ਰੁਜ਼ਗਾਰ ਮੇਲਾ: ਹਜ਼ਾਰ ਨੌਜਵਾਨਾਂ ਦੀ ਸਵੈ-ਰੁਜ਼ਗਾਰ ਲਈ ਚੋਣ

ਰੁਜ਼ਗਾਰ ਮੇਲੇ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਗੱਲਬਾਤ ਕਰਦੇ ਹੋਏ।

ਰਵੇਲ ਸਿੰਘ ਭਿੰਡਰ
ਪਟਿਆਲਾ, 20 ਸਤੰਬਰ
ਸਥਾਨਕ ਆਈ.ਟੀ.ਆਈ. ਲੜਕਿਆਂ ਵਿੱਚ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਅੱਜ ਲਗਪਗ 1800 ਨੌਕਰੀਆਂ ਲਈ ਇੰਟਰਵਿਊ ਅਤੇ ਟੈਸਟ ਦੀ ਪ੍ਰੀਕ੍ਰਿਆ ਹੋਈ, ਜਦ ਕਿ ਕਰੀਬ ਇੱਕ ਹਜ਼ਾਰ ਨੌਜਵਾਨਾਂ ਦੀ ਚੋਣ ਸਵੈ ਰੁਜ਼ਗਾਰ ਲਈ ਕੀਤੀ ਗਈ ਜਿਨ੍ਹਾਂ ਨੂੰ ਲੋਨ ਦੇ ਨਾਲ -ਨਾਲ ਸਬੰਧਤ ਕਿੱਤੇ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ। ਮੇਲੇ ਵਿੱਚ ਕਰੀਬ 3500 ਨੌਜਵਾਨਾਂ ਨੇ ਹਿੱਸਾ ਲਿਆ। ਇਸ ਮੇਲੇ ਵਿੱਚ ਬਹੁਰਾਸ਼ਟਰੀ ਕੰਪਨੀਆਂ ਸਮੇਤ ਦੇਸ਼ ਵਿਦੇਸ਼ ਦੀਆਂ 20 ਤੋਂ ਜ਼ਿਆਦਾ ਕੰਪਨੀਆਂ ਨੇ ਭਾਗ ਲਿਆ ਅਤੇ ਆਪਣੀ ਪਸੰਦ ਅਤੇ ਨੌਜਵਾਨਾਂ ਦੀ ਯੋਗਤਾ ਮੁਤਾਬਿਕ ਭਰਤੀ ਕੀਤੀ। ਇਸ ਮੇਲੇ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਲਗਾਤਾਰ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਨ੍ਹਾਂ ਦੇ ਸ਼ਹਿਰ ਦੇ ਨੇੜੇ ਤੇੜੇ ਦੀ ਉਪਲਬੱਧ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਰੁਜ਼ਗਾਰ ਮੇਲੇ ਦਾ ਜਾਇਜ਼ਾ ਲੈਂਦੇ ਹੋਏ ਨਾ ਕੇਵਲ ਭਾਗ ਲੈਣ ਵਾਲੇ ਨੌਜਵਾਨਾਂ ਨਾਲ ਗੱਲ ਕੀਤੀ ਬਲਕਿ ਮੇਲੇ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕੀਤੀ। ਕੁਮਾਰ ਅਮਿਤ ਨੇ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸਿਖਲਾਈ ਪ੍ਰਾਪਤ ਆਈ.ਟੀ.ਆਈ. ਅਤੇ ਕਈ ਤਕਨੀਕੀ ਸੰਸਥਾਵਾਂ ਤੋਂ ਸਿੱਖਿਆ ਲੈਣ ਵਾਲੇ ਅੱਜ ਦੇ ਯੁੱਗ ਵਿੱਚ ਵਧੀਆ ਟਰੇਨਿੰਗ ਲੈ ਸਕਦੇ ਹਨ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੂਨਮਦੀਪ ਕੌਰ ਨੇ ਰੁਜ਼ਗਾਰ ਮੇਲੇ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਾਂ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ।

‘ਪੱਲੇ ਕੁੱਝ ਨਹੀਂ ਪਇਆ, ਸਿਵਾਏ ਇੰਤਜ਼ਾਰ ਦੇ’
ਭਾਵੇਂ ਸਰਕਾਰੀ ਤੌਰ ’ਤੇ ਰੁਜ਼ਗਾਰ ਮੇਲੇ ਦੀਆਂ ਕਈ ਉਪਲਬੱਧੀਆਂ ਗਿਣਾਈਆਂ ਜਾ ਰਹੀਆਂ ਸਨ, ਪ੍ਰੰਤੂ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਵੇਖੇ ਗਏ ਜਿਹੜੇ ਕਿ ਮੇਲੇ ਤੋਂ ਪੂਰੀ ਤਰ੍ਹਾਂ ਨਿਰਾਸ਼ ਸਨ। ਕੁਝ ਨੌਜਵਾਨਾਂ ਦੱਸਿਆ ਕਿ ਉਨ੍ਹਾਂ ਦੇ ਸਰਟੀਫਿਕੇਟ ਨਿਰੀਖਣ ਕਰਨ ਮਗਰੋਂ ਨੌਕਰੀ ਲਈ ਇੰਤਜ਼ਾਰ ਕਰਨ ਲਈ ਕਹਿ ਦਿੱਤਾ ਗਿਆ ਹੈ। ਜਦੋਂ ਕਿ ਕੁਝ ਨੌਜਵਾਨਾਂ ਸਪੱਸ਼ਟ ਦੱਸਿਆ ਕਿ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ, ਉਹ ਵੱਡੀ ਆਸ ਨਾਲ ਆਏ ਜ਼ਰੂਰ ਸਨ ਪਰ ਆਖ਼ਿਰ ਨਿਰਾਸ਼ ਪਰਤਣ ਲਈ ਮਜਬੂਰ ਹਨ।

Tags :