ਰੁਜ਼ਗਾਰ ਮੇਲੇ ਵਿਚ 1119 ਨੌਜਵਾਨਾਂ ਦੀ ਚੋਣ

ਜਤਿੰਦਰ ਸਿੰਘ ਬੈਂਸ
ਗੁਰਦਾਸਪੁਰ, 20 ਸਤੰਬਰ

ਕੈਬਨਿਟ ਮੰਤਰੀ ਅਰੁਣਾ ਚੌਧਰੀ ਰੁਜ਼ਗਾਰ ਮੇਲੇ ਦਾ ਨਿਰੀਖਣ ਕਰਦੇ ਹੋਏ। -ਫੋਟੋ: ਬੈਂਸ

ਸਥਾਨਕ ਬੇਅੰਤ ਇੰਜਨੀਅਰਿੰਗ ਕਾਲਜ ਵਿਚ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕੀਤਾ। ਕੈਬਨਿਟ ਮੰਤਰੀ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮੁੱਹਈਆ ਕਰਾਉਣ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦਿੰਦਿਆਂ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਵਿਚ 30 ਸਤੰਬਰ ਤੱਕ ਅਜਿਹੇ ਰੁਜ਼ਗਾਰ ਮੇਲੇ ਲਾ ਕੇ ਰੁਜ਼ਗਾਰ ਦਿੱਤਾ ਜਾਵੇਗਾ। ਉਦਘਾਟਨ ਸਮਾਗਮ ਵਿਚ ਬੇਅੰਤ ਕਾਲਜ ਦੇ ਡਾਇਰੈਕਟਰ ਡਾ. ਟੀਐੱਸ ਸਿੱਧੂ ਨੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਜੀ ਆਇਆਂ ਆਖਿਆ ਅਤੇ ਸਨਮਾਨ ਚਿੰਨ ਭੇਟ ਕੀਤਾ। ਰੁਜ਼ਗਾਰ ਮੇਲੇ ਦੌਰਾਨ ਇਲਾਕੇ ਦੇ 1723 ਨੌਜਵਾਨ ਰੁਜ਼ਗਾਰ ਦੀ ਆਸ ਲਈ ਪੁੱਜੇ। ਜਿਨ੍ਹਾਂ ਵਿੱਚੋਂ 1119 ਨੌਜਵਾਨ ਰੁਜ਼ਗਾਰ ਹਾਸਲ ਕਰਨ ਵਿੱਚ ਸਫ਼ਲ ਰਹੇ। ਇਸ ਤੋਂ ਇਲਾਵਾ 159 ਨੌਜਵਾਨਾਂ ਦੀ ਸਵੈ-ਰੁਜ਼ਗਾਰ ਸ਼ੁਰੂ ਕਰਾਉਣ ਅਤੇ 123 ਦੀ ਸਕਿਲ ਟਰੇਨਿੰਗ ਲਈ ਵੀ ਚੋਣ ਕੀਤੀ ਗਈ। ਇਸ ਮੌਕੇ ਸੁਰਿੰਦਰ ਸਿੰਘ, ਡਾ. ਨਿਰਮਲ ਸਿੰਘ, ਅਮਨਦੀਪ ਸਿੰਘ, ਅਮਿਤ ਵਰਮਾ, ਅਕਸ਼ੈ ਮਹਾਜਨ, ਰਾਜੀਵ ਬੇਦੀ, ਪ੍ਰਸ਼ੋਤਮ ਸਿੰਘ, ਬਿਕਰਮਜੀਤ ਸਿੰਘ, ਸੰਜੀਵ ਕੁਮਾਰ ਹਾਜ਼ਰ ਸਨ।

ਬਟਾਲਾ ’ਚ ਰੁਜ਼ਗਾਰ ਮੇਲਾ ਅੱਜ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵਲੋਂ ਸਨਅਤੀ ਸ਼ਹਿਰ ਬਟਾਲਾ ਵਿਚ ਮੈਗਾ ਰੁਜ਼ਗਾਰ ਮੇਲਾ ਸ਼ਨਿੱਚਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਰੁਜ਼ਗਾਰ ਮੇਲੇ ਵਿਚ ਦੇਸ਼ ਦੀਆਂ ਨਾਮੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵੱਲੋਂ ਯੋਗ ਨੌਜਵਾਨਾਂ ਦੀ ਨੌਕਰੀਆਂ ਲਈ ਚੋਣ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਇਸ ਸਬੰਧੀ ਦੱਸਿਆ ਕਿ ਇਹ ਰੁਜ਼ਗਾਰ ਮੇਲਾ ਆਈ.ਕੇ. ਗੁਜਰਾਲ ਪੀਟੀਯੂ ਸੈਂਟਰ (ਸਰਕਾਰੀ ਪਾਲੀਟੈਕਨਿਕ ਕਾਲਜ) ਬਟਾਲਾ ਵਿਚ ਲੱਗੇਗਾ।

Tags :