ਰਾਹ ਦਸੇਰਾ
ਬਾਲ ਕਹਾਣੀ
ਇਕਬਾਲ ਸਿੰਘ ਹਮਜਾਪੁਰ
ਅਮਿਤ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਹਰ ਵੇੇਲੇ ਕੁੱਝ ਨਾ ਕੁੱਝ ਪੜ੍ਹਦਾ ਰਹਿੰਦਾ ਸੀ। ਪੜ੍ਹਾਈ ਦੇ ਨਾਲ ਨਾਲ ਉਹ ਆਪਣੀ ਸਿਹਤ ਦਾ ਵੀ ਬਹੁਤ ਖ਼ਿਆਲ ਰੱਖਦਾ ਸੀ। ਉਹ ਰੋਜ਼ਾਨਾ ਸਵੇਰ ਸ਼ਾਮ ਸੈਰ ਕਰਨ ਜਾਂਦਾ। ਉਹ ਆਪਣੀ ਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਵੱਲ ਖ਼ਾਸ ਧਿਆਨ ਦਿੰਦਾ।
ਉਸ ਨੇ ਆਪਣੀ ਸਾਇੰਸ ਦੀ ਕਿਤਾਬ ਵਿੱਚ ਪੜ੍ਹਿਆ ਸੀ ਕਿ ਗੰਦਾ ਪਾਣੀ ਪੀਣ ਨਾਲ, ਗੰਦੇ ਕੱਪੜੇ ਪਾਉਣ ਨਾਲ ਤੇ ਆਲਾ-ਦੁਆਲਾ ਗੰਦਾ ਹੋਣ ਨਾਲ ਅਨੇਕਾਂ ਬਿਮਾਰੀਆਂ ਫੈਲਦੀਆਂ ਹਨ। ਇਸ ਕਰਕੇ ਅਮਿਤ ਕਦੇ ਵੀ ਆਪਣੇ ਕੱਪੜੇ ਗੰਦੇ ਨਹੀਂ ਹੋਣ ਦਿੰਦਾ ਸੀ। ਉਹ ਹਮੇਸ਼ਾਂ ਸਾਫ਼ ਪਾਣੀ ਪੀਂਦਾ ਤੇ ਆਪਣੇ ਘਰ ਦੇ ਆਸੇ ਪਾਸੇ ਗੰਦਗੀ ਨਾ ਪੈਣ ਦਿੰਦਾ। ਫਿਰ ਵੀ ਇੱਕ ਦਿਨ ਉਸ ਨੂੰ ਸਕੂਲ ਵਿੱਚ ਹੀ ਤੇਜ਼ ਬੁਖਾਰ ਚੜ੍ਹ ਗਿਆ। ਉਹ ਮੁਸ਼ਕਲ ਨਾਲ ਘਰ ਪਹੁੰਚਿਆ। ਘਰ ਆ ਕੇ ਅਮਿਤ ਨੂੰ ਕਈ ਦਿਨ ਬੁਖਾਰ ਚੜ੍ਹਦਾ ਰਿਹਾ। ਡਾਕਟਰ ਨੇ ਦੱਸਿਆ ਕਿ ਮਲੇਰਿਆ ਹੋ ਗਿਆ ਹੈ। ਮਹੀਨਾ ਭਰ ਉਹ ਮੰਜਾ ਮੱਲ ਕੇ ਪਿਆ ਰਿਹਾ। ਕਿੰਨੇ ਹੀ ਪੈਸੇ ਬਿਮਾਰੀ ’ਤੇ ਲੱਗ ਗਏ ਸਨ।
ਮਲੇਰੀਆ ਹੋਣ ਦਾ ਮੁੱਖ ਕਾਰਨ ਗੰਦਗੀ ਹੈ। ਗੰਦਗੀ ਨਾਲ ਮੱਛਰ ਪੈਦਾ ਹੁੰਦਾ ਹੈ ਤੇ ਮੱਛਰ ਦੇ ਕੱਟਣ ਨਾਲ ਮਲੇਰੀਆ ਬੁਖਾਰ ਹੁੰਦਾ ਹੈ। ਅਮਿਤ ਨੇ ਆਪਣੇ ਆਸੇ ਪਾਸੇ ਕਦੇ ਵੀ ਗੰਦਗੀ ਨਹੀਂ ਪੈਣ ਦਿੱਤੀ ਸੀ। ਆਪਣੇ ਘਰ ਦਾ ਸਾਰਾ ਗੰਦਾ ਪਾਣੀ ਉਸ ਦੇ ਪਿਤਾ ਜੀ ਨੇ ਇੱਕ ਪਾਈਪ ਰਾਹੀਂ ਗਲੀ ਵਿਚਲੀ ਨਾਲੀ ਵਿੱਚ ਕੱਢਿਆ ਸੀ ਤੇ ਨਾਲੀ ਨੂੰ ਉਹ ਰੋਜ਼ਾਨਾ ਸਾਫ਼ ਕਰਦਾ ਸੀ। ਫਿਰ ਵੀ ਅਮਿਤ ਨੂੰ ਮਲੇਰੀਆ ਕਿਉਂ ਹੋ ਗਿਆ ਸੀ? ਅਮਿਤ ਕਈ ਦਿਨ ਸੋਚਦਾ ਰਿਹਾ। ਉਸ ਨੂੰ ਮਲੇਰੀਆ ਬੁਖਾਰ ਹੋਣ ਦੀ ਕੋਈ ਸਮਝ ਨਾ ਲੱਗੀ।
ਹੁਣ ਉਹ ਦੁਬਾਰਾ ਸਕੂਲ ਜਾਣ ਲੱਗ ਪਿਆ ਸੀ। ਉਸ ਨੇ ਮਲੇਰੀਆ ਹੋਣ ਦਾ ਕਾਰਨ ਆਪਣੇ ਇੱਕ ਅਧਿਆਪਕ ਨੂੰ ਪੁੱਛਿਆ। ਅਮਿਤ ਦੀ ਇਹ ਆਦਤ ਸੀ ਕਿ ਉਹ ਆਪਣੀ ਹਰ ਸਮੱਸਿਆ ਅਧਿਆਪਕਾਂ ਨਾਲ ਸਾਂਝੀ ਕਰਦਾ ਸੀ।
‘‘ਬੇਟਾ ਮਲੇਰੀਆ ਬੁਖਾਰ ਗੰਦਗੀ ਤੋਂ ਹੀ ਹੁੰਦਾ ਹੈ। ਆਪਣੀ ਸਫ਼ਾਈ ਰੱਖਣ ਦੇ ਬਾਵਜੂਦ ਆਂਢੀਆਂ ਗੁਆਂਢੀਆਂ ਦੀ ਗੰਦਗੀ ਤੋਂ ਸਾਨੂੰ ਇਹ ਬਿਮਾਰੀ ਲੱਗ ਸਕਦੀ ਹੈ।’’ ਅਧਿਆਪਕ ਨੇ ਅਮਿਤ ਨੂੰ ਸਮਝਾਇਆ।
ਅਧਿਆਪਕ ਦੇ ਸਮਝਾਉਣ ’ਤੇ ਉਸ ਨੂੰ ਬੁਖਾਰ ਹੋਣ ਦੀ ਸਮਝ ਲੱਗੀ ਸੀ। ਉਨ੍ਹਾਂ ਦੀ ਗਲੀ ਵਿੱਚ ਇੱਕ ਮੁੰਡੇ ਨੂੰ ਪਹਿਲਾਂ ਬੁਖਾਰ ਹੋਇਆ ਸੀ। ਅਮਿਤ ਉਸ ਮੁੰਡੇ ਨਾਲ ਖੇਡਦਾ ਵੀ ਰਿਹਾ ਸੀ। ਇਸ ਲਈ ਉਸ ਨੂੰ ਦੁਬਾਰਾ ਬੁਖਾਰ ਹੋਣ ਦਾ ਫ਼ਿਕਰ ਲੱਗ ਗਿਆ ਕਿਉਂਕਿ ਉਨ੍ਹਾਂ ਦੀ ਗਲੀ ਦੀਆਂ ਸਾਰੀਆਂ ਨਾਲੀਆਂ ਚਿੱਕੜ ਨਾਲ ਭਰੀਆਂ ਪਈਆਂ ਸਨ। ਅਮਿਤ ਨੇ ਸਕੂਲ ਦੂਸਰੀ ਗਲੀ ਰਾਹੀਂ ਜਾਣਾ ਸ਼ੂਰੂ ਕਰ ਦਿੱਤਾ। ਉਸ ਨੇ ਗਲੀ ਵਿਚਲੇ ਹੋਰ ਘਰਾਂ ਵਿੱਚ ਆਉਣਾ ਜਾਣਾ ਵੀ ਘੱਟ ਕਰ ਦਿੱਤਾ, ਪਰ ਇਹ ਬਿਮਾਰੀ ਨਾ ਫੈਲਣ ਦਾ ਕੋਈ ਪੱਕਾ ਹੱਲ ਨਹੀਂ ਸੀ। ਅਮਿਤ ਨੂੰ ਅਧਿਆਪਕ ਨੇ ਦੱਸਿਆ ਸੀ।
‘‘ਸਰ, ਮੈਂ ਇਕੱਲਾ ਸਾਰੀ ਗਲੀ ਨੂੰ ਕਿਵੇਂ ਸਾਫ਼ ਕਰ ਸਕਦਾ ਹਾਂ। ਉਂਜ ਵੀ ਇੱਕ ਵਾਰ ਗਲੀ ਸਾਫ਼ ਕਰਨ ਤੋਂ ਬਾਅਦ ਗੰਦਗੀ ਦੁਬਾਰਾ ਫੈਲ ਜਾਵੇਗੀ।’’ ਅਮਿਤ ਸੋਚਣ ਲੱਗਾ। ਉਸ ਨੇ ਆਪਣੇ ਅਧਿਆਪਕ ਨਾਲ ਗੱਲ ਕੀਤੀ। ਅਧਿਆਪਕ ਅਮਿਤ ਦੀ ਲਗਨ ’ਤੇ ਬਹੁਤ ਖ਼ੁਸ਼ ਹੋਇਆ। ਅਧਿਆਪਕ ਨੇ ਅਮਿਤ ਨੂੰ ਐੱਨਐੱਸਐੱਸ ਯੂਨਿਟ ਤੇ ਐੱਨਐੱਸਐੱਸ ਕੈਂਪ ਬਾਰੇ ਜਾਣਕਾਰੀ ਦਿੱਤੀ। ਅਮਿਤ ਨੇ ਕੁੱਝ ਦਿਨਾਂ ਵਿੱਚ ਹੀ ਸਕੂਲ ਵਿੱਚ ਐੱਨਐੱਸਐੱਸ ਯੂਨਿਟ ਸਥਾਪਿਤ ਕਰਨ ਲਈ ਆਪਣੇ ਸਹਿਪਾਠੀਆਂ ਨੂੰ ਮਨਾ ਲਿਆ। ਐੱਨਐੱਸਐੱਸ ਯੂਨਿਟ ਸਥਾਪਿਤ ਕਰਨ ਤੋਂ ਬਾਅਦ ਇੱਕ ਛੁੱਟੀ ਵਾਲੇ ਦਿਨ ਅਮਿਤ ਆਪਣੇ ਸਹਿਪਾਠੀਆਂ ਨੂੰ ਨਾਲ ਲੈ ਕੇ ਪਿੰਡ ਦੀ ਸਫ਼ਾਈ ਕਰਨ ਤੁਰ ਪਿਆ।
ਅਮਿਤ ਨੇ ਸਭ ਤੋਂ ਪਹਿਲਾਂ ਆਪਣੀ ਗਲੀ ਦੀਆਂ ਨਾਲੀਆਂ ਸਾਫ਼ ਕੀਤੀਆਂ। ਉਸ ਨੇ ਗੰਦੇ ਪਾਣੀ ਦੀ ਨਿਕਾਸੀ ਕੀਤੀ ਤੇ ਮੱਛਰ ਵਾਲੀਆਂ ਥਾਵਾਂ ’ਤੇ ਦਵਾਈ ਪਾ ਦਿੱਤੀ। ਉਸ ਨੇ ਆਪਣੇ ਸਹਿਪਾਠੀਆਂ ਨੂੰ ਨਾਲ ਲੈ ਕੇ ਕੁੱਝ ਦਿਨਾਂ ਵਿੱਚ ਹੀ ਸਾਰੇ ਪਿੰਡ ਦੀ ਸਫ਼ਾਈ ਕਰ ਦਿੱਤੀ, ਪਰ ਉਸ ਨੂੰ ਦੁਬਾਰਾ ਗੰਦਗੀ ਫੈਲਣ ਦਾ ਡਰ ਸੀ। ਉਸ ਨੇ ਫਿਰ ਆਪਣੇ ਅਧਿਆਪਕ ਨਾਲ ਗੱਲ ਕੀਤੀ। ਅਧਿਆਪਕ ਨੇ ਉਸ ਦੀ ਇਸ ਸਮੱਸਿਆ ਨੂੰ ਵੀ ਹੱਲ ਕਰ ਦਿੱਤਾ। ਉਨ੍ਹਾਂ ਨੇ ਘਰ ਘਰ ਜਾ ਕੇ ਸਫ਼ਾਈ ਰੱਖਣ ਲਈ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ। ਲੋਕ ਸਫ਼ਾਈ ਰੱਖਣ ਲਈ ਮੰਨ ਗਏ ਸਨ। ਲੋਕਾਂ ਨੇ ਉਨ੍ਹਾਂ ਨਾਲ ਗੰਦਗੀ ਨਾ ਪਾਉਣ ਦਾ ਵਾਅਦਾ ਕੀਤਾ। ਪਿੰਡ ਦੇ ਲੋਕ ਅਮਿਤ ’ਤੇ ਬਹੁਤ ਖ਼ੁਸ਼ ਸਨ। ਅਮਿਤ ਉਨ੍ਹਾਂ ਲਈ ਰਾਹ ਦਸੇਰਾ ਬਣ ਗਿਆ ਸੀ। ਅਮਿਤ ਦੀ ਆਪਣੀ ਅੱਡੀ ਵੀ ਭੋਏਂ ’ਤੇ ਨਹੀਂ ਲੱਗ ਰਹੀ ਸੀ।
ਸੰਪਰਕ: 94165-92149