For the best experience, open
https://m.punjabitribuneonline.com
on your mobile browser.
Advertisement

ਰਿਜ਼ਕ ਦੀ ਤੌਹੀਨ

04:45 AM Apr 09, 2025 IST
ਰਿਜ਼ਕ ਦੀ ਤੌਹੀਨ
Advertisement

Advertisement

ਲਖਵਿੰਦਰ ਸਿੰਘ ਰਈਆ

Advertisement
Advertisement

ਕੁਦਰਤ ਦਾ ਸਿਰਮੌਰ ਜੀਵ ਮਨੁੱਖ ਬਾਕੀ ਜੀਵਾਂ ਤੋਂ ਕਈ ਪੱਖਾਂ ਵਿੱਚ ਕਾਫ਼ੀ ਹੱਦ ਤੱਕ ਵੱਖਰਾ ਹੈ। ਜੀਵਨ ਵਿਹਾਰ, ਖਾਣ-ਪੀਣ, ਦੁੱਖਾਂ-ਸੁੱਖਾਂ, ਖ਼ੁਸ਼ੀ-ਗ਼ਮੀ, ਮੋਹ-ਪਿਆਰ ਅਤੇ ਵੈਰ-ਵਿਰੋਧ ਵਿੱਚ ਜ਼ਿਆਦਾਰ ਗੰਭੀਰਤਾ ਭਰਿਆ ਤੇ ਤਣਾਅਪੂਰਨ ਜੀਵਨ ਗੁਜ਼ਾਰਦਾ ਹੈ। ਕਾਣੀ ਵੰਡ ਦੀ ਸ਼ਿਕਾਰ ਇਸ ਦੁਨੀਆ ਵਿੱਚ ਬਹੁਤਿਆਂ ਕੋਲ ਜੀਵਨ ਜਿਊਣ ਲਈ ਖਾਣ-ਪੀਣ ਦੇ ਗੁਜ਼ਾਰਾ ਪ੍ਰਬੰਧ ਕਰਨ ਦੇ ਸਾਧਨਾਂ ਦੀ ਬਹੁਤ ਘਾਟ ਹੈ। ਇਸ ਘਾਟ ਦੇ ਚੱਕਰਵਿਊ ਵਿੱਚ ਫਸ ਕੇ ਉਹ ਭੁੱਖਮਰੀ ਦਾ ਸ਼ਿਕਾਰ ਹੀ ਰਹਿੰਦੇ ਹਨ ਤੇ ਕੁਝ ਕੋਲ ਏਨਾ ਧਨ ਦੌਲਤ/ ਰਿਜ਼ਕ ਹੈ ਕਿ ਉਹ ਖਾਂਦੇ ਘੱਟ, ਪਰ ਜੂਠ ਛੱਡਣਾ ਆਪਣੀ ਸ਼ਾਨ ਸਮਝਦੇ ਹਨ।
ਅਜਿਹੇ ਲੋਕਾਂ ਦੇ ਜੰਮਣ ਤੋਂ ਮਰਨ ਤੱਕ ਦੇ ਸਫ਼ਰ ਦੇ ਜਸ਼ਨਾਂ ਦੀ ਗੱਲ ਕਰੀਏ ਤਾਂ ਖਾਣ-ਪੀਣ ਦੇ ਲੱਗੇ ਸਟਾਲਾਂ ਦੀ ਏਨੀ ਬਹੁਤਾਤ ਹੁੰਦੀ ਹੈ ਕਿ ਖਾਣ ਵਾਲਾ ਹੈਰਾਨਗੀ ਭਰੀ ਦੁਚਿੱਤੀ ਵਿੱਚ ਪੈ ਜਾਂਦਾ ਹੈ ਕੀ ਖਾਵਾਂ? ਤੇ ਕੀ ਛੱਡਾਂ? ਇਸ ਬਹੁਭਾਂਤੀ ਖਾਣਿਆਂ ਦੇ ਸਟਾਲਾਂ ਤੋਂ ਬਹੁਤਿਆਂ ਦਾ ਢਿੱਡ ਤਾਂ ਭਰ ਜਾਂਦਾ ਹੈ, ਪਰ ਨੀਅਤ ਨਹੀਂ ਭਰਦੀ। ‘ਅੱਖਾਂ ਨਾ ਰੱਜੀਆਂ ਵੇਖ ਜਗਤ ਤਮਾਸ਼ੇ’ ਅਨੁਸਾਰ ਵੱਖ-ਵੱਖ ਸਟਾਲਾਂ ਵਿੱਚੋਂ ਉੱਠਦੀਆਂ ਖ਼ੁਸ਼ਬੂਦਾਰ ਲਪਟਾਂ ਖਾਣ ਵਾਲੇ ਨੂੰ ਹੋਰ ਖਾਣ ਨੂੰ ਉਕਸਾਉਂਦੀਆਂ ਹਨ, ਪਰ ਢਿੱਡ ਭਰਿਆ ਹੋਣ ਕਰਕੇ ਇੱਕ ਦੋ ਗਰਾਹੀਆਂ/ਬੁਰਕੀਆਂ ਖਾ ਕੇ ਪਲੇਟਾਂ ਵਿੱਚ ਪਾਇਆ ਬਾਕੀ ਦਾ ਖਾਣਾ ਸਿੱਧਾ ਡਸਟਬਿਨ ਵਿੱਚ ਚਲਾ ਜਾਂਦਾ ਹੈ। ਫਿਰ ਜੂਠ ਨਾਲ ਨੱਕੋ ਨੱਕ ਹੋਏ ਇਹ ਡਸਟਬਿਨ ਮਨੁੱਖ ਦੀ ਔਕਾਤ ਦੀ ਪੋਲ ਖੋਲ੍ਹ ਦਿੰਦੇ ਹਨ। ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਜੀਵ ਹੋਵੇਗਾ ਜੋ ਮਨੁੱਖ ਵਾਂਗ ਜੂਠ ਛੱਡਦਾ ਹੋਵੇਗਾ।
ਮਹਿਮਾਨਨਿਵਾਜ਼ੀ ਵਾਸਤੇ ਅਮੀਰੀ ਦੇ ਚੋਚਲਿਆਂ ਵਿੱਚ ਖਾਣੇ ਪਰੋਸਣ ਦੇ ਮਹਿੰਗੇ ਤੋਂ ਮਹਿੰਗੇ ਸ਼ੋਸ਼ੇਬਾਜ਼ੀ ਵਾਲੇ ਪ੍ਰਬੰਧ ਕੀਤੇ ਗਏ ਹੁੰਦੇ ਹਨ। ਜਿਨ੍ਹਾਂ ਨੂੰ ਫੂਡ ਸੇਫਟੀ/ਨਿਰੋਈ ਸਿਹਤ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਹ ਖਾਣੇ ਸਾਦਗੀ ਤੇ ਪੌਸ਼ਟਿਕਤਾ ਤੋਂ ਕੋਹਾਂ ਦੂਰ ਅਤੇ ਵਧੇਰੇ ਕਰਕੇ ਸਿਹਤ ਦੇ ਦੁਸ਼ਮਣ ਹੀ ਹੁੰਦੇ ਹਨ। ‘ਰੀਸ ਦੰਦ ਘੜੀਸ’ ਦੇ ਕੁਚੱਕਰ ਵਿੱਚ ਫਸੇ ਹਮਾਤੜ ਵੀ ਔਕਾਤ ਤੋਂ ਵੱਧ ਖਰਚ ਕਰਕੇ ਆਪਣਾ ਝੁੱਗਾ ਚੌੜ ਕਰਨ ਤੋਂ ਪਿੱਛੇ ਨਹੀਂ ਹਟਦੇ।
ਭਾਵੇਂ ਕਿ ਮੇਜ਼ਬਾਨ ਲੋਕਾਂ ਦੀ ਇਹ ਉੱਕਾ ਮਨਸ਼ਾ ਨਹੀਂ ਹੁੰਦੀ ਕਿ ਕਿਸੇ ਵੀ ਮਹਿਮਾਨ ਦੀ ਸਿਹਤ ਨਾਲ ਖਿਲਵਾੜ ਹੋਵੇ। ਵੰਨ ਸੁਵੰਨੇ ਖਾਣਿਆਂ ਦਾ ਪ੍ਰਬੰਧ ਭਾਵੇਂ ਖ਼ੁਦ ਕੀਤਾ ਹੋਵੇ ਜਾਂ ਫਿਰ ਕੇਟਰਿੰਗ ਵਾਲਾ ਪ੍ਰਬੰਧ ਹੋਵੇ, ਜਿਸ ਵਿੱਚ ਪ੍ਰਤੀ ਪਲੇਟ ਹਜ਼ਾਰਾਂ ਦਾ ਖ਼ਰਚਾ ਵੀ ਭਰਿਆ ਜਾਂਦਾ ਹੈ। ਮਨੁੱਖੀ ਬਿਰਤੀ ਹੈ ਕਿ ਮਨੁੱਖ ਨੇ ਆਪਣੀ ਹਰ ਗਤੀਵਿਧੀ ਖ਼ਾਸ ਕਰਕੇ ਵਪਾਰਕ ਵਿਹਾਰ ਵਿੱਚ ਤਾਂ ਆਪਣੇ ਫਾਇਦੇ ਬਾਰੇ ਹੀ ਸੋਚਣਾ ਹੁੰਦਾ ਹੈ। ਸ਼ਗਨਾਂ-ਵਿਹਾਰਾਂ ਵਿੱਚ ਪਾਏ ਜਾਂਦੇ ਸ਼ਗਨ ਵੀ ਇਸ ਮਨੁੱਖੀ ਲਾਲਚੀ ਬਿਰਤੀ ਤੋਂ ਨਹੀਂ ਬਚ ਸਕੇ। ਸ਼ਗਨ ਵਿਹਾਰ ਦੇਣ ਵਾਲਿਆਂ ਵਿੱਚ ਵੀ ਬਹੁਤਿਆਂ ਦੀ ਸ਼ੇਖਚਿਲੀ ਵਾਲੀ ਇਹੀ ਸੋਚ ਹੁੰਦੀ ਹੈ ਕਿ ਜਿੰਨਾ ਸ਼ਗਨ ਪਾਇਆ ਐ ਤਾਂ ਉਨ੍ਹਾਂ ਨੇ ਦੁੱਗਣਾ ਖਾ ਕੇ ਹੀ ਜਾਣਾ ਹੈ, ਬਾਅਦ ਵਿੱਚ ਭਾਵੇਂ ਅਫਰੇਵੇਂ ਦਾ ਸ਼ਿਕਾਰ ਹੋ ਕੇ ਹਾਜ਼ਮੇ ਨੂੰ ਵਿਗਾੜ ਕੇ ਕਈ ਗੁਣਾਂ ਵੱਧ ਡਾਕਟਰਾਂ ਨੂੰ ਦੇਣਾ ਪੈ ਜਾਵੇ।
ਜੂਠ ਛੱਡਣਾ ਇੱਕ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ। ਜੂਠ ਜਿੱਥੇ ਆਲੇ ਦੁਆਲੇ ਨੂੰ ਦੂਸ਼ਿਤ ਕਰਦੀ ਹੈ, ਉੱਥੇ ਮਨੁੱਖੀ ਸੋਚ ਨੂੰ ਵੀ ਦੂਸ਼ਿਤ ਕਰ ਰਹੀ ਹੈ। ਇਸ ਦੇ ਨਾਲ ਹੀ ਭੁੱਖਮਰੀ ਦੇ ਸ਼ਿਕਾਰ ਲੋਕਾਂ ਵੱਲੋਂ ਜੂਠ ਵਿੱਚੋਂ ਆਪਣਾ ਪੇਟ ਭਰਨ ਦੀਆਂ ਚਰਚਾਵਾਂ ਵੀ ਆਮ ਹੀ ਛਿੜਦੀਆਂ ਰਹਿੰਦੀਆਂ ਹਨ। ਨੈਤਿਕਤਾ ਤੇ ਧਾਰਮਿਕ ਕਾਇਦੇ ਕਾਨੂੰਨ ਅਨੁਸਾਰ ਵੀ ਜੂਠ ਛੱਡਣੀ ਰਿਜ਼ਕ ਦੀ ਵੱਡੀ ਤੌਹੀਨ ਹੈ। ਮਨੁੱਖ ਦੀਆਂ ਭੈੜੀਆਂ ਆਦਤਾਂ ਵਿੱਚ ਇਹ ਸਭ ਤੋਂ ਵੱਡੀ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜੇ ਇਸ ਆਦਤ ਉਤੇ ਕਾਬੂ ਪਾ ਲਿਆ ਜਾਵੇ ਤਾਂ ਦੁਨੀਆ ਵਿੱਚ ਚੱਲ ਰਹੀ ਭੁੱਖਮਰੀ ’ਤੇ ਵੱਡੀ ਪੱਧਰ ਉਤੇ ਕਾਬੂ ਪਾਇਆ ਜਾ ਸਕਦਾ ਹੈ।
ਭੁੱਖ ਲੱਗਣ ’ਤੇ ਸਾਦਾ ਖਾਣਾ-ਪੀਣਾ ਹੀ ਜਿੱਥੇ ਤਨ-ਮਨ ਨੂੰ ਤ੍ਰਿਪਤ ਕਰ ਜਾਂਦਾ ਹੈ, ਉਥੇ ਰੱਜੇ ਪੁੱਜੇ ਨੂੰ ਸਵਾਦੀ ਤੋਂ ਸਵਾਦੀ ਖਾਣਾ ਵੀ ਤਸੱਲੀ ਨਹੀਂ ਦੇ ਸਕਦਾ ਤੇ ਉਹ ਥਾਂ ਥਾਂ ਮੂੰਹ ਮਾਰਦਾ ਹੋਇਆ ਜੂਠ ਛੱਡਣ ਵਿੱਚ ਵੱਡਾ ਹਿੱਸਾ ਪਾਉਂਦਾ ਹੈ। ਇਸ ਨਾਲ ਭੋਜਨ ਭਾਵੇਂ ਵੈਸ਼ਨੋ ਤੇ ਮਾਸਾਹਾਰੀ ਹੋਵੇ, ਦੋਵਾਂ ਦੀ ਬਰਬਾਦੀ ਹੁੰਦੀ ਹੈ। ਇਸ ਨਾਲ ਆਰਥਿਕ ਉਜਾੜਾ ਵੀ ਵਧਦਾ ਹੈ ਕਿਉਂਕਿ ਜੋ ਥੋੜ੍ਹੇ ਵਿੱਚ ਸਰ ਜਾਣਾ ਹੁੰਦਾ ਹੈ, ਉਸੇ ਲਈ ਬਹੁਤਾ ਖ਼ਰਚਾ ਕੀਤਾ ਜਾਂਦਾ ਹੈ। ਮਾਸਾਹਾਰੀ ਭੋਜਨ ਨੂੰ ਤਿਆਰ ਕਰਨ ਲਈ ਸਿੱਧੇ ਰੂਪ ਵਿੱਚ ਜੀਵ ਹੱਤਿਆ ਹੁੰਦੀ ਹੈ। ਮਾਸਾਹਾਰੀ ਭੋਜਨ ਦੇ ਸ਼ੌਕੀਨਾਂ ਵੱਲੋਂ ਜੂਠ ਛੱਡਣ ਕਰਕੇ ਜਿੱਥੇ ਥੋੜ੍ਹੇ ਜੀਵਾਂ ਦੀ ਥਾਂ ਜ਼ਿਆਦਾ ਜੀਵਾਂ ਦੀ ਹੱਤਿਆ ਦੀ ਲੋੜ ਪੈਂਦੀ ਹੈ, ਉਹ ਵੀ ਘਟ ਸਕਦੀ ਹੈ।
ਹੁਣ ਸਾਨੂੰ ਆਪਣੇ ਸਮਾਜਿਕ ਰੀਤੀ ਰਿਵਾਜਾਂ ਵਿੱਚ ਇੱਕ ਬਦਲਾਅ ਕਰਨ ਦੀ ਲੋੜ ਹੈ ਜਿੱਥੇ ਖਾਣਿਆਂ ਦੀ ਵੰਨ-ਸੁਵੰਨਤਾ/ ਬਹੁਤਾਤ ਨੂੰ ਘਟਾ ਕੇ ਸਾਦੇ ਭੋਜਨ ਵੱਲ ਕਦਮ ਪੁੱਟਣੇ ਜ਼ਰੂਰੀ ਹਨ, ਉੱਥੇ ਹੀ ਖਾਣ-ਪੀਣ ਦੇ ਆਪਣੇ ਸਵੈ ਸਬਰ ਅਤੇ ਸੰਤੋਖ ਨੂੰ ਮਜ਼ਬੂਤ ਕਰਨਾ ਹੋਵੇਗਾ। ਇੱਕੋ ਵਾਰ ਪਲੇਟਾਂ ਨੱਕੋ ਨੱਕ ਭਰ ਕੇ ਖਾਣ ਦੀ ਥਾਂ ਲੋੜ ਅਨੁਸਾਰ ਹੀ ਥੋੜ੍ਹਾ ਥੋੜ੍ਹਾ ਕਰਕੇ ਖਾਣਾ ਲੈਣ ਦੀ ਆਦਤ ਪਾਉਣੀ ਹੋਵੇਗੀ। ਖਾਣੇ ਦੀ ਸੁਚੱਜੀ ਵਰਤੋਂ ਨਾਲ ਰੱਜ ਭਰੇ ਡਕਾਰ ਦਾ ਆਪਣਾ ਵੱਖਰਾ ਹੀ ਅਨੰਦ ਹੁੰਦਾ ਹੈ ਜੋ ਮਨ ਤਨ ਨੂੰ ਪੂਰਨ ਸਤੁੰਸ਼ਟੀ ਮਹਿਸੂਸ ਕਰਵਾ ਦਿੰਦਾ ਹੈ।
ਜੂਠ ਛੱਡਣ ਵੇਲੇ ਸਾਨੂੰ ਇਹ ਵੀ ਸੋਚਣਾ ਹੋਵੇਗਾ ਕਿ ਜੋ ਰਿਜ਼ਕ ਸਾਡੇ ਸਾਹਮਣੇ ਪਿਆ ਹੈ, ਉਸ ਨੂੰ ਉੱਗਣ ਤੋਂ ਲੈ ਕੇ ਤਿਆਰ ਕਰਨ (ਪਕਵਾਨ ਬਣਨ) ਤੱਕ ਕਿੰਨੀ ਮੁਸ਼ੱਕਤ ਖ਼ਰਚ ਆਈ ਹੋਵੇਗੀ? ਕਿੰਨਾ ਸਮਾਂ, ਧਨ ਤੇ ਹੋਰ ਬਹੁਤ ਸਾਰੇ ਕੁਦਰਤੀ ਤੱਤ ਹਵਾ-ਪਾਣੀ/ਊਰਜਾ ਆਦਿਕ ਖ਼ਰਚ ਹੋਇਆ ਹੋਵੇਗਾ? ਇਹ ਸਵੈ ਮੰਥਨ/ਪੜਚੋਲ ਹੀ ਜੂਠ ਦੇ ਰੂਪ ਵਿੱਚ ਰਿਜ਼ਕ ਦੀ ਹੁੰਦੀ ਬਰਬਾਦੀ ’ਤੇ ਲਗਾਮ ਲਗਾ ਸਕਦੀ ਹੈ।
ਵੈਸੇ ਵੀ, ‘ਜਿਊਣ ਲਈ ਖਾਣਾ’ ਦੇ ਸਿਧਾਂਤ ਨੂੰ ਪ੍ਰਣਾਏ ਲੋਕ ਘਰ-ਬਾਹਰ ਯਾਨੀ ਜਿੱਥੇ ਵੀ ਹੋਣ, ਉਹ ਪਰੋਸ ਕੇ ਮਿਲੇ ਖਾਣੇ ਲਈ ਕੌਲੀ-ਭਾਂਡੇ/ਥਾਲੀ/ਪਲੇਟ ਵਿਚਲੀ ਦਾਲ/ ਭਾਜੀ/ ਸਬਜ਼ੀ ਨੂੰ ਆਖਰੀ ਗਰਾਹੀ/ ਬੁਰਕੀ ਨਾਲ ਸਾਫ਼ ਕਰਦਿਆਂ ਤੇ ਨਾਲ ਦੀ ਨਾਲ ਹੀ ਉਸ ਭਾਂਡੇ ਵਿੱਚ ਪਾਣੀ ਫੇਰ ਕੇ ਵੀ ਪੀ ਜਾਂਦੇ ਹਨ। ਯਾਨੀ ਉਹ ਅੰਨ ਦਾ ਇੱਕ ਕਿਣਕਾ ਵੀ ਜੂਠ ਦੇ ਰੂਪ ਵਿੱਚ ਜਾਇਆ ਨਾ ਕਰਨ ਦੇ ਯਤਨ ਵਿੱਚ ਹੁੰਦੇ ਹਨ। ਜੇਕਰ ਅਜਿਹੀ ਬਿਰਤੀ ਨੂੰ ਪੂਰਨ ਰੂਪ ਵਿੱਚ ਅਪਣਾ ਲਿਆ ਜਾਵੇ ਤਾਂ ਬਰਤਨ ਸਾਫ਼ ਕਰਨੇ ਵੀ ਸੁਖਾਲੇ ਤੇ ਜੂਠ ਆਦਿ ਨਾਲ ਨਾਲੀਆਂ ਜਾਮ ਹੋਣ ਦੀ ਸਮੱਸਿਆ ਵੀ ਘਟ ਸਕਦੀ ਹੈ ਅਤੇ ਬਚੇ ਹੋਏ ਸੁੱਚੇ ਭੋਜਨ ਪਦਾਰਥ ਸੁੱਤੇ ਸਿੱਧ ਹੀ ਦਾਨ ਪੁੰਨ ਦੇ ਰੂਪ ਵਿੱਚ ਲੋੜਵੰਦਾਂ ਦੇ ਮੂੰਹ ਵਿੱਚ ਪੈਣ ਦੀ ਸੰਭਾਵਨਾ ਵੀ ਬਣੇਗੀ।
ਸੰਪਰਕ: 98764-74858 (ਵੱਟਸਐਪ)

Advertisement
Author Image

Balwinder Kaur

View all posts

Advertisement