ਰਾਜਾ ਰਘੂਵੰਸ਼ੀ ਹੱਤਿਆ: ਪੁਲੀਸ ਨੂੰ ਇੱਕ ਹੋਰ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਮਿਲਿਆ
ਪਟਨਾ (ਬਿਹਾਰ), 10 ਜੂਨ
ਇੰਦੌਰ ਦੇ ਟਰਾਂਸਪੋਰਟਰ ਰਾਜਾ ਰਘੂਵੰਸ਼ੀ ਦੀ ਹੱਤਿਆ ਮਾਮਲੇ ਵਿੱਚ ਆਨੰਦ ਕੁਰਮੀ (23) ਨੂੰ ਅੱਜ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਸੀ ਨੂੰ ਉਸ ਦਾ ਸੱਤ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਡੰਡੋਟੀਆ ਨੇ ਦੱਸਿਆ ਕਿ ਕੁਰਮੀ ਨੂੰ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਤੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਇੰਦੌਰ ਲਿਆਂਦਾ ਗਿਆ ਸੀ। ਸਥਾਨਕ ਅਦਾਲਤ ਨੇ ਰਾਜਾ ਰਘੂਵੰਸ਼ੀ ਹੱਤਿਆ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮਾਂ ਰਾਜ ਕੁਸ਼ਵਾਹਾ, ਵਿਸ਼ਾਲ ਚੌਹਾਨ ਅਤੇ ਆਕਾਸ਼ ਰਾਜਪੂਤ ਨੂੰ ਸੋਮਵਾਰ ਨੂੰ ਸੱਤ ਦਿਨਾਂ ਲਈ ਮੇਘਾਲਿਆ ਪੁਲੀਸ ਦੀ ਟਰਾਂਜ਼ਿਟ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੁਣ ਮੇਘਾਲਿਆ ਪੁਲੀਸ ਚਾਰਾਂ ਮੁਲਜ਼ਮਾਂ ਨੂੰ ਟਰਾਂਜ਼ਿਟ ਹਿਰਾਸਤ ਦੇ ਆਧਾਰ ’ਤੇ ਆਪਣੇ ਨਾਲ ਲੈ ਜਾਵੇਗੀ। -ਪੀਟੀਆਈ
ਰਾਜਾ ਰਘੂਵੰਸ਼ੀ ਦੇ ਸਸਕਾਰ ’ਚ ਨਜ਼ਰ ਆਇਆ ਸੀ ਭਾੜੇ ਦਾ ਕਾਤਲ
ਇੰਦੌਰ: ਰਾਜਾ ਰਘੂਵੰਸ਼ੀ ਦੀ ਹੱਤਿਆ ਲਈ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ (ਭਾੜੇ ਦੇ ਕਾਤਲਾਂ) ’ਚੋਂ ਇਕ ਰਾਜ ਕੁਸ਼ਵਾਹਾ, ਰਘੂਵੰਸ਼ੀ ਦੇ ਸਸਕਾਰ ਮੌਕੇ ਨਜ਼ਰ ਆਇਆ ਸੀ। ਇਹ ਦਾਅਵਾ ਚਸ਼ਮਦੀਦ ਗਵਾਹ ਨੇ ਕੀਤਾ ਹੈ। ਰਾਜ ਕੁਸ਼ਵਾਹਾ ਨੂੰ ਰਾਜਾ ਦੀ ਪਤਨੀ ਸੋਨਮ ਦਾ ਪ੍ਰੇਮੀ ਮੰਨਿਆ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਸੋਨਮ ਨੇ ਉਥੇ ਭਾੜੇ ਦੇ ਕਾਤਲ ਸੱਦੇ ਸਨ। ਸੋਨਮ ਦੇ ਪਰਿਵਾਰ ਦੇ ਗੁਆਂਢੀ ਲਕਸ਼ਮਣ ਸਿੰਘ ਰਾਠੌਰ ਨੇ ਕਿਹਾ, ‘ਜਦੋਂ ਰਾਜਾ ਦੀ ਲਾਸ਼ ਇੱਥੇ ਪਹੁੰਚੀ, ਤਾਂ ਸੋਨਮ ਦੇ ਪਰਿਵਾਰ ਨੇ ਸਸਕਾਰ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਚਾਰ-ਪੰਜ ਗੱਡੀਆਂ ਦਾ ਪ੍ਰਬੰਧ ਕੀਤਾ ਸੀ। ਰਾਜ ਕੁਸ਼ਵਾਹਾ ਉਸ ਚਾਰ-ਪਹੀਆ ਵਾਹਨ ਨੂੰ ਚਲਾ ਰਿਹਾ ਸੀ, ਜਿਸ ਵਿੱਚ ਮੈਂ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੀਡੀਆ ਵਿੱਚ ਉਸ ਦੀ ਫੋਟੋ ਦੇਖਣ ਤੋਂ ਬਾਅਦ ਮੈਨੂੰ ਉਸ ਬਾਰੇ ਪਤਾ ਲੱਗਾ। -ਪੀਟੀਆਈ