ਰਾਜਾ ਵੜਿੰਗ ਨਾਲ ‘ਤੜਿੰਗ’ ਹੋਏ ਮੁਕਤਸਰ ਦੇ ਕਾਂਗਰਸੀ

ਰਾਜਾ ਵੜਿੰਗ ਖਿਲਾਫ਼ ਮੀਟਿੰਗ ਕਰਦੇ ਹੋਏ ਪੀੜਤ ਕਮੇਟੀ ਦੇ ਮੈਂਬਰ ਤੇ ਕਾਂਗਰਸੀ ਆਗੂ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ
ਮੁੱਖ ਮੰਤਰੀ ਦੇ ਨਵ-ਨਿਯੁਕਤ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਤੇ ਕਿਸਾਨ ਸੈਲ ਦੇ ਜ਼ਿਲ੍ਹਾ ਸਕੱਤਰ ਸ਼ਰਨਜੀਤ ਸਿੰਘ ਸੰਧੂ ਖਿਲਾਫ ਦਰਜ ਕਰਾਏ ਕੇਸ ਨੇ ਕਾਂਗਰਸ ਪਾਰਟੀ ਅੰਦਰਲਾ ਵਿਰੋਧ ਸੜਕਾਂ ’ਤੇ ਲੈ ਆਂਦਾ ਹੈ। ਅੱਜ ਮੁਕਤਸਰ ਹਲਕੇ ਦੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸਥਾਨਕ ਮਿੱਡ-ਵੇਅ ਹੋਟਲ ਵਿਚ ਬੈਠਕ ਕਰਕੇ ਰਾਜਾ ਵੜਿੰਗ ਖਿਲਾਫ਼ ਸਿੱਧੇ ਦੋਸ਼ ਲਾਉਂਦਿਆਂ ਉਸ ਨੂੰ ਅਕਾਲੀ ਦਲ ਦਾ ਸਾਥ ਦੇਣ ਵਾਲਾ ਤੇ ਕਾਂਗਰਸ ਪਾਰਟੀ ਦਾ ਨੁਕਸਾਨ ਕਰਨ ਵਾਲਾ ਵਿਅਕਤੀ ਕਰਾਰ ਦਿੱਤਾ। ਇਸ ਮੌਕੇ ‘ਰਾਜਾ ਵੜਿੰਗ ਪੀੜਤ ਕਮੇਟੀ’ ਅਤੇ ‘ਮੁਕਤਸਰ ਕਾਂਗਰਸ ਬਚਾਓ ਕਮੇਟੀ’ ਦਾ ਗਠਨ ਕਰਕੇ ਇਸ ਮਾਮਲੇ ਨੂੰ ਪਾਰਟੀ ਹਾਈਕਮਾਂਡ ਤੱਕ ਲੈ ਜਾਣ ਦਾ ਫੈਸਲਾ ਵੀ ਕੀਤਾ ਗਿਆ।
ਇਸ ਮੌਕੇ ਸ਼ਰਨਜੀਤ ਸੰਧੂ ਨੇ ਆਪਣੇ ਖਿਲਾਫ਼ ਦਰਜ ਕੀਤੇ ਪੁਲੀਸ ਕੇਸ ਨੂੰ ਬੇਬੁਨਿਆਦ ਅਤੇ ਸਿਆਸੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਆਗੂਆਂ ਵੱਲੋਂ ਇਹ ਸਾਰਾ ਮਾਮਲਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੱਕ ਪਹੁੰਚਾ ਦਿੱਤਾ ਗਿਆ ਹੈ ਤੇ ਹੁਣ ਗਠਿਤ ਕੀਤੀਆਂ ਗਈਆਂ ਕਮੇਟੀਆਂ ਵੱਲੋਂ ਵੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ। ਜੇ ਫਿਰ ਵੀ ਕਾਂਗਰਸੀ ਵਰਕਰਾਂ ਉਪਰ ਹੋ ਰਹੀ ਧੱਕੇਸ਼ਾਹੀ ਦਾ ਹੱਲ ਨਾ ਕੀਤਾ ਤਾਂ ਉਹ ਸਮੂਹਿਕ ਰੂਪ ਵਿੱਚ ਅਸਤੀਫੇ ਦੇਣਗੇ। ਇਸ ਮੌਕੇ ਮੁਕਤਸਰ ਨਗਰ ਕੌਸਲ ਦੇ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਤੇ ਮੈਂਬਰ ਜ਼ਿਲ੍ਹਾ ਪਰਿਸ਼ਦ ਸਰਬਜੀਤ ਸਿੰਘ ਕਾਕਾ ਬਰਾੜ ਹੋਰਾਂ ਨੇ ਵੀ ਸ੍ਰੀ ਵੜਿੰਗ ਤੇ ਉਨ੍ਹਾਂ ਦੇ ਕਈ ਸਾਥੀਆਂ ਖਿਲਾਫ ਕਾਂਗਰਸ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਲਾਏ। ਬੈਠਕ ਵਿੱਚ ਸੀਨੀਅਰ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ, ਜਾਟ ਮਹਾਂਸਭਾ ਦੇ ਜਨਰਲ ਸਕੱਤਰ ਮੋਹਕਮ ਸਿੰਘ ਸੰਧੂ, ਟਰੱਕ ਯੂਨੀਅਨ ਮੁਕਤਸਰ ਦੇ ਗੁਰਸ਼ਰਨ ਸਿੰਘ, ਮਾਂਗਟਕੇਰ ਦੇ ਸਰਪੰਚ ਗੁਰਲਾਲ ਸਿੰਘ ਲਾਡੀ, ਸਰਪੰਚ ਗੁਰਵੰਤ ਸਿੰਘ, ਸੁਖਸ਼ੇਰ ਸਿੰਘ, ਦਰਬਾਰਾ ਸਿੰਘ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਗੁਰਪ੍ਰੀਤ ਸਿੰਘ ਬਿੱਟੂ ਰੋਮਾਣਾ, ਨਿਰਮਲ ਸਿੰਘ ਮੈਂਬਰ ਜ਼ਿਲ੍ਹਾ ਪਰਿਸ਼ਦ ਵੀ ਮੌਜੂਦ ਸਨ।

ਅਕਾਲੀ ਪੱਖੀ ਹੋਣ ਦੇ ਲਾਏ ਦੋਸ਼ ਬੇਬੁਨਿਆਦ: ਰਾਜਾ ਵੜਿੰਗ

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ ਨੇ ਕਿਹਾ ਕਿ ਉਹ ਜਲਦੀ ਹੀ ਪਾਰਟੀ ਵਰਕਰਾਂ ਦੀ ਬੈਠਕ ਸੱਦ ਕੇ ਮਸਲੇ ਹੱਲ ਕਰਨਗੇ। ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਸ਼ਰਨਜੀਤ ਸਿੰਘ ਸੰਧੂ ਨੇ ਉਨ੍ਹਾਂ ਖਿਲਾਫ਼ ਸੋਸ਼ਲ ਮੀਡੀਆ ’ਤੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ ਜਿਸ ਕਰਕੇ ਉਨ੍ਹਾਂ ਨਿੱਜੀ ਤੌਰ ’ਤੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ’ਤੇ ਅਕਾਲੀ ਪੱਖੀ ਹੋਣ ਦੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।

Tags :