ਰਾਜਾਪੁਰਾ ਮੰਡੀ ’ਚ ਚੇਅਰਮੈਨ ਤੇ ਪ੍ਰਧਾਨ ਵਿਚਾਲੇ ਵਿਵਾਦ ਸੁਲਝਿਆ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 15 ਅਪਰੈਲ
ਇੱਥੋਂ ਦੀ ਅਨਾਜ ਮੰਡੀ ਵਿੱਚ ਬੀਤੇ ਦਿਨਾਂ ਤੋਂ ਮੰਡੀ ਪ੍ਰਧਾਨ ਅਤੇ ਮਾਰਕੀਟ ਕਮੇਟੀ ਚੇਅਰਮੈਨ ਵਿਚਾਲੇ ਚੱਲ ਰਿਹਾ ਵਿਵਾਦ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ ਦੀ ਅਗਵਾਈ ਹੇਠ ਦੀਪਕ ਸੂਦ ਦੇ ਦਫ਼ਤਰ ਵਿੱਚ ਕੀਤੀ ਮੀਟਿੰਗ ਦੌਰਾਨ ਸੁਲਝ ਗਿਆ ਹੈ। ਮੀਟਿੰਗ ਲਗਭਗ 5 ਘੰਟਿਆਂ ਤੱਕ ਚੱਲੀ ਜਿਸ ਵਿਚ ਪ੍ਰਸ਼ਾਸਨ ਦੀ ਤਰਫ਼ੋਂ ਐੱਸਡੀਐੱਮ ਰਾਜਪੁਰਾ, ਡੀਐਸਪੀ ਰਾਜਪੁਰਾ ਮਨਜੀਤ ਸਿੰਘ, ਨਾਇਬ ਤਹਿਸੀਲਦਾਰ ਪਵਨ ਕੁਮਾਰ, ਡੀਐੱਮਓ ਮਨਦੀਪ ਸਿੰਘ ਅਤੇ ਵਿਵਾਦਿਤ ਧਿਰ ਵੱਲੋਂ ਨਿਊ ਗਰੇਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ (ਮੰਡੀ ਪ੍ਰਧਾਨ) ਦਵਿੰਦਰ ਬੈਦਵਾਨ, ਚੇਅਰਮੈਨ ਦੀਪਕ ਸੂਦ, ਆਮ ਆਦਮੀ ਪਾਰਟੀ ਦੇ ਵਾਲੰਟੀਅਰ ਮੁਨੀਸ਼ ਸੂਦ, ਮੁਨੀਸ਼ ਬੱਤਰਾ, ਗੁਰਪ੍ਰੀਤ ਧਮੋਲੀ ਆਦਿ ਮੌਜੂਦ ਰਹੇ। ਹਲਕਾ ਵਿਧਾਇਕਾ ਨੀਨਾ ਮਿੱਤਲ ਲਗਭਗ ਤਿੰਨ ਘੰਟੇ ਵੇਟਿੰਗ ਹਾਲ ’ਚ ਹੀ ਬੈਠੇ ਰਹੇ। ਐੱਸਡੀਐੱਮ ਗੁਪਤਾ ਨੇ ਮੀਟਿੰਗ ਬਾਰੇ ਦੱਸਿਆ ਕਿ ਬੜੇ ਹੀ ਸੁਖਾਵੇਂ ਮਾਹੌਲ ਵਿਚ ਦੋਵੇਂ ਧਿਰਾਂ ਦਰਮਿਆਨ ਜੋ ਵੀ ਮਨ ਮਿਟਾਓ ਸਨ, ਉਹ ਦੂਰ ਕਰ ਦਿੱਤੇ ਗਏ ਹਨ। ਦੋਵੇਂ ਧਿਰਾਂ ਦੇ ਗਿਲੇ ਸ਼ਿਕਵੇ ਦੂਰ ਕਰਵਾ ਕੇ ਮੰਡੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ੍ਰੀ ਸੂਦ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਆਪਣੀ ਗ਼ਲਤੀ ਮੰਨ ਲੈਣ ’ਤੇ ਉਨ੍ਹਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈ ਲਈ ਗਈ ਹੈ ਅਤੇ ਜਿਨ੍ਹਾਂ ਤਿੰਨ ਫ਼ਰਮਾਂ ਦੇ ਲਾਇਸੈਂਸ ਰੱਦ ਕੀਤੇ ਸਨ, ਉਹ ਮੁੜ ਬਹਾਲ ਕਰ ਦਿੱਤੇ ਗਏ ਹਨ। ਪ੍ਰਧਾਨ ਦਵਿੰਦਰ ਬੈਦਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੈ। ਇਸ ਉਪਰੰਤ ਪ੍ਰਧਾਨ ਬੈਦਵਾਨ ਅਤੇ ਚੇਅਰਮੈਨ ਸੂਦ ਨੇ ਸਾਂਝੇ ਤੌਰ ’ਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਘੱਟ ਤੋਲ ਦੇ ਮਾਮਲੇ ਵਿੱਚ ਮੰਡੀ ਚੇਅਰਮੈਨ ਅਤੇ ਪ੍ਰਧਾਨ ਆਹਮੋ-ਸਾਹਮਣੇ ਹੋ ਗਏ ਸਨ। ਚੇਅਰਮੈਨ ਦੀਪਕ ਸੂਦ ਨੇ ਕਣਕ ਦੀ ਤੁਲਾਈ ਵਿਚ ਹੇਰਾਫੇਰੀ ਕਰਨ ਦੇ ਦੋਸ਼ ਹੇਠ ਤਿੰਨ ਫ਼ਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ। ਉੱਧਰ ਮੰਡੀ ਪ੍ਰਧਾਨ ਆਪਣੇ ਸਾਥੀਆਂ ਸਮੇਤ ਮਾਰਕੀਟ ਕਮੇਟੀ ਦੇ ਦਫ਼ਤਰ ਪੁੱਜਾ ਅਤੇ ਉਸ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਦਫ਼ਤਰ ਵਿਚ ਵੜਨ ਨਹੀਂ ਦਿੱਤਾ ਅਤੇ ਉਸ ਦੇ ਦਫ਼ਤਰ ਨੂੰ ਤਾਲ਼ਾ ਲਗਾ ਦਿੱਤਾ ਸੀ। ਜਿਸ ਕਾਰਨ ਮਾਹੌਲ ਕਾਫ਼ੀ ਗਰਮਾ ਗਿਆ। ਚੇਅਰਮੈਨ ਸੂਦ ਨੇ ਧੱਕਾ ਮੁੱਕੀ ਕਰਨ ’ਤੇ ਕੇਸ ਦਰਜ ਕਰਵਾ ਦਿੱਤਾ ਸੀ।