ਰਾਮਾਂ ਮੰਡੀ ਰਜਵਾਹੇ ਵਿਚ ਮੁੜ ਪਾੜ ਪਿਆ

ਤਲਵੰਡੀ ਰੋਡ ’ਤੇ ਰਜਵਾਹੇ ਵਿਚ ਪਾੜ ਪੈਣ ਕਾਰਨ ਖੇਤਾਂ ’ਚ ਜਾ ਰਿਹਾ ਨਹਿਰੀ ਪਾਣੀ।

ਹੁਸ਼ਿਆਰ ਸਿੰਘ ਘਟੋੜਾ
ਰਾਮਾਂ ਮੰਡੀ, 8 ਅਕਤੂਬਰ
ਇਥੇ ਤਲਵੰਡੀ ਰੋਡ ’ਤੇ ਪੈਂਦੇ ਰਜਵਾਹੇ ਵਿਚ 20 ਫੁੱਟ ਚੌੜਾ ਪਾੜ ਪੈਣ ਕਾਰਨ ਤਕਰੀਬਨ 55 ਏਕੜ ਰਕਬੇ ਵਿਚ ਪਾਣੀ ਭਰ ਗਿਆ ਜਿਸ ਕਰ ਕੇ ਖੇਤਾਂ ਵਿਚ ਪੱਕ ਕੇ ਤਿਆਰ ਹੋ ਚੁੱਕੀਆਂ ਫ਼ਸਲਾਂ ਦਾ ਨੁਕਸਾਨ ਹੋ ਗਿਆ। ਯਾਦ ਰਹੇ ਕਿ ਇਸ ਰਜਵਾਹੇ ਵਿਚ ਕੁੱਝ ਦਿਨ ਪਹਿਲਾਂ ਵੀ ਪਾੜ ਪੈ ਗਿਆ ਸੀ ਜਿਸ ਨੂੰ ਕਿਸਾਨਾਂ ਨੇ ਆਪਣੀ ਮਿਹਨਤ ਅਤੇ ਖਰਚੇ ਨਾਲ ਬੰਦ ਕੀਤਾ ਸੀ। ਕਿਸਾਨ ਆਗੂ ਸਰੂਪ ਸਿੰਘ ਅਤੇ ਪੀੜਤ ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਰ ਕੇ ਇਹ ਰਜਵਾਹਾ ਵਾਰ ਵਾਰ ਟੁੱਟ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਇਸ ਰਜਵਾਹੇ ਦੇ ਟੁੱਟਣ ਦੀ ਜਾਣਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਸੀ ਪਰ ਉਸ ਸਮੇ ਵੀ ਅਧਿਕਾਰੀਆਂ ਨੇ ਕਿਸਾਨਾਂ ਦੀ ਗੱਲ ਨੂੰ ਅਣਗੋਲਿਆਂ ਕਰਦੇ ਹੋਏ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ। ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ ਕਿ ਇਸ ਵਾਰ ਵੀ ਰਜਵਾਹੇ ’ਚ ਪਾੜ ਨੂੰ ਬੰਦ ਕਰਨ ਲਈ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਕੋਈ ਸਹਿਯੋਗ ਨਹੀਂ ਮਿਲਿਆ। ਕਿਸਾਨਾਂ ਨੇ ਖ਼ੁਦ ਇਸ ਪਾੜ ਨੂੰ ਬੰਦ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਵਿਭਾਗ ਨੇ ਇਸ ਵਾਰ ਵੀ ਇਸ ਰਜਵਾਹੇ ਦੇ ਟੁੱਟਣ ਸਬੰਧੀ ਕੋਈ ਠੋਸ ਪ੍ਰਬੰਧ ਨਾ ਕੀਤਾ ਤਾਂ ਅਜਿਹੀ ਘਟਨਾ ਮੁੜ ਵਾਪਰ ਸਕਦੀ ਹੈ। ਕਿਸਾਨ ਨਿਰਮਲ ਸਿੰਘ, ਅਵਤਾਰ ਸਿੰਘ, ਉਦੈ ਸਿੰਘ, ਜੁਗਿੰਦਰ ਸਿੰਘ, ਤੇਜਾ ਸਿੰਘ, ਸੁਖਦੇਵ ਸਿੰਘ, ਵਰਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਦੋਵੇਂ ਵਾਰ ਪਏ ਨਹਿਰੀ ਪਾੜ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਅਤੇ ਦੋਵੇਂ ਵਾਰੀ ਪਾੜ ਪੂਰਨ ’ਤੇ ਹੋਏ ਕਿਸਾਨਾਂ ਦੇ ਖਰਚੇ ਬਾਰੇ ਵਿਸੇਸ਼ ਗਿਰਦਾਵਰੀ ਕਰਵਾ ਕੇ ਅਦਾਇਗੀ ਨਹਿਰੀ ਵਿਭਾਗ ਤੋਂ ਕਰਵਾਈ ਜਾਵੇ।

Tags :