ਰਾਮਗੜ੍ਹੀਆ ਕਾਲਜ ’ਚ ਬਸੰਤ ਪੰਚਮੀ ਮਨਾਈ
ਲੁਧਿਆਣਾ: ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਸੰਗੀਤ ਗਾਇਨ ਵਿਭਾਗ ਅਤੇ ਕਾਲਜ ਦੇ ਸੰਗੀਤ ਵਾਦਨ ਵਿਭਾਗ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਜੀਤ ਕੌਰ ਅਤੇ ਸੰਗੀਤ ਵਿਭਾਗ ਦੇ ਅਧਿਆਪਕਾਂ ਦੇ ਨਾਲ ਸਾਰੇ ਹੀ ਸਟਾਫ਼ ਮੈਂਬਰਾਂ ਨੇ ਮਾਂ ਸਰਸਵਤੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਲਜ ਵਿਦਿਆਰਥਣਾਂ ਵੱਲੋਂ ਸਰਸਵਤੀ ਵੰਦਨਾ ਦਾ ਗਾਇਣ ਕੀਤਾ ਗਿਆ, ਜਿਸ ਮਗਰੋਂ ਸਿਤਾਰ ਵਾਦਨ ਦੀ ਪੇਸ਼ਕਾਰੀ ਦਿੱਤੀ ਗਈ ਅਤੇ ਬਸੰਤ ਰਾਗ ਵਿੱਚ ਸ਼ਬਦ ਕੀਰਤਨ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਾਲਜ ਦੇ ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਚਰਨਜੀਤ ਕੌਰ, ਪ੍ਰੋ. ਸਰਬਜੀਤ ਕੌਰ ਅਤੇ ਸੰਗੀਤ ਵਾਦਨ ਵਿਭਾਗ ਦੇ ਡਾ. ਸਵਰਨਜੀਤ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਵੀ ਸਾਰਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ