁਜ਼ਾਹਰਾ ਕਰਦੇ ਹੋਏ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਦੇ ਮੈਂਬਰ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਕਤੂਬਰ
ਦਸਹਿਰੇ ਮੌਕੇ ਪਿਛਲੇ ਵਰ੍ਹੇ ਜੌੜਾ ਫਾਟਕ ਨੇੜੇ ਵਾਪਰੇ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੇ ਮੁੜ ਵਸੇਬੇ ਲਈ ਅਤੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਸਬੰਧੀ ਅੱਜ ਮੁੜ ਦਸਹਿਰੇ ਮੌਕੇ ਰੇਲਵੇ ਲਾਈਨਾਂ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ ਵਿਚ ਤਾਇਨਾਤ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੇਲਵੇ ਲਾਈਨਾਂ ਨੇੜੇ ਜਾਣ ਦੀ ਆਗਿਆ ਨਹੀਂ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਰੇਲਵੇ ਲਾਈਨਾਂ ਨੇੜੇ ਰੋਸ ਧਰਨਾ ਦਿੱਤਾ, ਜਿਸ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
ਜਾਣਕਾਰੀ ਅਨੁਸਾਰ ਇਸ ਰੇਲ ਹਾਦਸੇ ਵਿਚ ਲਗਪਗ 60 ਵਿਅਕਤੀ ਮਾਰੇ ਗਏ ਸਨ ਅਤੇ ਲਗਪਗ ਸੌ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਹ ਸਾਰੇ ਜੌੜਾ ਫਾਟਕ ਨੇੜੇ ਧੋਬੀ ਘਾਟ ਵਿਖੇ ਮਨਾਏ ਜਾ ਰਹੇ ਦਸਹਿਰਾ ਪ੍ਰੋਗਰਾਮ ਨੂੰ ਦੇਖਣ ਲਈ ਆਏ ਸਨ ਅਤੇ ਰੇਲਵੇ ਲਾਈਨਾਂ ’ਤੇ ਖੜ੍ਹ ਕੇ ਦਸਹਿਰਾ ਦੇਖ ਰਹੇ ਸਨ। ਇਸ ਦੌਰਾਨ ਡੀਐੱਮਯੂ ਰੇਲ ਗੱਡੀ ਨੇ ਇਨ੍ਹਾਂ ਨੂੰ ਦਰੜ ਦਿੱਤਾ ਸੀ।
ਰੇਲ ਹਾਦਸੇ ਤੋਂ ਬਾਅਦ ਸਰਕਾਰ ਅਤੇ ਹੋਰ ਸਿਆਸੀ ਆਗੂਆਂ ਵੱਲੋਂ ਮੁੜ ਵਸੇਬੇ ਦੇ ਦਿੱਤੇ ਗਏ ਭਰੋਸੇ ਅਤੇ ਕੀਤੇ ਗਏ ਵਾਅਦੇ ਪੂਰੇ ਨਾ ਹੋਣ ’ਤੇ ਰੋਹ ਵਿੱਚ ਆਏ ਪੀੜਤ ਪਰਿਵਾਰਾਂ ਨੇ ਅੱਜ ਸਵੇਰੇ ਰੇਲਵੇ ਲਾਈਨਾਂ ਵੱਲ ਮਾਰਚ ਕੀਤਾ। ਮੁਜ਼ਾਹਰਾਕਾਰੀ ਰੇਲ ਪੱਟੜੀਆਂ ’ਤੇ ਧਰਨਾ ਦੇਣਾ ਚਾਹੁੰਦੇ ਸਨ। ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੇੜੇ ਨਹੀਂ ਢੁਕਣ ਦਿੱਤਾ। ਪੀੜਤ ਸੰਜੀਵ ਕੁਮਾਰ ਨੇ ਆਖਿਆ ਕਿ ਪਿਛਲੇ ਵਰ੍ਹੇ ਉਸ ਦਾ ਰਿਸ਼ਤੇਦਾਰ ਤਰੁਣ ਰੇਲ ਹਾਦਸੇ ਵਿਚ ਮਾਰਿਆ ਗਿਆ ਸੀ। ਜੇਕਰ ਅੱਜ ਵਾਂਗ ਇਥੇ ਪੁਲੀਸ ਤਾਇਨਾਤ ਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ।
ਉਸ ਨੇ ਆਖਿਆ ਕਿ ਕੁਝ ਦਿਨ ਪਹਿਲਾ ਪੀੜਤ ਪਰਿਵਾਰਾਂ ਨੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਵੀ ਧਰਨਾ ਦਿੱਤਾ ਸੀ ਅਤੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਸੀ।
ਉਸ ਨੇ ਕਿਹਾ ਕਿ ਘਟਨਾ ਵੇਲੇ ਪੀੜਤ ਪਰਿਵਾਰਾਂ ਨੂੰ 8 ਹਜ਼ਾਰ ਰੁਪਏ ਹਰ ਮਹੀਨੇ ਰਾਸ਼ਨ ਵਾਸਤੇ ਦੇਣ, ਬੱਚਿਆਂ ਦੀਆਂ ਫੀਸਾਂ ਦੇਣ ਅਤੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਦੇ ਜੀਅ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪਰ ਹਾਲੇ ਤੱਕ ਕੋਈ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਘਟਨਾ ਵੇਲੇ ਦਸਹਿਰਾ ਸਮਾਗਮ ਵਿਚ ਸ੍ਰੀ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸਨ। ਲਵਲੀ ਨਾਂ ਦੀ ਔਰਤ ਨੇ ਆਖਿਆ ਕਿ ਉਸ ਦਾ 18 ਵਰ੍ਹਿਆਂ ਦਾ ਪੁੱਤਰ ਮਾਰਿਆ ਗਿਆ ਸੀ ਅਤੇ ਉਸ ਵੇਲੇ ਸ੍ਰੀ ਸਿੱਧੂ ਨੇ ਘਰ ਆ ਕੇ ਭਰੋਸਾ ਦਿੱਤਾ ਸੀ ਕਿ ਉਸ ਦੇ ਦੂਜੇ ਬੇਟੇ ਨੂੰ ਨੌਕਰੀ ਦਿਵਾਉਣਗੇ ਪਰ ਕੁਝ ਨਹੀਂ ਹੋਇਆ। ਬਜ਼ੁਰਗ ਔਰਤ ਸਵਰਨ ਕੌਰ ਨੇ ਆਖਿਆ ਕਿ ਉਸ ਦਾ 32 ਸਾਲਾਂ ਦਾ ਨੌਜਵਾਨ ਮੁੰਡਾ ਦਲਬੀਰ ਸਿੰਘ ਹਾਦਸੇ ਦਾ ਸ਼ਿਕਾਰ ਹੋਇਆ ਸੀ। ਉਸ ਨੇ ਕਈ ਜਾਨਾਂ ਨੂੰ ਬਚਾਇਆ ਪਰ ਆਪ ਰੇਲ ਹੇਠਾਂ ਆ ਗਿਆ।
ਉਸ ਨੇ ਆਖਿਆ ਕਿ ਇਕ ਸਾਲ ਬੀਤਣ ਮਗਰੋਂ ਵੀ ਸਰਕਾਰਾਂ ਨੇ ਉਸ ਹਾਦਸੇ ਵਾਸਤੇ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਹੈ। ਪੀੜਤ ਪਰਿਵਾਰਾਂ ਨੇ ਆਖਿਆ ਕਿ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕ੍ਰਮਵਾਰ ਦੋ ਲੱਖ ਅਤੇ 5 ਲੱਖ ਰੁਪਏ ਮਦਦ ਰਾਸ਼ੀ ਵਜੋਂ ਦਿੱਤੇ ਸਨ। ਮੁੱਖ ਮੰਤਰੀ ਨੇ ਉਸ ਵੇਲੇ ਰੇਲ ਹਾਦਸੇ ਦੀ ਜਾਂਚ ਇਕ ਮਹੀਨੇ ਵਿਚ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਤਕ ਜਾਂਚ ਰਿਪੋਰਟ ਸਾਹਮਣੇ ਨਹੀਂ ਆਈ ਹੈ। ਇਹ ਰੋਸ ਧਰਨਾ ਬਾਅਦ ਦੁਪਹਿਰ ਤਕ ਜਾਰੀ ਰਿਹਾ।

ਜਾਂਚ ਰਿਪੋਰਟ ਜਨਤਕ ਕਰਨ ਲਈ ਹਾਈ ਕੋਰਟ ਜਾਵੇਗੀ ‘ਆਪ’

‘ਆਪ’ ਦੇ ਮਾਝਾ ਜ਼ੋਨ ਦੇ ਕਨਵੀਨਰ ਕੁਲਦੀਪ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਧਰਨੇ ਵਿਚ ਸ਼ਾਮਲ ਹੋ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਜਾਂਚ ਰਿਪੋਰਟ ਜਨਤਕ ਕਰਵਾਉਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 22 ਅਕਤੂਬਰ ਨੂੰ ਆਪ, ਅਕਾਲੀ ਦਲ ਤੇ ਹੋਰ ਜਥੇਬੰਦੀਆਂ ਵੱਲੋਂ ਪੀੜਤ ਲੋਕਾਂ ਦੇ ਹੱਕ ਵਿਚ ਸਾਂਝਾ ਧਰਨਾ ਦਿੱਤਾ ਜਾਵੇਗਾ।

ਪੀੜਤਾਂ ਨੂੰ ਨਿਆਂ ਦਿਵਾਵਾਂਗੇ: ਖਹਿਰਾ

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਵੀ ਪੀੜਤ ਲੋਕਾਂ ਨੂੰ ਮਿਲ ਕੇ ਆਖਿਆ ਕਿ ਕਾਂਗਰਸ ਸਰਕਾਰ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਪੀੜਤ ਪਰਿਵਾਰਾਂ ਨੂੰ ਨਿਆਂ ਨਹੀਂ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਡਰ ਕਾਰਨ ਹੀ ਜਾਂਚ ਰਿਪੋਰਟ ਨੂੰ ਜਨਤਕ ਨਹੀਂ ਕਰ ਰਹੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ।

Tags :