ਰਿਸ਼ਤੇ
ਮੇਜਰ ਸਿੰਘ ਮੱਟਰਾਂ
ਇਹ 1980ਵਿਆਂ ਦੀ ਗੱਲ ਹੈ ਜਦੋਂ ਮੈਂ ਵਿਦਿਆਰਥੀ ਲਹਿਰ ਵਿਚ ਕੁਲਵਕਤੀ ਕੰਮ ਕਰਦਾ ਸੀ। ਪਿੰਡ ਕਈ-ਕਈ ਮਹੀਨਿਆਂ ਬਾਅਦ ਹੀ ਚੱਕਰ ਲਗਦਾ ਸੀ। ਇਸੇ ਦੌਰਾਨ ਬਰਨਾਲਾ ਇਲਾਕੇ ਦੇ ਪਿੰਡ ਜੋਧਪੁਰ ਤੋਂ ਬੰਤ ਸਿੰਘ ਦੀ ਪਤਨੀ ਸੁਰਿੰਦਰ ਕੌਰ ਦੀ ਸਾਡੇ ਪਿੰਡ ਮੱਟਰਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਦਲੀ ਹੋ ਗਈ। ਸਾਡੇ ਪਿੰਡ ਨੂੰ ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਅਧਿਆਪਕ ਪਿੰਡ ਵਿਚ ਰਹਿਣ ਨੂੰ ਪਹਿਲ ਦਿੰਦੇ ਸਨ। ਬੰਤ ਸਿੰਘ ਸਿਰਫ ਮੇਰੇ ਨਾਂ ਤੋਂ ਵਾਕਿਫ਼ ਸੀ, ਅਸੀਂ ਕਦੇ ਮਿਲੇ ਨਹੀਂ ਸੀ। ਉਹ ਪਿੰਡ ਵਿੱਚ ਪੁੱਛ ਕੇ ਸਾਡੇ ਘਰ ਪਹੁੰਚ ਗਏ। ਚਾਹ ਪਾਣੀ ਪੀਣ ਤੋਂ ਬਾਅਦ ਉਨ੍ਹਾਂ ਆਪਣੀ ਮੁਸ਼ਕਿਲ ਦੱਸ ਕੇ ਕਿਰਾਏ ’ਤੇ ਰਹਿਣ ਲਈ ਬੇਨਤੀ ਕੀਤੀ। ਮੇਰੀ ਮਾਂ ਹਰਚੇਤ ਕੌਰ ਨੇ ਕਿਹਾ, “ਸਾਡੇ ਘਰ ਰਹੋ ਜਿੰਨਾ ਚਿਰ ਮਰਜ਼ੀ ਪਰ ਸਾਡੀ ਸ਼ਰਤ ਹੈ ਕਿ ਅਸੀਂ ਤੁਹਾਡੇ ਕੋਲੋਂ ਕਿਰਾਇਆ ਨਹੀਂ ਲੈਣਾ ਅਤੇ ਨਾ ਹੀ ਇਸ ਕੁੜੀ ਨੂੰ ਵੱਖਰੀ ਰੋਟੀ ਪਕਾਉਣ ਦੇਣੀ ਹੈ।” ਉਸ ਦਿਨ ਤੋਂ ਬਾਅਦ ਉਹ ਕੁੜੀ ਸਾਡੇ ਘਰ ਰਹਿਣ ਲੱਗ ਪਈ ਅਤੇ ਕੁਝ ਦਿਨਾਂ ਅੰਦਰ ਹੀ ਸਾਡੇ ਪਰਿਵਾਰ ਦੀ ਜੀਅ ਬਣ ਗਈ।
ਸਮਾਂ ਬੀਤਦਾ ਗਿਆ ਅਤੇ ਇਹ ਕੁੜੀ ਸਾਡੇ ਘਰ ਵਿੱਚ ਇੰਨੀ ਰਚਮਿਚ ਗਈ ਕਿ ਬਾਹਰੋਂ ਆਉਣ ਵਾਲਾ ਉਹਨੂੰ ਸਾਡੀ ਹੀ ਕੁੜੀ ਸਮਝਦਾ ਸੀ। ਉਹਨੂੰ ਆਪਣੇ ਪਿੰਡ ਜਾਣ ਸਮੇਂ ਮੇਰਾ ਭਰਾ ਗੁਰਦੇਵ ਸਿੰਘ ਪਿੰਡ ਨਦਾਮਪੁਰ ਜਾਂ ਥੰਮਨਸਿੰਘਵਾਲੇ ਦੇ ਬੱਸ ਅੱਡੇ ’ਤੇ ਆਪ ਛੱਡ ਕੇ ਆਉਂਦਾ ਅਤੇ ਆਪ ਹੀ ਲੈ ਕੇ ਆਉਂਦਾ।
ਉਨ੍ਹਾਂ ਦਿਨਾਂ ਵਿੱਚ ਜਦੋਂ ਕਿਸੇ ਕਿਸਾਨ ਤੋਂ ਬੈਂਕ ਦੀ ਕਿਸ਼ਤ ਨਹੀਂ ਸੀ ਭਰੀ ਜਾਂਦੀ ਤਾਂ ਬੈਂਕ ਵਾਲੇ ਪੁਲੀਸ ਨੂੰ ਲੈ ਕੇ ਉਸ ਕਿਸਾਨ ਨੂੰ ਫੜ ਕੇ ਲੈ ਜਾਂਦੇ ਸਨ। ਇਸੇ ਦੌਰਾਨ ਇੱਕ ਵਾਰ ਕਰਜ਼ੇ ਦੀ ਕਿਸ਼ਤ ਲੇਟ ਹੋ ਜਾਣ ਕਾਰਨ ਲੈਂਡ ਮਾਰਗੇਜ ਬੈਂਕ ਦੇ ਅਧਿਕਾਰੀਆਂ ਨੇ ਪੁਲੀਸ ਫੋਰਸ ਲੈ ਕੇ ਸਾਡੇ ਘਰ ਛਾਪਾ ਮਾਰਿਆ; ਪੁਲੀਸ ਨੇ ਮੇਰੇ ਬਾਪੂ ਸੁਰਜਨ ਸਿੰਘ ਨੂੰ ਘਰ ਦੇਖ ਕੇ ਉਨ੍ਹਾਂ ਨੂੰ ਫੜਨਾ ਚਾਹਿਆ। ਐਨ ਉਸੇ ਸਮੇਂ ਇਹ ਕੁੜੀ ਸਕੂਲ ਤੋਂ ਘਰ ਪਹੁੰਚ ਗਈ। ਉਹਨੇ ਪੁਲੀਸ ਵੱਲੋਂ ਬਾਪੂ ਜੀ ਦੀ ਬਾਂਹ ਫੜੀ ਦੇਖ ਕੇ ਲਲਕਾਰ ਕੇ ਕਿਹਾ, “ਤੁਹਾਡੀ ਹਿੰਮਤ ਕਿਵੇਂ ਪਈ ਮੇਰੇ ਬਾਪੂ ਨੂੰ ਹੱਥ ਪਾਉਣ ਦੀ...।”
ਲਲਕਾਰਾ ਸੁਣ ਕੇ ਪੁਲੀਸ ਵਾਲੇ ਪਿੱਛੇ ਹਟ ਗਏ ਅਤੇ ਸ਼ਰਮਿੰਦਾ ਜਿਹਾ ਹੋਇਆ ਬੈਂਕ ਅਧਿਕਾਰੀ ਕਹਿੰਦਾ, “ਬੀਬੀ ਅਸੀਂ ਤਾਂ ਬੈਂਕ ਦੀ ਕਿਸ਼ਤ ਲੈਣ ਆਏ ਸੀ।” ਕੁੜੀ ਨੇ ਕਿਸ਼ਤ ਪੁੱਛ ਕੇ ਆਪਣੀ ਤਨਖਾਹ ਵਾਲੇ ਸਾਰੇ ਪੈਸੇ ਬੈਂਕ ਅਧਿਕਾਰੀ ਦੇ ਮੂੰਹ ਉੱਤੇ ਮਾਰ ਕੇ ਕਿਹਾ, “ਕੱਟ ਲੈ ਇਨ੍ਹਾਂ ਵਿੱਚੋਂ ਆਪਣੀ ਕਿਸ਼ਤ ਪਰ ਖ਼ਬਰਦਾਰ ਜੇ ਅੱਜ ਤੋਂ ਬਾਅਦ ਬਾਪੂ ਵੱਲ ਕੋਈ ਝਾਕਿਆ ਵੀ।”
ਹੁਣ ਇੰਨੇ ਸਾਲਾਂ ਅਤੇ ਦਹਾਕਿਆਂ ਦੌਰਾਨ ਕਿੰਨਾ ਕੁਝ ਬਦਲ ਗਿਆ ਹੈ। ਜਦੋਂ ਵੀ ਇਹ ਗੱਲ ਚੇਤੇ ਆਉਂਦੀ ਹੈ ਤਾਂ ਅੱਜ ਦੇ ਬਦਲ ਚੁੱਕੇ ਰਿਸ਼ਤਿਆਂ ਬਾਰੇ ਸੋਚਣ ਲੱਗ ਪੈਂਦਾ ਹਾਂ। ਸਮੇਂ ਦੇ ਇਸ ਗੇੜ ਅੰਦਰ ਕਿੰਨਾ ਕੁਝ ਖ਼ਤਮ ਹੋ ਗਿਆ ਹੈ ਅਤੇ ਹੋ ਰਿਹਾ ਹੈ!...
ਸੰਪਰਕ: 98142-07558