ਰੀ-ਡਿਵੈਲਪਮੈਂਟ ਮਾਮਲਾ: ਗ੍ਰਹਿ ਸਕੱਤਰ ਨੂੰ ਸਿੱਖਾਂ ਦੇ ਰੋਸ ਬਾਰੇ ਜਾਣੂ ਕਰਵਾਇਆ

ਦਿੱਲੀ ਕਮੇਟੀ ਦੇ ਅਹੁਦੇਦਾਰ ਬੈਠਕ ਮਗਰੋਂ ਦਿੱਲੀ ਸਕੱਤਰੇਤ ਵਿੱਚੋਂ ਬਾਹਰ ਆਉਂਦੇ ਹੋਏ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ 22 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਦਿੱਲੀ ਸਕੱਤਰੇਤ ਵਿੱਚ ਭਾਈ ਮਤੀਦਾਸ ਚੌਕ ਨੂੰ ਲੈ ਕੇ ਬੁਲਾਈ ਗਈ ਬੈਠਕ ਵਿਚ ਹਿੱਸਾ ਲੈਂਦੇ ਹੋਏ ਸਿੱਖਾਂ ਦੇ ਰੋਸ ਤੋਂ ਦਿੱਲੀ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਜਾਣੂ ਕਰਵਾਇਆ, ਜਿਸ ਮਗਰੋਂ ਉਨ੍ਹਾਂ ਆਪਣੇ ਫ਼ੈਸਲੈ ਵਿਚ ਤਬਦੀਲੀ ਕਰਦੇ ਹੋਏ ਸੁੰਦਰੀਕਰਨ ਦੀ ਗੱਲ ਆਖੀ। ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਸਰਕਾਰ ਵੱਲੋਂ ਜਾਰੀ ਨੋਟਿਸ ਪ੍ਰਾਪਤ ਹੋਇਆ ਜਿਸ ਵਿਚ ਚਾਂਦਨੀ ਚੌਕ ਦੇ ਰੀ-ਡਿਵੈਲਪਮੈਂਟ ‘ਤੇ ਵਿਚਾਰ ਕਰਨ ਹਿੱਤ ਬੁਲਾਈ ਗਈ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ’ਤੇ ਫੌਰੀ ਕਾਰਵਾਈ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਤੇ ਜਨਰਲ ਸਕੱਤਰ ਵੱਲੋਂ ਪੱਤਰ ਦਿੱਲੀ ਦੇ ਮੁੱਖ ਮੰਤਰੀ ਨੂੰ ਲਿਖ ਕੇ ਉਨ੍ਹਾਂ ਜਾਣੂ ਕਰਾਇਆ ਕਿ ਇਹ ਅਸਥਾਨ ਸਿੱਖਾਂ ਲਈ ਇੱਕ ਪਵਿੱਤਰ ਅਸਥਾਨ ਹੈ ਕਿਉਂਕਿ ਇਸ ਅਸਥਾਨ ‘ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਣੇ ਕਈ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦਿੱਲੀ ਸਰਕਾਰ ਵੱਲੋਂ ਬੁਲਾਈ ਮੀਟਿੰਗ ਵਿਚ ਪੁੱਜੇ ਤੇ ਉਨ੍ਹਾਂ ਨੂੰ ਵੀ ਭਾਈ ਮਤੀਦਾਸ ਚੌਕ ਤੋਂ ਛੇੜਛਾੜ ਦੀ ਖ਼ਬਰ ਨਾਲ ਸਿੱਖਾਂ ‘ਚ ਪੈਦਾ ਹੋਏ ਰੋਸ ਤੋਂ ਜਾਣੂ ਕਰਵਾਇਆ।
ਹਰਮੀਤ ਸਿੰਘ ਕਾਲਕਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਵੀ ਸੂਰਤ ਵਿਚ ਭਾਈ ਮਤੀਦਾਸ ਚੌਕ ‘ਤੇ ਰੀ-ਡਿਵੈਲਪਮੈਂਟ ਦੇ ਨਾ ’ਤੇ ਕੇਜਰੀਵਾਲ ਸਰਕਾਰ ਨੂੰ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਤੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਸਿੱਖ ਕੌਮ ਇਤਿਆਸਕ ਥਾਵਾਂ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰੇਗੀ।
ਕਾਲਕਾ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਜਲ ਬੋਰਡ ਅਤੇ ਪੀਡਬਲਿਊਡੀ ਵਿਭਾਗ ਵੱਲੋਂ ਪੈਦਾ ਕੀਤੀਆਂ ਦੁਵਿਧਾਵਾਂ ਦੇ ਬਾਵਜੂਦ ਕੇਜਰੀਵਾਲ ਸਰਕਾਰ ਨੇ ਇਹ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਨੋਟਿਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਦਿੱਲੀ ਦੇ ਸਿੱਖਾਂ ਦੀ ਰਹਿਨੁਮਾਈ ਕਰਦੀ ਹੈ ਉਸ ਨੂੰ ਨੋਟਿਸ ਨਹੀਂ ਭੇਜਿਆ ਗਿਆ ਸੀ ਪਰ ਇਸ ਦੇ ਬਾਵਜੂਦ ਜਦੋਂ ਇਹ ਮਾਮਲਾ ਉਨ੍ਹਾਂ ਸਾਹਮਣੇ ਆਇਆ ਤਾਂ ਤੁਰੰਤ ਇਸ ‘ਤੇ ਕਾਰਵਾਈ ਕਰਦੇ ਹੋਏ ਉਹ ਇਸ ਮੀਟਿੰਗ ਵਿਚ ਸ਼ਾਮਲ ਹੋਏ। ਕਾਲਕਾ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਗ੍ਰਹਿ ਸਕੱਤਰ ਨੇ ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਵਾਇਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਭਾਈ ਮਤੀਦਾਸ ਚੌਕ ਨਾਲ ਨਹੀਂ ਕੀਤੀ ਜਾਵੇਗੀ।

ਭਾਈ ਮਤੀਦਾਸ ਚੌਕ ਬਾਰੇ ਸਿਰਸਾ ਦੇ ਬਿਆਨ ਦੀ ਸਖ਼ਤ ਨਿੰਦਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਰਕਾਰ ਵੱਲੋਂ ਚਾਂਦਨੀ ਚੌਕ ‘ਚ ਸਥਿਤ ਇਤਿਹਾਸਕ ਭਾਈ ਮਤੀਦਾਸ ਤੇ ਸਾਥੀ ਸਿੱਖ ਸ਼ਹੀਦਾਂ ਦੀ ਯਾਦਗਾਰ ਦੀ ਸੁੰਦਰਤਾ ਲਈ ਉਲੀਕੇ ਜਾ ਰਹੀ ਯੋਜਨਾ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤਰਫੋਂ ਬੀਤੀ ਸ਼ਾਮ ਜਾਰੀ ਵੀਡੀਓ ਦੀ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਸਖ਼ਤ ਨਿੰਦਾ ਕੀਤੀ ਹੈ। ਜਰਨੈਲ ਸਿੰਘ ਨੇ ਜਵਾਬੀ ਵੀਡੀਓ ਪਾ ਕੇ ਸਪੱਸ਼ਟ ਕੀਤਾ ਕਿ ਦਿੱਲੀ ਸਰਕਾਰ ਵੱਲੋਂ ਮਤੀਦਾਸ ਚੌਕ ਬਿਲਕੁਲ ਵੀ ਨਹੀਂ ਤੋੜਿਆ ਜਾ ਰਿਹਾ ਸਗੋਂ ਸ਼ਾਹਜਹਾਂਬਾਦ ਰੀਡਿਵਲੈਪਮੈਂਟ ਪ੍ਰਾਜੈਕਟ ਤਹਿਤ ਇਸ ਇਲਾਕੇ ਦੀ ਸੁੰਦਰਤਾ ਵਧਾਈ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਸਿਰਸਾ ਭਾਜਪਾ ਦੇ ਵਿਧਾਇਕ ਹਨ ਭਾਜਪਾ ਦਾ ਕੰਮ ਹੀ ਲੋਕਾਂ ਨੂੰ ਧਾਰਮਿਕ ਲੀਹਾਂ ਉਪਰ ਭੜਕਾ ਕੇ ਫਿਰਕੂਪੁਣਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਾਜੈਕਟ ਉਪਰਾਜਪਾਲ ਵੱਲੋਂ ਪਾਸ ਕੀਤਾ ਗਿਆ ਸੀ ਤੇ ਇਸ ਯੋਜਨਾ ਤਹਿਤ ਇਲਾਕੇ ਦਾ ਸੁੰਦਰੀਕਰਨ ਹੀ ਕੀਤਾ ਜਾ ਰਿਹਾ ਹੈ ਨਾ ਕਿ ਮਤੀਦਾਸ ਦੀ ਯਾਦਗਾਰ ਨੂੰ ਕੋਈ ਨੁਕਸਾਨ ਪੁੱਜਦਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 20 ‘ਚ ਵੀ ਮਤੀਦਾਸ ਚੌਕ ਦੇ ਸੁੰਦਰੀਕਰਨ ਦਾ ਮਾਮਲਾ ਤਤਕਾਲੀ ਵਿਧਾਇਕ ਜਰਨੈਲ ਸਿੰਘ (ਰਾਜੌਰੀ ਗਾਰਡਨ) ਨੇ ਦਿੱਲੀ ਸਰਕਾਰ ਕੋਲ ਉਠਾ ਕੇ ਮਤੀਦਾਸ ਤੇ ਸਾਥੀ ਸ਼ਹੀਦਾਂ ਦੀ ਯਾਦਗਾਰ ਨਾ ਹਟਾਉਣ ਤੇ ਧਾਰਮਿਕ ਸ਼ਖ਼ਸੀਅਤਾਂ ਦੀ ਰਾਇ ਨਾਲ ਹੋਰ ਸੁੰਦਰ ਬਣਾਉਣ ਦਾ ਫ਼ੈਸਲਾ ਕਰਵਾ ਦਿੱਤਾ ਸੀ।

Tags :