ਜੋਗਿੰਦਰ ਸਿੰਘ ਓਬਰਾਏਦੋਰਾਹਾ, 19 ਜੂਨਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਹਿਰੀ ਪਾਣੀ ਖੇਤਾਂ ਨੂੰ ਦੇਣ ਲਈ ਚੁੱਕੇ ਸੂਇਆਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਪੱਕੇ ਕੀਤੇ ਸੂਇਆਂ ਵਿਚ ਪਾਣੀ ਛੱਡਣ ’ਤੇ ਥਾਂ-ਥਾਂ ਪਾੜ ਪੈਣ ਕਾਰਨ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਮਰਾਲਾ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ ਨੇ ਦੱਸਿਆ ਕਿ ਇੱਥੋਂ ਨੇੜਲੇ ਪਿੰਡ ਰੁਪਾਲੋਂ ਦੇ ਸੂਏ ਵਿੱਚ ਪਿਛਲੇ ਚਾਰ ਦਿਨਾਂ ਤੋਂ ਪਾਣੀ ਛੱਡਣ ਕਾਰਨ ਦੋ ਵਾਰ ਪਾੜ ਪੈ ਚੁੱਕਾ ਹੈ ਜੋ ਠੇਕੇਦਾਰ ਵੱਲੋਂ ਘਟੀਆ ਸਮੱਗਰੀ ਵਰਤੇ ਜਾਣ ਦਾ ਸੰਕੇਤ ਦੇ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਕਮਿਸ਼ਨ ’ਤੇ ਕੰਮ ਕਰਨ ਵਾਲਿਆਂ ਨੂੰ ਸਰਕਾਰ ਦੁਹਾਈ ਦਿੰਦੀ ਪਿਛਲੇ ਤਿੰਨ ਸਾਲ ਤੋਂ ਨਜ਼ਰ ਆ ਰਹੀ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਪਰ ਇਨ੍ਹਾਂ ਸੂਇਆਂ ਨੇ ਸਰਕਾਰ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ। ਪਿੰਡ ਦੇ ਸੂਏ ਵਿੱਚ ਪਏ ਇਸ ਪਾੜ ਕਾਰਨ ਕਿਸਾਨ ਅਵਤਾਰ ਸਿੰਘ ਦੇ ਖੇਤਾਂ ’ਚ ਪਾਣੀ ਭਰ ਗਿਆ, ਜਿਸ ਨਾਲ ਸਮਰਸੀਬਲ ਮੋਟਰ ਵਿੱਚ ਪਾਣੀ ਪੈ ਗਿਆ ਹੈ ਅਤੇ ਮੋਟਰ ਵਾਲੇ ਕਮਰੇ ’ਚ ਪਏ ਖਾਦ ਦੇ ਥੈਲੇ ਖਰਾਬ ਹੋ ਗਏ। ਉਨ੍ਹਾਂ ਨਹਿਰੀ ਵਿਭਾਗ ਨੂੰ ਅਪੀਲ ਕੀਤੀ ਕਿ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਰੁਪਾਲੋਂ ਸੂਏ ਦਾ ਪੁਲ, ਜੋ ਬਰਸਾਤ ਕਾਰਨ ਦੱਬਦਾ ਨਜ਼ਰ ਆ ਰਿਹਾ ਹੈ, ਨੂੰ ਸਮਾਂ ਰਹਿੰਦੇ ਠੀਕ ਕਰਵਾਇਆ ਜਾਵੇ। ਇਸ ਮੌਕੇ ਜਗਦੇਵ ਸਿੰਘ, ਸਤਿੰਦਰ ਸਿੰਘ, ਕਰਮਵੀਰ ਸਿੰਘ, ਹਰਪਾਲ ਸਿੰਘ, ਤਪਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਹਾਜ਼ਰ ਸਨ।ਜਲਦੀ ਪਾੜ ਪੂਰਿਆ ਜਾਵੇਗਾ: ਐੱਸਡੀਓਨਹਿਰੀ ਵਿਭਾਗ ਦੇ ਐੱਸਡੀਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਸੂਏ ਵਿੱਚ ਪਹਿਲਾਂ ਹੀ ਕਿਸਾਨਾਂ ਵੱਲੋਂ ਅੰਡਰ ਗਰਾਊਂਡ ਪਾਈਪਾਂ ਪਾਈਆਂ ਹੋਈਆਂ ਜਿਨ੍ਹਾਂ ਦੀ ਲੀਕੇਜ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਤੋਂ ਇਲਾਵਾ ਬਰਸਾਤ ਕਾਰਨ ਮਿੱਟੀ ਦੱਬ ਗਈ ਹੈ ਜਿਸ ਕਾਰਨ ਪਾੜ ਪਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਨੂੰ ਜਲਦੀ ਠੀਕ ਕਰਵਾ ਕੇ ਸੂਏ ਦਾ ਪਾਣੀ ਆਮ ਵਾਂਗ ਚਾਲੂ ਕੀਤਾ ਜਾਵੇਗਾ।