For the best experience, open
https://m.punjabitribuneonline.com
on your mobile browser.
Advertisement

ਰੂਸ-ਯੂਕਰੇਨ ਗੋਲੀਬੰਦੀ

04:50 AM Mar 13, 2025 IST
ਰੂਸ ਯੂਕਰੇਨ ਗੋਲੀਬੰਦੀ
Advertisement

ਅਮਰੀਕਾ ਵੱਲੋਂ ਯੂਕਰੇਨ ਨੂੰ 30 ਦਿਨਾਂ ਦੀ ਗੋਲੀਬੰਦੀ ਲਈ ਮਨਾਉਣਾ ਰੂਸ ਨਾਲ ਚੱਲ ਰਹੀ ਇਸ ਦੀ ਜੰਗ ਵਿੱਚ ਅਹਿਮ ਮੋੜ ਹੈ। ਅਮਰੀਕਾ ਦੇ ਰੱਖੇ ਪ੍ਰਸਤਾਵ ਨੂੰ ਯੂਕਰੇਨ ਨੇ ਸਵੀਕਾਰ ਕੀਤਾ ਹੈ। ਇਹ ਟਕਰਾਅ ਤੁਰੰਤ ਰੁਕਣ ਨਾਲ ਭਾਵੇਂ ਤਬਾਹੀ ਤੋਂ ਕੁਝ ਸਮੇਂ ਲਈ ਰਾਹਤ ਜ਼ਰੂਰ ਮਿਲੇਗੀ, ਪਰ ਬੁਨਿਆਦੀ ਸਵਾਲ ਅਜੇ ਵੀ ਕਾਇਮ ਹੈ: ਕੀ ਇਹ ਹੰਢਣਸਾਰ ਸ਼ਾਂਤੀ ਲਈ ਚੁੱਕਿਆ ਗਿਆ ਅਸਲ ਕਦਮ ਹੈ ਜਾਂ ਮਹਿਜ਼ ਆਰਜ਼ੀ ਰਣਨੀਤਕ ਦਾਅ ਖੇਡਿਆ ਗਿਆ ਹੈ? ਗੋਲੀਬੰਦੀ ਸਮਝੌਤੇ ਤੋਂ ਬਾਅਦ ਅਮਰੀਕਾ ਵੱਲੋਂ ਕੀਵ ਨੂੰ ਫ਼ੌਜੀ ਮਦਦ ਅਤੇ ਖੁਫ਼ੀਆ ਜਾਣਕਾਰੀ ਦੇਣ ਦੇ ਫ਼ੈਸਲੇ ਤੋਂ ਸਪੱਸ਼ਟ ਹੈ ਕਿ ਇਹ ਸ਼ਾਂਤੀ ਨਾਜ਼ੁਕ ਹੈ ਅਤੇ ਕਦੇ ਵੀ ਭੰਗ ਹੋ ਸਕਦੀ ਹੈ। ਵਾਸ਼ਿੰਗਟਨ ਦੀ ਸ਼ਮੂਲੀਅਤ ਲੈਣ-ਦੇਣ ਵਾਲੀ ਰਹੀ ਹੈ, ਜੋ ਅਕਸਰ ਇਸ ਦੇ ਆਪਣੇ ਭੂ-ਰਾਜਨੀਤਕ ਹਿੱਤਾਂ ਨਾਲ ਜੁੜੀ ਹੁੰਦੀ ਹੈ। ਇਸ ਦਾ ਸਬੂਤ ਹਾਲ ਹੀ ਵਿੱਚ ਯੂਕਰੇਨ ਅਤੇ ਅਮਰੀਕਾ ਵਿਚਾਲੇ ਦੁਰਲੱਭ ਖਣਿਜਾਂ ਲਈ ਦੁਬਾਰਾ ਹੋਇਆ ਸਮਝੌਤਾ ਹੈ। ਇਹ ਸ਼ੱਕ ਪੈਦਾ ਕਰਦਾ ਹੈ ਕਿ ਕੀ ਵਾਕਈ ਇਹ ਗੋਲੀਬੰਦੀ ਟਕਰਾਅ ਠੱਲ੍ਹਣ ਲਈ ਹੈ ਜਾਂ ਆਰਥਿਕ ਤੇ ਰਣਨੀਤਕ ਲਾਹਾ ਲੈਣ ਦਾ ਮਹਿਜ਼ ਜ਼ਰੀਆ ਹੈ। ਅਮਰੀਕਾ ਵੱਲੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਹਿੱਤਾਂ ਨੂੰ ਪਹਿਲ ਦੇਣ ਦੇ ਦ੍ਰਿਸ਼ਟੀਕੋਣ ਤੋਂ ਸਾਰੇ ਵਾਕਿਫ਼ ਹਨ।
ਇਸ ਤੋਂ ਇਲਾਵਾ ਰੂਸ ਦੇ ਹੁੰਗਾਰੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਗੋਲੀਬੰਦੀ ਲਈ ਵਚਨਬੱਧ ਨਹੀਂ ਹਨ ਤੇ ਗੋਲੀਬੰਦੀ ਦੀਆਂ ਪਹਿਲਾਂ ਹੋਈਆਂ ਕੋਸ਼ਿਸ਼ਾਂ ਲੰਮਾਂ ਸਮਾਂ ਨਹੀਂ ਕੱਢ ਸਕੀਆਂ। ਜੇਕਰ ਮਾਸਕੋ ਇਸ ਦਾ ਪਾਲਣ ਨਹੀਂ ਕਰਦਾ ਤਾਂ ਟਕਰਾਅ ਬੇਰੋਕ ਜਾਰੀ ਰਹੇਗਾ; ਸਿੱਟੇ ਵਜੋਂ ਇਹ ਸਮਝੌਤਾ ਅਰਥਹੀਣ ਸਾਬਿਤ ਹੋਵੇਗਾ। ਇਸ ਲਈ ਰੂਸ ਦਾ ਵਚਨਬੱਧਤਾ ਨਾਲ ਧਿਰ ਬਣਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਅਮਰੀਕਾ-ਯੂਕਰੇਨ ਦੇ ਸਾਂਝੇ ਬਿਆਨ ਵਿੱਚ ਯੂਕਰੇਨ ਲਈ ਠੋਸ ਸੁਰੱਖਿਆ ਗਾਰੰਟੀ ਦੀ ਗ਼ੈਰ-ਮੌਜੂਦਗੀ ਦਰਸਾਉਂਦੀ ਹੈ ਕਿ ਕੀਵ ਨੂੰ ਸ਼ਾਇਦ ਲੰਮੇ ਸਮੇਂ ਲਈ ਉਹ ਭਰੋਸਾ ਨਹੀਂ ਮਿਲ ਸਕਿਆ ਜੋ ਇਹ ਚਾਹੁੰਦਾ ਹੈ। ਯੂਰੋਪ ਵੀ ਯੂਕਰੇਨ ਲਈ ਸੁਰੱਖਿਆ ਗਾਰੰਟੀ ਦੀ ਮੰਗ ਕਰ ਰਿਹਾ ਹੈ ਅਤੇ ਲਾਮਬੰਦ ਹੋਇਆ ਹੈ।
ਗੋਲੀਬੰਦੀ ਦੀ ਸਫਲਤਾ ਇਸ ਚੀਜ਼ ’ਤੇ ਨਿਰਭਰ ਕਰੇਗੀ ਕਿ ਕੀ ਇਹ ਟਕਰਾਅ ਹੋਰ ਵਧਣ ਤੋਂ ਪਹਿਲਾਂ ਮਹਿਜ਼ ਵਿਰਾਮ ਦਾ ਕੰਮ ਕਰਨ ਦੀ ਬਜਾਇ, ਅਰਥਪੂਰਨ ਸੰਵਾਦ ਨੂੰ ਜਨਮ ਦਿੰਦੀ ਹੈ ਜਾਂ ਨਹੀਂ। ਜੇਕਰ ਕੂਟਨੀਤੀ ਕੰਮ ਨਹੀਂ ਕਰਦੀ ਤਾਂ ਜੰਗ ਪਹਿਲਾਂ ਨਾਲੋਂ ਵੱਧ ਭੜਕ ਕੇ ਮੁੜ ਸ਼ੁਰੂ ਹੋ ਸਕਦੀ ਹੈ; ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਸ਼ਾਂਤੀ ਲਈ ਵਚਨਬੱਧਤਾ ਦਾ ਸੰਕੇਤ ਕੀਤਾ ਹੈ, ਇਸ ਲਈ ਦਬਾਅ ਹੁਣ ਰੂਸ ਉੱਤੇ ਹੈ। ਅਮਰੀਕਾ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਦੀ ਮਦਦ ਸਥਿਰਤਾ ਲਈ ਹੋਵੇ ਨਾ ਕਿ ਵਿੱਤੀ ਮੌਕਾਪ੍ਰਸਤੀ ਖ਼ਾਤਿਰ। ਯੂਕਰੇਨ ਲਈ ਇਹ ਸ਼ਾਂਤੀ ਹਾਲਾਤ ਨੂੰ ਮੁੜ ਠੀਕ ਕਰਨ ਦਾ ਮੌਕਾ ਹੈ। ਸੰਸਾਰ ਲਈ ਵੀ ਇਹ ਇੱਕ ਤਰ੍ਹਾਂ ਦੀ ਅਜ਼ਮਾਇਸ਼ ਹੀ ਹੈ, ਇਹ ਦੇਖਣ ਲਈ ਕਿ ਕੀ ਨਿਰੰਤਰ ਟਕਰਾਅ ਦੇ ਇਸ ਦੌਰ ਵਿੱਚ ਅਜੇ ਵੀ ਕੂਟਨੀਤੀ ’ਚ ਕੋਈ ਥਾਂ ਬਚੀ ਹੈ ਜਾਂ ਨਹੀਂ? ਜ਼ਾਹਿਰ ਹੈ ਕਿ ਆਉਣ ਵਾਲਾ ਸਮਾਂ ਸੰਸਾਰ ਸਿਆਸਤ ਲਈ ਬੜਾ ਮਹੱਤਵਪੂਰਨ ਹੈ ਅਤੇ ਇਹ ਭਵਿੱਖ ਉੱਤੇ ਅਸਰਅੰਦਾਜ਼ ਹੋਵੇਗਾ।

Advertisement

Advertisement
Advertisement
Advertisement
Author Image

Jasvir Samar

View all posts

Advertisement