ਰੇਖਾ ਗੁਪਤਾ ਵੱਲੋਂ ਦਿੱਲੀ ਖੇਡਾਂ-2025 ਦਾ ਉਦਘਾਟਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਮਈ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਦਿੱਲੀ ਖੇਡਾਂ-2025 ਦਾ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਵਿੱਚ ਦਿੱਲੀ ਦੇ ਸ਼ਹਿਰੀ ਵਿਕਾਸ, ਸਿੱਖਿਆ ਅਤੇ ਸਿਖਲਾਈ ਮੰਤਰੀ, ਆਸ਼ੀਸ਼ ਸੂਦ ਵੀ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਅਥਲੀਟਾਂ ਨੂੰ ਪਿਛਲੀਆਂ ਸਰਕਾਰਾਂ ਦੀਆਂ ਕਮੀਆਂ ਦੇ ਉਲਟ ਸਾਰੀਆਂ ਜ਼ਰੂਰੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ, ਦਿੱਲੀ ਸਪੋਰਟਸ ਕੌਂਸਲ ਰਾਹੀਂ, ਇਹ ਯਕੀਨੀ ਬਣਾਏਗੀ ਕਿ ਅਥਲੀਟਾਂ ਕੋਲ ਦਿੱਲੀ ਵਿੱਚ ਸਿਖਲਾਈ ਅਤੇ ਮੁਕਾਬਲਾ ਕਰਨ ਲਈ ਸਰੋਤ ਹੋਣ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਦਾ ਸਨਮਾਨ ਦਿਵਾਉਣਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਅਥਲੀਟਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜੋ ਜ਼ਰੂਰੀ ਹਨ। ਪਿਛਲੀਆਂ ਸਰਕਾਰਾਂ ਵੱਲੋਂ ਸਹੂਲਤਾਂ ਨਾ ਿਮਲਣ ’ਤੇ ਅਥਲੀਟਾਂ ਨੂੰ ਦੂਜੇ ਰਾਜਾਂ ਵਿੱਚ ਜਾਣਾ ਪੈਂਦਾ ਸੀ। ਦਿੱਲੀ ਸਰਕਾਰ, ਦਿੱਲੀ ਸਪੋਰਟਸ ਕੌਂਸਲ ਰਾਹੀਂ, ਅਥਲੀਟਾਂ ਨੂੰ ਸਾਰੀਆਂ ਸਹੂਲਤਾਂ ਦੇਵੇਗੀ ਤਾਂ ਜੋ ਉਹ ਦਿੱਲੀ ਵਿੱਚ ਰਹਿਣ ਅਤੇ ਰਾਸ਼ਟਰੀ ਰਾਜਧਾਨੀ ਲਈ ਨਾਮਣਾ ਖੱਟਣ। ਦਿੱਲੀ ਖੇਡਾਂ ਵਿੱਚ 22,000 ਤੋਂ ਵੱਧ ਅਥਲੀਟਾਂ ਦੇ 20 ਖੇਡਾਂ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਕੁੱਝ ਖੇਡਾਂ ਵੱਖ-ਵੱਖ ਸਟੇਡੀਅਮਾਂ ਵਿੱਚ ਵੀ ਕਰਵਾਈਆਂ ਜਾਣਗੀਆਂ। ਦਿੱਲੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੌਮੀ ਰਾਜਧਾਨੀ ਦੇ ਖੇਡ ਮੈਦਾਨਾਂ ਵਿੱਚ ਸਹੂਲਤਾਂ ਵਧਾਈਆਂ ਜਾਣ। ਦਿੱਲੀ ਵਿੱਚ ਕੌਮਾਂਤਰੀ ਪੱਧਰ ਦੇ ਸਟੇਡੀਅਮ ਵੀ ਪਹਿਲਾਂ ਹੀ ਸਥਾਪਤ ਹਨ ਅਤੇ ਖੇਡ ਸੱਭਿਆਚਾਰ ਵਿਕਸਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਉਪਰ ਜ਼ੋਰ ਦਿੱਤਾ ਜਾ ਰਿਹਾ ਹੈ।
ਦਿੱਲੀ ਓਲੰਪਿਕ ਐਸੋਸੀਏਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਖੇਡਾਂ: ਸੂਦ
ਦਿੱਲੀ ਦੇ ਖੇਡ ਮੰਤਰੀ ਆਸ਼ੀਸ਼ ਸੂਦ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਰਾਜਧਾਨੀ ਵਿੱਚ ਖੇਡ ਵਾਤਾਵਰਨ ਨੂੰ ਮਜ਼ਬੂਤ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਓਲੰਪਿਕ ਲਈ ਉੱਚਾ ਟੀਚਾ ਰੱਖ ਰਿਹਾ ਹੈ, ਇਸ ਲਈ ਇਹ ਸਹੀ ਸਮਾਂ ਹੈ ਕਿ ਅਥਲੀਟਾਂ ਨੂੰ ਉਸ ਪੱਧਰ ਤੱਕ ਪਹੁੰਚਣ ਲਈ ਤਿਆਰ ਕੀਤਾ ਜਾਵੇ। ਇਸ ਮੈਗਾ ਸਪੋਰਟਸ ਈਵੈਂਟ ਵਿੱਚ ਸ਼ਹਿਰ ਭਰ ਦੇ 25 ਤੋਂ ਵੱਧ ਸਥਾਨਾਂ ‘ਤੇ 40 ਤੋਂ ਵੱਧ ਈਵੈਂਟਾਂ ਵਿੱਚ 12,000 ਤੋਂ ਵੱਧ ਅਥਲੀਟਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਇਹ ਖੇਡਾਂ ਦਿੱਲੀ ਓਲੰਪਿਕ ਐਸੋਸੀਏਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਅਤੇ ਪੈਟਰੋਲੀਅਮ ਮੰਤਰਾਲੇ ਦੇ ਅਧੀਨ ਜਨਤਕ ਖੇਤਰ ਦੇ ਅਦਾਰਿਆਂ ਵੱਲੋਂ ਸਪਾਂਸਰ ਕੀਤੀਆਂ ਜਾ ਰਹੀਆਂ ਹਨ।