For the best experience, open
https://m.punjabitribuneonline.com
on your mobile browser.
Advertisement

ਰੁੱਤ ਮੇਲੀਆਂ ਦੀ: ਹਰ ਰਾਹ ਲੁਧਿਆਣੇ ਜਾਵੇ..!

05:37 AM Jun 09, 2025 IST
ਰੁੱਤ ਮੇਲੀਆਂ ਦੀ  ਹਰ ਰਾਹ ਲੁਧਿਆਣੇ ਜਾਵੇ
‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਰੋਡ ਸ਼ੋਅ ਕਰਦੇ ਹੋਏ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ। -ਫੋਟੋ: ਹਿਮਾਂਸ਼ੂ ਮਹਾਜਨ
Advertisement
ਚਰਨਜੀਤ ਭੁੱਲਰ
Advertisement

ਚੰਡੀਗੜ੍ਹ, 8 ਜੂਨ

Advertisement
Advertisement

ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਦਸ ਦਿਨ ਬਚੇ ਹਨ। ਸਿਆਸੀ ਧਮਕ ਲੁਧਿਆਣੇ ’ਚ ਪੈ ਰਹੀ ਹੈ ਜਦਕਿ ਚੰਡੀਗੜ੍ਹ ਦੇ ਦਫ਼ਤਰਾਂ ’ਚ ਖ਼ਾਮੋਸ਼ੀ ਛਾਈ ਹੋਈ ਹੈ। ਇੰਜ ਕਹਿ ਲਓ ਕਿ ਹੁਣ ਹਰ ਰਾਹ ਲੁਧਿਆਣੇ ਨੂੰ ਜਾ ਰਿਹਾ ਹੈ। ਵੋਟਾਂ 19 ਜੂਨ ਨੂੰ ਪੈਣਗੀਆਂ ਅਤੇ 17 ਜੂਨ ਦੀ ਸ਼ਾਮ ਨੂੰ ਪੰਜ ਵਜੇ ਚੋਣ ਪ੍ਰਚਾਰ ਬੰਦ ਹੋਵੇਗਾ। ਆਉਂਦੇ ਦਿਨਾਂ ’ਚ ਲੁਧਿਆਣਾ ਪੱਛਮੀ ਦੇ ਹਰ ਗਲੀ-ਮੁਹੱਲੇ ’ਚ ਵੀਆਈਪੀਜ਼ ਨਜ਼ਰ ਆਉਣਗੇ। ਗੱਡੀਆਂ ਦੇ ਹੂਟਰ ਵੱਜਣਗੇ ਅਤੇ ਗਰਮੀ ’ਚ ਸਿਆਸੀ ਨੇਤਾ ਮੁੜਕੋ-ਮੁੜਕੀ ਹੋਣਗੇ। ਆਮ ਆਦਮੀ ਪਾਰਟੀ ਲਈ ਆਪਣੇ ਉਮੀਦਵਾਰ ਸੰਜੀਵ ਅਰੋੜਾ ਨੂੰ ਜੇਤੂ ਬਣਾਉਣ ਦੇ ਕਈ ਮਾਅਨੇ ਹਨ।

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 10 ਜੂਨ ਨੂੰ ਪੰਜਾਬ ਦੇ ਤਿੰਨ ਦਿਨਾਂ ਦੌਰੇ ’ਤੇ ਆ ਰਹੇ ਹਨ। ਮੁਹਾਲੀ, ਫ਼ਤਿਹਗੜ੍ਹ ਸਾਹਿਬ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ’ਚ ਉਨ੍ਹਾਂ ਦੇ ਪ੍ਰੋਗਰਾਮ ਰੱਖੇ ਗਏ ਹਨ। ਲੁਧਿਆਣਾ ਦੇ ਕਈ ਵਾਰਡਾਂ ’ਚ ਕੇਜਰੀਵਾਲ ਚੋਣ ਪ੍ਰਚਾਰ ਕਰਨਗੇ। ‘ਆਪ’ ਲਈ ਇਹ ਚੋਣ ਬਹੁਤ ਵੱਕਾਰੀ ਹੈ। ਲੁਧਿਆਣਾ ਪੱਛਮੀ ’ਚ 17 ਵਾਰਡ ਹਨ। ਕਾਂਗਰਸ ਤੇ ‘ਆਪ’ ਦੇ 80 ਸਟਾਰ ਪ੍ਰਚਾਰਕ ਹਨ। ਮਤਲਬ ਕਿ ਹਰ ਦੋ ਵਾਰਡਾਂ ਪਿੱਛੇ ਦੋਵੇਂ ਪਾਰਟੀਆਂ ਦੇ 10 ਸਟਾਰ ਪ੍ਰਚਾਰਕ ਕੰਮ ਕਰਨਗੇ। ‘ਆਪ’ ਦੇ ਸਾਰੇ ਵਜ਼ੀਰਾਂ ਨੇ ਵਾਰਡ ਮੁਤਾਬਕ ਡੇਰੇ ਜਮਾ ਲਏ ਹਨ।

ਦੋ ਦਿਨਾਂ ਤੋਂ ‘ਆਪ’ ਨੇ ਦੋ-ਦੋ ਬੂਥਾਂ ਪਿੱਛੇ ਇੱਕ-ਇੱਕ ਵਿਧਾਇਕ ਲਗਾ ਦਿੱਤਾ ਹੈ। ਸਮੁੱਚੇ ਪੰਜਾਬ ’ਚੋਂ ‘ਆਪ’ ਨੇ ਆਪਣੇ ਵਿਧਾਇਕ ਸੱਦ ਲਏ ਹਨ। ਪਾਰਟੀ ਨੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਇੱਕ ਐਪ ਵਿੱਚ ਆਪੋ-ਆਪਣੀ ਲੋਕੇਸ਼ਨ ਅਤੇ ਫ਼ੋਟੋ ਪਾਉਣ ਲਈ ਕਿਹਾ ਹੈ। ਦਿੱਲੀ ਦੀਆਂ ਚੈਕਿੰਗ ਟੀਮਾਂ ਪੰਜਾਬ ਦੇ ਵਿਧਾਇਕਾਂ ਤੇ ਵਜ਼ੀਰਾਂ ’ਤੇ ਨਜ਼ਰ ਰੱਖ ਰਹੀਆਂ ਹਨ। ‘ਆਪ’ ਦੇ ਵਿਧਾਇਕ ਤੇ ਵਜ਼ੀਰ ਅਤੇ ਵਿਰੋਧੀ ਧਿਰਾਂ ਦੇ ਆਗੂ ਸਵੇਰ ਵਕਤ ਪਾਰਕਾਂ ’ਚ ਨਜ਼ਰ ਆਉਂਦੇ ਹਨ। ਇੱਕ ਸਨਅਤਕਾਰ ਨੇ ਦੱਸਿਆ ਕਿ ਉਪ ਚੋਣ ਕਰਕੇ ਹਲਕੇ ਦੇ ਲੋਕਾਂ ਦਾ ਸੈਰ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਕੈਬਨਿਟ ਮੰਤਰੀ ਇਸ ਗੱਲੋਂ ਅੰਦਰੋਂ ਹਿੱਲੇ ਹੋਏ ਹਨ ਕਿ ਉਪ ਚੋਣ ਮਗਰੋਂ ਕੈਬਨਿਟ ਦੇ ਫੇਰਬਦਲ ’ਚ ਉਨ੍ਹਾਂ ਦਾ ਕਿਤੇ ਪੱਤਾ ਨਾ ਕੱਟਿਆ ਜਾਵੇ। ਕੁਝ ਵਿਧਾਇਕ ਉਪ ਚੋਣ ’ਚ ਇਸ ਕਰਕੇ ਪਸੀਨਾ ਵਹਾ ਰਹੇ ਹਨ ਕਿ ਕੈਬਨਿਟ ਫੇਰਬਦਲ ’ਚ ਉਨ੍ਹਾਂ ਦੇ ਹਿੱਸੇ ਝੰਡੀ ਵਾਲੀ ਕਾਰ ਆ ਸਕਦੀ ਹੈ। ਦੋ ਵਜ਼ੀਰਾਂ ਦੀ ਡਿਊਟੀ ਗੁਰਦੁਆਰਾ ਅਤੇ ਮੰਦਰ ਕਮੇਟੀਆਂ ਨਾਲ ਮੀਟਿੰਗਾਂ ਕਰਨ ’ਤੇ ਲਾਈ ਹੋਈ ਹੈ।

ਉਧਰ ਕਾਂਗਰਸ ਦੀ ਅੰਦਰੂਨੀ ਪਾਟੋ-ਧਾੜ ਸਿਖਰ ’ਤੇ ਪਹੁੰਚ ਗਈ ਹੈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਆਪਸੀ ਖਿੱਚੋਤਾਣ ਤਿੱਖੀ ਹੋ ਗਈ ਹੈ। ਕਾਂਗਰਸ ’ਚ ਖਿੱਚੋਤਾਣ ਨਾਲ ‘ਆਪ’ ਨੂੰ ਧਰਵਾਸ ਹੈ। ਸਿਆਸੀ ਹਲਕਿਆਂ ਮੁਤਾਬਕ ਜੇ ਕਾਂਗਰਸ ਹੁਣ ਵੀ ਇਕਜੁੱਟ ਹੋ ਕੇ ਮੈਦਾਨ ’ਚ ਆ ਜਾਵੇ ਤਾਂ ਨਤੀਜਾ ਕੁਝ ਹੋਰ ਹੀ ਹੋ ਸਕਦਾ ਹੈ।

ਲੁਧਿਆਣਾ ਪੱਛਮੀ ਦੇ ਇੱਕ ਸੀਨੀਅਰ ਆਗੂ ਦਲਜੀਤ ਸਿੰਘ ਕੁਰਦ ਨੇ ਕਿਹਾ ਕਿ ਮੁਕਾਬਲਾ ਫਸਵਾਂ ਹੈ ਅਤੇ ਕਿਸੇ ਲਈ ਵੀ ਰਾਹ ਸੌਖਾ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਦੇਸ਼ ਤੋਂ ਪਰਤ ਆਏ ਹਨ। ਜਾਣਕਾਰੀ ਮੁਤਾਬਕ ਉਹ ਧੜਿਆਂ ਨੂੰ ਇਕਜੁੱਟ ਕਰਨ ਵਾਸਤੇ ਕੋਸ਼ਿਸ਼ਾਂ ਕਰ ਰਹੇ ਹਨ। ਆਉਂਦੇ ਦਿਨਾਂ ਵਿੱਚ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵੀ ਲੁਧਿਆਣਾ ਆਉਣਗੇ। ‘ਆਪ’ ਨੇ ਉਪ ਚੋਣ ’ਚ ਵਿਰੋਧੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਮੁਖ਼ਾਤਿਬ ਹੋ ਕੇ ‘ਹੰਕਾਰ ਤੇ ਪਿਆਰ’ ਦੀ ਟੱਕਰ ਦਾ ਨਾਅਰਾ ਦਿੱਤਾ ਹੈ ਜਦੋਂ ਕਿ ਕਾਂਗਰਸ ਨੇ ‘ਦਿੱਲੀਵਾਲੇ’ ਦਾ ਨਾਅਰਾ ਦਿੱਤਾ ਹੈ। ‘ਆਪ’ ਦੇ ਆਗੂ ਆਖਦੇ ਹਨ ,‘ਅਸੀਂ ਕੰਮ ਕਰਾਂਗੇ, ਉਹ ਝਗੜਾ ਕਰਨਗੇ।’ ਇਸੇ ਤਰ੍ਹਾਂ ਕਾਂਗਰਸੀ ਨੇਤਾ ਪ੍ਰਚਾਰ ਕਰ ਰਹੇ ਹਨ ਕਿ ‘ਸੰਜੀਵ ਅਰੋੜਾ ਤਾਂ ਬਹਾਨਾ ਹੈ, ਕੇਜਰੀਵਾਲ ਨੇ ਰਾਜ ਸਭਾ ਜਾਣਾ ਹੈ।’ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਪ੍ਰਚਾਰ ਲਈ 10 ਜੂਨ ਨੂੰ ਭਾਜਪਾ ਆਗੂ ਅਨੁਰਾਗ ਠਾਕੁਰ ਲੁਧਿਆਣਾ ਆਉਣਗੇ। ਆਉਂਦੇ ਦਿਨਾਂ ’ਚ ਵੱਡੀਆਂ ਸਿਆਸੀ ਹਸਤੀਆਂ ਇਸ ਹਲਕੇ ’ਚ ਨਜ਼ਰ ਆਉਣਗੀਆਂ।

ਗਰਮੀ ਕਾਰਨ ਵੋਟ ਫ਼ੀਸਦ ’ਤੇ ਪੈ ਸਕਦੈ ਅਸਰ

ਲੁਧਿਆਣਾ ਵਾਸੀ ਸਨਅਤ ਮਾਲਕ ਈਸ਼ਵਰ ਸਿੰਘ ਭੰਦੋਹਲ ਨੇ ਕਿਹਾ ਕਿ ਜੂਨ ਦੀ ਗਰਮੀ ਕਰਕੇ ਵੋਟ ਫ਼ੀਸਦ ਘਟਣ ਦਾ ਅਨੁਮਾਨ ਹੈ ਕਿਉਂਕਿ ਇਨ੍ਹਾਂ ਦਿਨਾਂ ’ਚ ਲੋਕ ਘੁੰਮਣ-ਫਿਰਨ ਚਲੇ ਜਾਂਦੇ ਹਨ। ਦੂਸਰੇ ਪਾਸੇ ਚੰਡੀਗੜ੍ਹ ਦੇ ਸਕੱਤਰੇਤ ’ਚ ਖ਼ਾਮੋਸ਼ੀ ਛਾਈ ਹੋਈ ਹੈ। ਵਜ਼ੀਰਾਂ ਦੇ ਦਫ਼ਤਰਾਂ ’ਚ ਕੁਰਸੀਆਂ ਖ਼ਾਲੀ ਪਈਆਂ ਹਨ। ਦਫ਼ਤਰੀ ਸਟਾਫ਼ ਤੇ ਸੇਵਾਦਾਰ ਉਬਾਸੀਆਂ ਲੈ ਰਹੇ ਹਨ। ਨਵੀਆਂ ਮੀਟਿੰਗਾਂ ਅਤੇ ਨਵੀਆਂ ਨੀਤੀਆਂ ’ਤੇ ਕੋਈ ਮੰਥਨ ਨਹੀਂ ਹੋ ਰਿਹਾ ਹੈ। ਸਮੁੱਚੀ ਸਰਕਾਰ ਦਾ ਫੋਕਸ ਲੁਧਿਆਣਾ ਪੱਛਮੀ ’ਤੇ ਹੋ ਗਿਆ ਹੈ। ਆਈਏਐੱਸ ਅਫ਼ਸਰਾਂ ਦੀ ਦਫ਼ਤਰਾਂ ਵਿੱਚ ਹਾਜ਼ਰੀ ਵੀ ਘਟੀ ਹੈ। ਦਫ਼ਤਰਾਂ ’ਚ ਲੁਧਿਆਣਾ ਚੋਣ ਦੇ ਨਤੀਜੇ ਦੇ ਕਿਆਸਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ।

Advertisement
Author Image

Gurpreet Singh

View all posts

Advertisement