ਰੂਟ ਨੂੰ ਲੈ ਕੇ ਦੋ ਟਰੱਕ ਡਰਾਈਵਰ ਭਿੜੇ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਮਈ
ਟਰੱਕ ਯੂਨੀਅਨ ਮਾਛੀਵਾੜਾ ਵਿੱਚ ਦੋ ਟਰੱਕ ਮਾਲਕਾਂ ਦੀ ਰੂਟ ਨੂੰ ਲੈ ਕੇ ਬਹਿਸ ਹੋ ਗਈ। ਇਹ ਬਹਿਸ ਇੰਨੀ ਅੱਗੇ ਵੱਧ ਗਈ ਕਿ ਉਨ੍ਹਾਂ ਵਿੱਚੋਂ ਇੱਕ ਨੇ ਦੂਜੇ ਦੇ ਮੂੰਹ ’ਤੇ ਗਰਮ ਚਾਹ ਦਾ ਭਰਿਆ ਗਲਾਸ ਮਾਰ ਕੇ ਜਖ਼ਮੀ ਕਰ ਦਿੱਤਾ। ਮਨਿੰਦਰ ਸਿੰਘ ਉਰਫ਼ ਰਾਜਾ ਨੇ ਮਾਛੀਵਾੜਾ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਤੇ ਬੀਤੀ 6 ਮਈ ਨੂੰ ਜਦੋਂ ਟਰੱਕ ਯੂਨੀਅਨ ਵਿੱਚ ਮੌਜੂਦ ਸੀ ਤਾਂ ਉੱਥੇ ਪਰਮਜੀਤ ਸਿੰਘ ਨਾਮ ਦਾ ਇੱਕ ਹੋਰ ਟਰੱਕ ਮਾਲਕ ਆ ਕੇ ਉਸ ਦਾ ਨਾਮ ਲੈ ਕੇ ਗਾਲ੍ਹਾਂ ਕੱਢਣ ਲੱਗ ਪਿਆ।
ਬਿਆਨਕਰਤਾ ਅਨੁਸਾਰ ਜਦੋਂ ਉਸ ਨੂੰ ਪੁੱਛਿਆ ਕਿ ਗਾਲ੍ਹਾਂ ਕਿਉਂ ਕੱਢ ਰਿਹਾ ਹੈ ਤਾਂ ਪਰਮਜੀਤ ਸਿੰਘ ਨੇ ਆਪਣੇ ਹੱਥ ਵਿਚ ਫੜਿਆ ਗਰਮ ਚਾਹ ਦਾ ਗਲਾਸ ਉਸ ਦੇ ਮੂੰਹ ’ਤੇ ਮਾਰਿਆ ਅਤੇ ਗਲਾਸ ਦੇ ਕੱਚ ਨਾਲ ਮੂੰਹ ’ਤੇ ਕਈ ਵਾਰ ਕੀਤੇ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਖ਼ਮੀ ਹਾਲਤ ਵਿੱਚ ਮਨਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਪੁਲੀਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਪਰਮਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।