For the best experience, open
https://m.punjabitribuneonline.com
on your mobile browser.
Advertisement

ਰੇਲਵੇ ਓਵਰਬ੍ਰਿਜ ਦੀ ਐੱਨਓਸੀ ਲਈ ਦਿੱਤਾ ਦੋ ਦਿਨ ਦਾ ਸਮਾਂ

06:04 AM Jun 11, 2025 IST
ਰੇਲਵੇ ਓਵਰਬ੍ਰਿਜ ਦੀ ਐੱਨਓਸੀ  ਲਈ ਦਿੱਤਾ ਦੋ ਦਿਨ ਦਾ ਸਮਾਂ
ਲੁਧਿਆਣਾ ਦੇ ਕਿਚਲੂ ਨਗਰ ਵਿੱਚ ਘਰ-ਘਰ ਚੋਣ ਪ੍ਰਚਾਰ ਕਰਦੇ ਹੋਏ ਰਵਨੀਤ ਬਿੱਟੂ।
Advertisement

ਗਗਨਦੀਪ ਅਰੋੜਾ
ਲੁਧਿਆਣਾ, 10 ਜੂਨ
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਦੋਰਾਹਾ-ਸਾਹਨੇਵਾਲ ਸੜਕ ’ਤੇ ਮਹੱਤਵਪੂਰਨ ਰੇਲਵੇ ਓਵਰਬ੍ਰਿਜ ਦੇ ਲੰਬੇ ਸਮੇਂ ਤੋਂ ਲਟਕ ਰਹੀ ਉਸਾਰੀ ਨੂੰ ਮਨਜ਼ੂਰੀ ਦੇਣ ਲਈ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਅੱਜ ਲੁਧਿਆਣਾ ਪੱਛਮੀ ਹਲਕੇ ਵਿੱਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੀਟਿੰਗ ਵਿੱਚ ਬੋਲਦਿਆਂ ਬਿੱਟੂ ਨੇ ਕਿਹਾ ਕਿ ਸੂਬਾ ਸਰਕਾਰ ਪੁਲ ਲਈ ਲੋੜੀਂਦੀ ਐੱਨਓਸੀ ਨੂੰ ਰੋਕ ਕੇ ਮਹੱਤਵਪੂਰਨ ਵਿਕਾਸ ਪ੍ਰਾਜੈਕਟ ਵਿੱਚ ਰੁਕਾਵਟ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਤੋਂ ਪ੍ਰਵਾਨਗੀ ਲੈਣ ਵਾਲੀ ਫਾਈਲ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ਦਫ਼ਤਰ ਕੋਲ ਪੈਂਡਿੰਗ ਪਈ ਹੈ। ਓਵਰਬ੍ਰਿਜ ਨੂੰ ਸੂਬਾ ਹਾਈਵੇਅ ਨਾਲ ਜੋੜਨ ਲਈ ਐੱਨਓਸੀ ਜ਼ਰੂਰੀ ਹੈ ਅਤੇ ਉਹ ਪਹਿਲਾਂ ਹੀ ਸਰਕਾਰ ਨੂੰ ਦੱਸ ਚੁੱਕੇ ਹਨ ਕਿ ਭਾਰਤੀ ਰੇਲਵੇ 70 ਕਰੋੜ ਦੀ ਪੂਰੀ ਉਸਾਰੀ ਲਾਗਤ ਖੁਦ ਦੇਵੇਗਾ। ਬਿੱਟੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਨੂੰ ਕਈ ਵਾਰ ਇਸ ਸਬੰਧੀ ਬੇਨਤੀ ਕਰ ਚੁੱਕੇ ਹਨ, ਪਰ ਕੋਈ ਮੰਨਜ਼ੂਰੀ ਨਹੀਂ ਦਿੱਤੀ ਜਾ ਰਹੀ।
ਕੇਂਦਰੀ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਅੰਦਰ ਐੱਨਓਸੀ ਨਹੀਂ ਦਿੱਤੀ ਜਾਂਦੀ, ਤਾਂ ਉਹ ਮੁੱਖ ਮੰਤਰੀ ਦੇ ਕੈਂਪ ਆਫਿਸ ਪੁੱਜ ਕੇ ਉਨ੍ਹਾਂ ਨਾਲ ਸਿੱਧੇ ਸਵਾਲ ਕਰਨਗੇ।
ਲੁਧਿਆਣਾ ਪੱਛਮੀ ਉਪ-ਚੋਣ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਜੀਵਨ ਗੁਪਤਾ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਬਿੱਟੂ ਨੇ ਅਜਿਹੇ ਮਹੱਤਵਪੂਰਨ ਪ੍ਰਾਜੈਕਟਾਂ ਦੀ ਪ੍ਰਗਤੀ ਨੂੰ ਪੰਜਾਬ ਵਿੱਚ ਭਾਜਪਾ ਦੇ ਸੰਭਾਵੀ ਸ਼ਾਸਨ ਨਾਲ ਜੋੜਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧੀਨ ਰਾਸ਼ਟਰੀ ਸੁਰੱਖਿਆ ਪ੍ਰਾਪਤੀਆਂ, ਜਿਸ ਵਿੱਚ ਅਪਰੇਸ਼ਨ ਸਿੰਧੂਰ ਵੀ ਸ਼ਾਮਲ ਹੈ, ਉਸ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਪਾਕਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਹਮਲਾ ਕਰਕੇ ਦੇਸ਼ ਦਾ ਮਾਣ ਵਧਾਇਆ ਹੈ।

Advertisement

‘ਆਪ’ ਦੇ ਸਾਢੇ ਤਿੰਨ ਸਾਲ ਦੇ ਸ਼ਾਸਨ ਵਿੱਚ ਪੰਜਾਬ ਕਰਜ਼ੇ ਨਾਲ ਦੱਬਿਆ: ਬਿੱਟੂ

ਭਾਜਪਾ ਯੁਵਾ ਮੋਰਚਾ ਦੇ ਰਵੀ ਬੱਤਰਾ ਵੱਲੋਂ ਜ਼ਿਮਨੀ ਚੋਣ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਗਈ ਸੀ। ਇਸ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਭਾਜਪਾ ਉਮੀਦਵਾਰ ਜੀਵਨ ਗੁਪਤਾ, ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰਾਸ਼ੀ ਅਗਰਵਾਲ ਸ਼ਾਮਲ ਹੋਏ। ਇਸ ਮੌਕੇ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਵੀ ਯੋਜਨਾਵਾਂ ਬਣਾਉਂਦੀ ਹੈ, ਉਹ ਉਦਯੋਗ ਜਗਤ ਨੂੰ ਮਿਲ ਕੇ ਹੀ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗ ਦੀ ਤਾਕਤ ਨਾਲ ਹੀ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ ਪਰ ‘ਆਪ’ ਦੇ ਸਾਢੇ ਤਿੰਨ ਸਾਲਾਂ ਦੇ ਸ਼ਾਸਨ ਵਿੱਚ ਪੰਜਾਬ ਕਰਜ਼ੇ ਨਾਲ ਦੱਬਿਆ ਹੋਇਆ ਹੈ।

Advertisement
Advertisement

Advertisement
Author Image

Balbir Singh

View all posts

Advertisement