ਰਾਸ਼ਟਰੀ ਖਣਿਜ ਮਿਸ਼ਨ
ਕੇਂਦਰੀ ਕੈਬਨਿਟ ਵੱਲੋਂ ਨੈਸ਼ਨਲ ਕ੍ਰਿਟੀਕਲ ਮਿਨਰਲਜ਼ ਮਿਸ਼ਨ (ਐੱਨਸੀਐੱਮਐੱਮ) ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਜਿਸ ਵਾਸਤੇ ਸੱਤ ਸਾਲਾਂ ਲਈ 34300 ਕਰੋੜ ਰੁਪਏ ਦਾ ਬਜਟ ਰੱਖਿਆ ਜਾਵੇਗਾ। ਇਹ ਭਾਰਤ ਦੀ ਜ਼ਰੂਰੀ ਕੱਚੇ ਪਦਾਰਥਾਂ ਦੀ ਰਸਾਈ ਨੂੰ ਸੁਰੱਖਿਅਤ ਕਰਨ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਅਹਿਮ ਖਣਿਜਾਂ ਵਿੱਚ ਲੀਥੀਅਮ, ਨਿਕਲ, ਕੋਬਾਲਟ ਤੇ ਦੁਰਲੱਭ ਜ਼ਮੀਨੀ ਅੰਸ਼ ਸ਼ਾਮਿਲ ਹਨ ਅਤੇ ਇਹ ਸਾਰੇ ਸਵੱਛ ਊਰਜਾ, ਇਲੈਕਟ੍ਰੋਨਿਕਸ ਅਤੇ ਰੱਖਿਆ ਉਤਪਾਦਾਂ ਲਈ ਅੱਤ ਲੋੜੀਂਦੇ ਮੰਨੇ ਜਾਂਦੇ ਹਨ। ਭਾਰਤ ਆਪਣੀ ਜ਼ਰੂਰਤ ਦੇ ਖਣਿਜ ਪਦਾਰਥ ਮੰਗਵਾਉਣ ਲਈ ਖ਼ਾਸ ਤੌਰ ’ਤੇ ਚੀਨ ’ਤੇ ਨਿਰਭਰ ਹੈ ਜਿਸ ਦਾ ਆਲਮੀ ਪ੍ਰਾਸੈਸਿੰਗ ਅਤੇ ਸੋਧਕ ਸਮੱਰਥਾਵਾਂ ਉੱਪਰ ਦਬਦਬਾ ਬਣਿਆ ਹੋਇਆ ਹੈ। ਐੱਨਸੀਐੱਮਐੱਮ ਨੇ ਘਰੇਲੂ ਖੁਦਾਈ, ਵਿਦੇਸ਼ੀ ਖਣਿਜ ਅਸਾਸਿਆਂ ਦੀ ਖਰੀਦ ਅਤੇ ਵੈਲਿਊ ਚੇਨਾਂ ਦੇ ਵਿਕਾਸ ਜਿਹੀਆਂ ਪਹਿਲਕਦਮੀਆਂ ਰਾਹੀਂ ਇਸ ਨਿਰਭਰਤਾ ਨੂੰ ਘਟਾਉਣ ਦਾ ਉਤਸ਼ਾਹੀ ਟੀਚਾ ਮਿੱਥਿਆ ਹੈ। ਸਰਕਾਰ ਨੇ ਸਾਲ 2030-31 ਤੱਕ 1200 ਖਣਿਜ ਖੁਦਾਈ ਪ੍ਰਾਜੈਕਟਾਂ ਲਈ ਫੰਡ ਦੇਣ ਅਤੇ 100 ਤੋਂ ਵੱਧ ਖਣਿਜ ਬਲਾਕਾਂ ਦੀ ਬੋਲੀ ਕਰਨ ਦੀ ਯੋਜਨਾ ਬਣਾਈ ਹੈ।
ਮਿਸ਼ਨ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਕਿੰਨੀ ਕੁ ਕਾਰਗਰ ਸਾਬਿਤ ਹੁੰਦੀ ਹੈ। ਕੱਚੇ ਮਾਲ ਨੂੰ ਹਾਸਿਲ ਕਰਨਾ ਹੀ ਕਾਫ਼ੀ ਨਹੀਂ ਹੁੰਦਾ ਸਗੋਂ ਭਾਰਤ ਨੂੰ ਰਿਫਾਈਨਿੰਗ ਸਮਰੱਥਾਵਾਂ ਵਿੱਚ ਨਿਵੇਸ਼ ਕਰਨਾ ਪਵੇਗਾ ਅਤੇ ਰੈਗੂਲੇਟਰੀ ਪ੍ਰਵਾਨਗੀਆਂ ਨੂੰ ਇੱਕਸੁਰ ਕਰਨਾ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਖੁਦਾਈ ਨੂੰ ਉਤਸ਼ਾਹਿਤ ਕਰਨਾ ਪਵੇਗਾ। ਅਹਿਮ ਗੱਲ ਇਹ ਹੈ ਕਿ ਇਹ ਸਭ ਕੁਝ ਵਾਤਾਵਰਨ ਦੀ ਕੀਮਤ ’ਤੇ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਵਾਤਾਵਰਨ ਦੀ ਬਰਬਾਦੀ ਨਾਲ ਨਾ ਕੇਵਲ ਲੋਕਾਂ ਦੀ ਰੋਜ਼ੀ-ਰੋਟੀ ਸਗੋਂ ਦੇਸ਼ ਦੇ ਸਮੁੱਚੇ ਅਰਥਚਾਰੇ ਨੂੰ ਵੀ ਢਾਹ ਲੱਗਦੀ ਹੈ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ 5.9 ਮਿਲੀਅਨ ਟਨ ਦੇ ਭੰਡਾਰ ਲੱਭੇ ਗਏ ਸਨ। ਇਹ ਖੋਜ ਭਾਵੇਂ ਭਾਰਤ ਦੇ ਬੈਟਰੀ ਉਦਯੋਗ ਦੇ ਕਾਇਆਕਲਪ ਦੀ ਸਮਰੱਥਾ ਰੱਖਦੀ ਹੈ ਪਰ ਜੰਗਲਾਂ ਦੀ ਕਟਾਈ, ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਗਿਰਾਵਟ ਤੇ ਮੁਕਾਮੀ ਭਾਈਚਾਰਿਆਂ ਦੇ ਉਜਾੜੇ ਜਿਹੇ ਕਈ ਖ਼ਦਸ਼ੇ ਵੀ ਬਰਕਰਾਰ ਹਨ। ਇਹ ਵੀ ਜ਼ਿਕਰਯੋਗ ਹੈ ਕਿ ਖੋਜ ਸਬੰਧੀ ਲੋੜੀਂਦੀ ਜਾਣਕਾਰੀ ਨਾ ਹੋਣ ਕਾਰਨ ਉਦਯੋਗ ਜਗਤ ਦੀਆਂ ਕਈ ਇਕਾਈਆਂ ਰਿਆਸੀ ਦੇ ਭੰਡਾਰਾਂ ਲਈ ਬੋਲੀ ਲਾਉਣ ਤੋਂ ਪਿੱਛੇ ਹਟ ਗਈਆਂ ਹਨ। ਛੱਤੀਸਗੜ੍ਹ ’ਚ ਮੌਜੂਦ ਲੀਥੀਅਮ ਦੇ ਇੱਕ ਹਲਕੇ ਬਲਾਕ ਦੀ ਹੀ ਸਫਲਤਾ ਨਾਲ ਬੋਲੀ ਲੱਗ ਸਕੀ ਹੈ।
ਇਸ ਤੋਂ ਇਲਾਵਾ ਕੌਮਾਂਤਰੀ ਸਪਲਾਈ ਲੜੀਆਂ ਤੋਂ ਨਿਰਭਰਤਾ ਘਟਾਉਣ ਲਈ ਬੈਟਰੀਆਂ, ਇਲੈਕਟ੍ਰਿਕ ਜਾਂ ਬਿਜਲਈ ਵਾਹਨਾਂ ਤੇ ਨਵਿਆਉਣਯੋਗ ਊਰਜਾ ਢਾਂਚਿਆਂ ਦੇ ਦੇਸ਼ ’ਚ ਹੀ ਨਿਰਮਾਣ ਨੂੰ ਮਜ਼ਬੂਤ ਕਰਨ ਦੀ ਬਹੁਤ ਲੋੜ ਪਏਗੀ। ਸਥਿਰ ਸਪਲਾਈ ਕਾਇਮ ਰੱਖਣ ਲਈ ਭਾਰਤ ਨੂੰ ਖਣਿਜ ਭਰਪੂਰ ਦੇਸ਼ਾਂ ਨਾਲ ਆਪਣੀਆਂ ਰਣਨੀਤਕ ਭਾਈਵਾਲੀਆਂ ਦਾ ਵਿਸਤਾਰ ਕਰਨਾ ਚਾਹੀਦਾ ਹੈ। ਇਸ ਨੇ ਲੀਥੀਅਮ ਲੱਭਣ ਲਈ ਅਰਜਨਟੀਨਾ ਨਾਲ ਸਾਂਝ ਪਾਈ ਹੈ। ਇਸ ਸਬੰਧੀ ਆਸਟਰੇਲੀਆ, ਚਿਲੀ ਅਤੇ ਬੋਲੀਵੀਆ ਨਾਲ ਗੱਲਬਾਤ ਚੱਲ ਰਹੀ ਹੈ। ਅਜਿਹੀ ਸਾਂਝ ਵਧਾ ਕੇ ਅਤੇ ਲੰਮੇ ਸਮੇਂ ਲਈ ਸਮਝੌਤੇ ਸਿਰੇ ਚੜ੍ਹਾ ਕੇ ਹੀ ਅਹਿਮ ਖਣਿਜ ਪਦਾਰਥਾਂ ਦਾ ਮਜ਼ਬੂਤ ਅਤੇ ਆਤਮ-ਨਿਰਭਰ ਢਾਂਚਾ ਸਿਰਜਿਆ ਜਾ ਸਕਦਾ ਹੈ।