ਰੁਜ਼ਗਾਰ ਮੇਲੇ ਦੇ ਪਹਿਲੇ ਦਿਨ 872 ਨੌਜਵਾਨਾਂ ਨੂੰ ਮਿਲੀ ਨੌਕਰੀ

ਬਠਿੰਡਾ ਵਿੱਚ ਚੱਲ ਰਹੇ ਰੁਜ਼ਗਾਰ ਮੇਲੇ ਮੌਕੇ ਨੌਕਰੀ ਦੀ ਭਾਲ ਲਈ ਜੁੜੇ ਨੌਜਵਾਨ।

ਮਨੋਜ ਸ਼ਰਮਾ
ਬਠਿੰਡਾ, 20 ਸਤੰਬਰ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਲਗਾਏ ਗਏ ਮੈਗਾ ਰੁਜ਼ਗਾਰ ਮੇਲੇ ਦੌਰਾਨ ਅੱਜ ਪਹਿਲੇ ਦਿਨ 872 ਨੌਜਵਾਨ ਲੜਕੇ ਲੜਕੀਆਂ ਨੂੰ ਸਵੈ ਰੁਜ਼ਗਾਰ ਲਈ ਚੁਣਿਆ ਗਿਆ। ਇਸ ਮੇਲੇ ਦਾ ਡਿਪਟੀ ਕਮਿਸ਼ਨਰ ਸ੍ਰੀਨਿਵਾਸਨ ਨੇ ਉਦਘਾਟਨ ਕੀਤਾ। ਉਨ੍ਹਾਂ ਮੇਲੇ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪਹਿਲੇ ਦਿਨ ਰੁਜ਼ਗਾਰ ਮੇਲੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੇਲੇ ’ਚ ਤਕਰੀਬਨ 1512 ਬਿਨੈਕਾਰਾਂ ਵਲੋਂ ਅਰਜ਼ੀਆਂ ਦਿੱਤੀਆਂ ਗਈਆਂ। ਜਿਨ੍ਹਾਂ ਵਿੱਚੋਂ 872 ਯੋਗ ਪ੍ਰਾਰਥੀਆਂ ਨੂੰ ਰੁਜ਼ਗਾਰ ਲਈ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ 21 ਅਤੇ 22 ਸਤੰਬਰ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਵਿੱਚ ਵੀ ਰੁਜ਼ਗਾਰ ਮੇਲਾ ਲੱਗੇਗਾ ਅਤੇ 24 ਸਤੰਬਰ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਰੁਜ਼ਗਾਰ ਮੇਲਾ ਲਾਇਆ ਜਾਵੇਗਾ। ਇਸੇ ਤਰ੍ਹਾਂ 30 ਸਤੰਬਰ ਨੂੰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਡੀਸੀ ਨੇ ਕਿਹਾ ਕਿ ਅਸਫ਼ਲ ਰਹੇ ਉਮੀਦਵਾਰ ਅਗਲੇ ਦਿਨਾਂ ਦੌਰਾਨ ਰੁਜ਼ਗਾਰ ਮੇਲਿਆਂ ’ਚ ਪਹੁੰਚ ਕੇ ਯੋਗਤਾ ਮੁਤਾਬਕ ਰੁਜ਼ਗਾਰ ਪ੍ਰਾਪਤ ਕਰਨ।

ਮਾਹੂਆਣਾ ਵਿੱਚ ਰੁਜ਼ਗਾਰ ਮੇਲਾ
ਲੰਬੀ (ਇਕਬਾਲ ਸਿੰਘ ਸ਼ਾਂਤ): ਅੱਜ ਮਾਹੂਆਣਾ ਵਿੱਚ ਰੁਜ਼ਗਾਰ ਮੇਲੇ ’ਚ 982 ਕਰੀਬ ਨੌਜਵਾਨ ਅਤੇ ਨੌਕਰੀਆਂ ਲਈ ਇੰਟਰਵਿਊ ਲੈਣ 67 ਅਦਾਰੇ ਅਤੇ ਕੰਪਨੀਆਂ ਦੇ ਨੁਮਾਇੰਦੇ ਪੁੱਜੇ ਸਨ। 1349 ਅਸਾਮੀਆਂ ਲਈ ਇੰਟਰਵਿਊ ’ਚ 639 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ, ਜਦਕਿ ਸਵੈ-ਰੁਜ਼ਗਾਰ ਲਈ 179 ਅਤੇ ਹੁਨਰ ਵਿਕਾਸ ਸਬੰਧੀ ਸਿਖਲਾਈ ਲਈ 157 ਨੌਜਵਾਨਾਂ ਨੂੰ ਚੁਣਿਆ ਗਿਆ। ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਕੁਮਾਰ ਨੇ ਕੀਤਾ।

Tags :