ਰਾਮਗੜ੍ਹੀਆ ਕਾਲਜ ਦੀ ਸੁਖਦੀਪ ਬੈਸਟ ਖਿਡਾਰਣ ਬਣੀ
ਲੁਧਿਆਣਾ(ਸਤਵਿੰਦਰ ਬਸਰਾ): ਰਾਮਗੜ੍ਹੀਆ ਗਰਲਜ਼ ਕਾਲਜ, ਦੀਆਂ ਸਲਾਨਾ ਖੇਡਾਂ ਕਰਵਾਈਆਂ ਗਈਆਂ। ਅਵਤਾਰ ਸਿੰਘ ਭੋਗਲ ਨੇ ਝੰਡਾ ਲਹਿਰਾ ਕੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਖੇਡ ਸਮਾਗਮ ਵਿੱਚ ਸੁਖਦੀਪ ਕੌਰ ਨੂੰ ਸਪੋਰਟਸ ਵਰਗ ਵਿੱਚ ਅਤੇ ਸਪਨਾ ਨੂੰ ਨਾਨ ਸਪੋਰਟਸ ਵਰਗ ਵਿੱਚ ਬੈਸਟ ਖਿਡਾਰਣ ਐਲਾਨਿਆ ਗਿਆ। ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ। ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਮਨਜੋਤ ਕੌਰ ਨੂੰ ਇਸ ਖੇਡ ਮੇਲੇ ਦੇ ਆਯੋਜਨ ਦੀ ਸਫ਼ਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਸਾਡੀਆਂ ਖਿਡਾਰਣਾਂ ਨੇ ਖੇਡਾਂ ਦੇ ਹਰ ਖੇਤਰ ਵਿੱਚ ਅਨੇਕਾਂ ਵਾਰ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਸਾਲ ਭਰ ਸਾਡੀਆਂ ਵਿਦਿਆਰਥਣਾਂ ਅਲੱਗ- ਅਲੱਗ ਖੇਡਾਂ ਵਿੱਚ ਹਿੱਸਾ ਲੈਂਦੀਆਂ ਹਨ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕਰ ਚੁੱਕੀਆਂ ਹਨ। ਰਾਮਗੜ੍ਹੀਆ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਜਿੱਤੀਆਂ ਹੋਈਆਂ ਖਿਡਾਰਣਾਂ ਨੂੰ ਵਧਾਈ ਦਿੱਤੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।