ਰਾਜਸਥਾਨ: ਸੜਕ ਹਾਦਸਿਆਂ ’ਚ ਸੱਤ ਹਲਾਕ, 10 ਜ਼ਖ਼ਮੀ
ਜੈਪੁਰ, 11 ਮਾਰਚ
ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਅੱਜ ਦੋ ਸੜਕ ਹਾਦਸਿਆਂ ’ਚ ਨੈਸ਼ਨਲ ਲਾਅ ਯੂਨੀਵਰਸਿਟੀ, ਜੋਧਪੁਰ ਦੇ ਤਿੰਨ ਵਿਦਿਆਰਥੀਆਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਲਾਲਦਾਸਜੀ ਮਹਾਰਾਜ ਧਾਮ ਨੇੜੇ ਵਿਦਿਆਰਥੀਆਂ ਨੂੰ ਲਿਜਾ ਰਹੀ ਸਲੀਪਰ ਬੱਸ ਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ’ਚ ਬੱਸ ’ਚ ਸਵਾਰ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਬੱਸ ਪਲਟ ਗਈ। ਜਾਇਲ ਦੇ ਖੇਤਰੀ ਅਧਿਕਾਰੀ ਖੇਮਾਰਾਮ ਨੇ ਦੱਸਿਆ ਕਿ ਵਿਦਿਆਰਥੀ ਪੰਜਾਬ ਦੇ ਪਟਿਆਲਾ ਤੋਂ ਪਰਤ ਰਹੇ ਸਨ, ਜਦੋਂ ਇਹ ਹਾਦਸਾ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਵਿਦਿਆਰਥੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ’ਚੋਂ ਚਾਰ ਨੂੰ ਜ਼ਿਲ੍ਹਾ ਹਸਪਤਾਲ ਰੈੱਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਈ ਹੋਰ ਵਿਦਿਆਰਥੀਆਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਹਨ, ਜਿਨ੍ਹਾਂ ਦਾ ਮੁੱਢਲਾ ਇਲਾਜ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਦਿੱਲੀ ਵਾਸੀ ਆਰੂਸ਼ੀ ਗੁਪਤਾ, ਚੇਨੱਈ ਵਾਸੀ ਹਰਸ਼ਿਤ ਵਸ਼ਿਸ਼ਟ ਅਤੇ ਕੋਲਕਾਤਾ ਵਾਸੀ ਆਰਵ ਮਿੱਡਾ ਵਜੋਂ ਹੋਈ ਹੈ। ਖੇਮਾਰਾਮ ਨੇ ਦੱਸਿਆ ਕਿ ਬੱਸ ਜੋਧਪੁਰ ਜਾ ਰਹੀ ਸੀ ਅਤੇ ਸਵੇਰੇ ਕਰੀਬ ਸਾਢੇ ਪੰਜ ਵਜੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਵਿਦਿਆਰਥੀ ਸੌਂ ਰਹੇ ਸਨ। ਦੂਜੇ ਪਾਸੇ ਜ਼ਿਲ੍ਹੇ ’ਚ ਇੱਕ ਹੋਰ ਸੜਕ ਹਾਦਸਾ ਵਾਪਰਿਆ। ਪੁਲੀਸ ਅਨੁਸਾਰ ਕਾਰ ਪਲਟਣ ਕਾਰਨ ਚਾਰ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਥਾਣੇ ਦੇ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰੇਵੰਤਰਾਮ, ਸੁਸ਼ੀਲ, ਮਹੇਂਦਰ ਤੇ ਮਹਿਰਾਰਾਮ ਵਜੋਂ ਹੋਈ ਹੈ। -ਪੀਟੀਆਈ