ਰਾਸ਼ਟਰਪਤੀ ਤੋਂ ਡਿਗਰੀਆਂ ਨਾ ਮਿਲਣ ’ਤੇ ਵਿਦਿਆਰਥੀ ਨਿਰਾਸ਼
ਕੁਲਦੀਪ ਸਿੰਘ
ਚੰਡੀਗੜ੍ਹ, 12 ਮਾਰਚ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗਵਰਨਿੰਗ ਬਾਡੀ ‘ਸੈਨੇਟ’ ਖ਼ਤਮ ਹੋਣ ਤੋਂ ਬਾਅਦ ਅਥਾਰਿਟੀ ਵੱਲੋਂ ਕਰਵਾਈ ਗਈ ਪਹਿਲੀ ਕਾਨਵੋਕੇਸ਼ਨ ਵਿੱਚ ਡਿਗਰੀਆਂ ਅਤੇ ਮੈਡਲ ਲੈਣ ਵਾਲੇ ਨਿਰਾਸ਼ ਪਰਤੇ। ਭਾਵੇਂ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਇਸ ਕਾਨਵੋਕੇਸ਼ਨ ਵਿੱਚ ਪਹੁੰਚੇ ਸਨ ਪਰ ਉਨ੍ਹਾਂ ਕੋਲੋ ਨਾ ਤਾਂ ਪੀਐੱਚਡੀ ਵਿਦਿਆਰਥੀਆਂ ਅਤੇ ਨਾ ਹੀ ਤਗ਼ਮਾ ਜੇਤੂਆਂ ਨੂੰ ਕਰਮਵਾਰ ਡਿਗਰੀਆਂ ਅਤੇ ਪੁਰਸਕਾਰ ਦਿਵਾਏ ਗਏ। ਇੱਥੋਂ ਤੱਕ ਕਿ ਰਸਮੀ ਸ਼ੁਰੂਆਤ ਵੀ ਨਹੀਂ ਕਰਵਾਈ ਗਈ। ਜਿਮਨੇਜ਼ੀਅਮ ਹਾਲ ਵਿੱਚ ਹੋ ਰਹੀ ਕਾਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਪੁੱਜੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਰਾਸ਼ਟਰਪਤੀ ਦੇ ਕਨਵੋਕੇਸ਼ਨ ਹਾਲ ਵਿੱਚ ਪਹੁੰਚਣ ਤੋਂ ਪਹਿਲਾਂ ਤਗਮਾ ਜੇਤੂ ਵਿਦਿਆਰਥੀਆਂ ਨੂੰ ਬਾਹਰ ਬੁਲਾਇਆ ਗਿਆ ਜਿੱਥੇ ਕਿ ਉਨ੍ਹਾਂ ਨੂੰ ਫਟਾ-ਫਟ ਡਿਗਰੀਆਂ ਫੜਾ ਕੇ ਰਾਸ਼ਟਰਪਤੀ ਅਤੇ ਹੋਰਨਾਂ ਮਹਿਮਾਨਾਂ ਨਾਲ ਗਰੁੱਪ ਫੋਟੋ ਕਰਵਾ ਦਿੱਤੀ ਗਈ। ਇਸ ਉਪਰੰਤ ਸ਼ੁਰੂ ਹੋਈ ਕਾਨਵੋਕੇਸ਼ਨ ਵਿੱਚ ਰਾਸ਼ਟਰਪਤੀ ਕੋਲੋਂ ਸਿਰਫ਼ ਆਨਰੇਰੀ ਡਿਗਰੀਆਂ ਸਮੇਤ ਵਿਗਿਆਨ, ਸਾਹਿਤ, ਉਦਯੋਗ, ਖੇਡਾਂ ਅਤੇ ਕਲਾ ਦੇ ਖੇਤਰਾਂ ਵਿੱਚ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਵਾਇਆ ਗਿਆ। ਰਾਸ਼ਟਰਪਤੀ ਦਾ ਭਾਸ਼ਣ ਹੋਣ ਉਪਰੰਤ ਰਾਸ਼ਟਰਪਤੀ, ਦੋਵੇਂ ਰਾਜਪਾਲ, ਦੋਵੇਂ ਮੁੱਖ ਮੰਤਰੀਆਂ ਸਣੇ ਸਾਰੇ ਮਹਿਮਾਨ ਕਾਨਵੋਕੇਸ਼ਨ ਵਿੱਚੋਂ ਚਲੇ ਗਏ ਜਿਸ ਉਪਰੰਤ ਹਾਲ ਵਿੱਚ ਕਲੈਰੀਕਲ ਸਟਾਫ਼ ਵੱਲੋਂ ਪੀਐੱਚਡੀ ਵਿਦਿਆਰਥੀਆਂ ਨੂੰ ਧੜਾਧੜ ਡਿਗਰੀਆਂ ਫੜਾ ਕੇ ਸਟੇਜ ’ਤੇ ਭੇਜਿਆ ਜਾਂਦਾ ਰਿਹਾ। ਸਟੇਜ ’ਤੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ, ਡੀਨ ਕਾਲਜ ਡਿਵੈਲਪਮੈਂਟ ਕੌਂਸਲ ਸੰਜੇ ਕੌਸ਼ਿਕ, ਫਾਈਨਾਂਸ ਡਿਵੈਲਪਮੈਂਟ ਅਫ਼ਸਰ ਵਿਕਰਮ ਨਈਅਰ, ਰਜਿਸਟਰਾਰ ਵਾਈਪੀ ਵਰਮਾ, ਕੰਟਰੋਲਰ ਪ੍ਰੀਖਿਆਵਾਂ ਡਾ. ਜਗਤ ਭੂਸ਼ਣ, ਡੀਨ ਯੂਨੀਵਰਸਿਟੀ ਇੰਸਰੱਕਸ਼ਨਜ਼ ਪ੍ਰੋ. ਰੁਮੀਨਾ ਸੇਠੀ, ਡੀਨ ਰਿਸਰਚ ਪ੍ਰੋ. ਯੋਜਨਾ ਰਾਵਤ ਥੋੜ੍ਹੇ-ਥੋੜ੍ਹੇ ਵਕਫ਼ੇ ਉਤੇ ਖੜ੍ਹੇ ਸਨ, ਿਜੱਥੇ ਵਿਦਿਆਰਥੀ ਡਿਗਰੀਆਂ ਹੱਥ ਵਿੱਚ ਫੜ ਕੇ ਫੋਟੋਆਂ ਖਿਚਵਾ ਕੇ ਮੁੜਦੇ ਰਹੇ। ਪੀਐੱਚਡੀ ਦੀ ਡਿਗਰੀ ਲੈਣ ਪਹੁੰਚੇ ਸੈਨੇਟਰ ਡਾ. ਰਵਿੰਦਰ ਬਿੱਲਾ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਹਿਮਾਨਾਂ ਦੇ ਨੇੜੇ ਇਸ ਲਈ ਨਹੀਂ ਹੋਣ ਦਿੱਤਾ ਗਿਆ ਤਾਂ ਕਿ ਕੋਈ ਵੀ ਵਿਦਿਆਰਥੀ ’ਵਰਸਿਟੀ ਦੀ ਅਥਾਰਿਟੀ ਬਾਰੇ ਅਸਲੀਅਤ ਬਿਆਨ ਨਾ ਕਰ ਸਕੇ।
ਪੀਐੱਚਡੀ ਦੀ ਡਿਗਰੀ ਲੈਣ ਵਾਲਿਆਂ ਵਿੱਚੋਂ ਅਮਿਤ ਪੂਨੀਆ ਅਤੇ ਆਸ਼ੂਤੋਸ਼ ਨੇ ਕਾਨਵੋਕੇਸ਼ਨ ਡਰੈੱਸ ਉਤੇ ਪੰਜਾਬ ਦੇ ਸਪੈਲਿੰਗਾਂ ਵਿੱਚ ‘ਏ’ ਦੀ ਜਗ੍ਹਾ ‘ਯੂ’ ਲਿਖੇ ਜਾਣ ਦੀ ਸਖ਼ਤ ਨਿੰਦਾ ਕੀਤੀ।
ਭਗਵੰਤ ਮਾਨ ਨੇ ਜਸਪਿੰਦਰ ਨਰੂਲਾ ਦੇ ਗੋਡੀਂ ਹੱਥ ਲਾਏ
ਪੰਜਾਬ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਵਿੱਚ ਅੱਜ ਜਿਉਂ ਹੀ ਸੂਫ਼ੀ ਗਾਇਕਾ ਡਾ. ਜਸਪਿੰਦਰ ਨਰੂਲਾ ਆਪਣੀ ਆਨਰੇਰੀ ਡਿਗਰੀ ਹਾਸਲ ਕਰਨ ਉਪਰੰਤ ਮਹਿਮਾਨਾਂ ਨੂੰ ਮਿਲ ਰਹੇ ਸਨ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਤਿਕਾਰ ਕਰਦਿਆਂ ਝੁਕ ਕੇ ਡਾ. ਨਰੂਲਾ ਦੇ ਗੋਡੀਂ ਹੱਥ ਲਗਾਏ।
ਸ਼ਹਿਰ ਵਿੱਚ ਆਵਾਜਾਈ ਪ੍ਰਭਾਵਿਤ; ਲੋਕ ਹੋਏ ਖੱਜਲ-ਖੁਆਰ

ਚੰਡੀਗੜ੍ਹ (ਆਤਿਸ਼ ਗੁਪਤਾ): ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਚੰਡੀਗੜ੍ਹ ਆਮਦ ’ਤੇ ਅੱਜ ਦਿਨ ਭਰ ਸ਼ਹਿਰ ਵਿੱਚ ਆਵਾਜਾਈ ਪ੍ਰਭਾਵਿਤ ਰਹੀ। ਸੜਕਾਂ ’ਤੇ ਲੰਬਾ ਟਰੈਫ਼ਿਕ ਜਾਮ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ 10 ਵਜੇ ਦੇ ਕਰੀਬ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਕਾਫਲਾ ਪੰਜਾਬ ਰਾਜ ਭਵਨ ਵਿੱਚੋਂ ਨਿਕਲ ਕੇ ਪੰਜਾਬ ਯੂਨੀਵਰਸਿਟੀ ਪਹੁੰਚਿਆ ਹੈ। ਇਸ ਦੌਰਾਨ ਪੁਲੀਸ ਨੇ 9.30 ਵਜੇ ਹੀ ਸ਼ਹਿਰ ਦੀਆਂ ਕੁਝ ਸੜਕਾਂ ’ਤੇ ਆਵਾਜਾਈ ਬੰਦ ਕਰ ਦਿੱਤੀ ਸੀ, ਜੋ ਕਿ 10.30 ਵਜੇ ਤੱਕ ਬੰਦ ਰਹੀ। ਰਾਸ਼ਟਰਪਤੀ ਸਮਾਗਮ ਦੀ ਸਪਾਪਤੀ ਤੋਂ ਬਾਅਦ 11.45 ਦੇ ਕਰੀਬ ਯੂਨੀਵਰਸਿਟੀ ਵਿੱਚੋਂ ਨਿਕਲ ਕੇ ਹਵਾਈ ਅੱਡੇ ’ਤੇ ਪਹੁੰਚੇ ਹਨ। ਇਸ ਕਰਕੇ ਪੁਲੀਸ ਨੇ 11.30 ਵਜੇ ਤੋਂ 12.30 ਵਜੇ ਤੱਕ ਸ਼ਹਿਰ ਦੀਆਂ ਕੁਝ ਸੜਕਾਂ ’ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਸੜਕੀ ਆਵਾਜਾਈ ਬੰਦ ਹੋਣ ਕਰਕੇ ਸ਼ਹਿਰ ਵਿੱਚ ਆਵਾਜਾਈ ਠੱਪ ਹੋਣ ਵਰਗੇ ਹਾਲਾਤ ਬਣ ਗਏ ਸਨ। ਇਸ ਦੌਰਾਨ ਪ੍ਰੀਖਿਆ ਦੇ ਕੇ ਵਾਪਸ ਆ ਰਹੇ ਵਿਦਿਆਰਥੀਆਂ ਅਤੇ ਜ਼ਰੂਰੀ ਕੰਮਾਂ ’ਤੇ ਜਾਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਪਹਿਲਾਂ ਹੀ ਰਾਸ਼ਟਰਪਤੀ ਦੇ ਲਾਂਘੇ ਕਰਕੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਲੋਕ ਉਸੀ ਸੜਕਾਂ ’ਤੇ ਪਹੁੰਚੇ, ਜਿੱਥੋਂ ਰਾਸ਼ਟਰਪਤੀ ਨੇ ਲੰਘਣਾ ਸੀ।