ਰਾਜਵੰਤ ਕੌਰ ਨੇ ਪੰਜਾਬੀ ਵਿਭਾਗ ਦੀ ਮੁਖੀ ਵਜੋਂ ਅਹੁਦਾ ਸੰਭਾਲਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜੂਨ
ਡਾ. ਰਾਜਵੰਤ ਕੌਰ ਪੰਜਾਬੀ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਨੇ ’ਵਰਸਿਟੀ ਵਿੱਚ ਦਿਹਾੜੀਦਾਰ ਕਲਰਕ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਤੇ ਸਖ਼ਤ ਮਿਹਨਤ ਸਦਕਾ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਮੁਖੀ ਵਜੋਂ ਆਪਣੀ ਟਰਮ ਪੂਰੀ ਕਰ ਚੁੱਕੇ ਡਾ. ਗੁਰਮੁਖ ਸਿੰਘ ਦੀ ਥਾਂ ਲਈ ਹੈ। ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਨੇ ਐੱਮਏ (ਪੰਜਾਬੀ ਅਤੇ ਧਰਮ ਅਧਿਐਨ) ਅਤੇ ਪੀਐੱਚਡੀ ਆਦਿ ਉੱਚ ਅਕਾਦਮਿਕ ਡਿਗਰੀਆਂ ਪ੍ਰਾਪਤ ਕਰਨ ਦੇ ਨਾਲ਼-ਨਾਲ਼ ਉਰਦੂ ਅਤੇ ਫ਼ਾਰਸੀ ਜ਼ੁਬਾਨਾਂ ਵਿਚ ਵੀ ਤਾਲੀਮ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਯੂਨੀਵਰਸਿਟੀ ਵਿੱਚ ਸਥਿਤ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉਚਤਮ ਕੇਂਦਰ ਵਿੱਚ ਬਤੌਰ ਲੈਕਚਰਾਰ ਸੇਵਾਵਾਂ ਨਿਭਾਈਆਂ। ਸਾਲ 2011 ਦੌਰਾਨ ਪੰਜਾਬੀ ਵਿਭਾਗ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਤਾਇਨਾਤ ਹੋਏ ਸਨ।
ਵਿਭਾਗ ਦੇ ਅਧਿਆਪਕ ਡਾ. ਰਾਜਵਿੰਦਰ ਢੀਂਡਸਾ ਮੁਤਾਬਕ ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ, ਯੋਜਨਾ ਤੇ ਨਿਰੀਖਣ ਡਾ. ਜਸਵਿੰਦਰ ਸਿੰਘ ਬਰਾੜ, ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ, ਡਾ. ਪੁਸ਼ਪਿੰਦਰ ਕੌਰ, ਮੁੱਖ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਤੇ ਸਾਬਕਾ ਮੁਖੀ ਡਾ. ਗੁਰਮੁਖ ਸਿੰਘ ਸਣੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਡਾ. ਰਾਜਵੰਤ ਕੌਰ ‘ਪੰਜਾਬੀ ਦੀਆਂ ਮੌਲਿਕ, ਖੋਜ, ਸੰਪਾਦਨ, ਲਿਪੀਅੰਤ੍ਰਣ, ਅਨੁਵਾਦ ਅਤੇ ਬਾਲ ਸਾਹਿਤ ’ਤੇ ਆਧਾਰਤ 21 ਪੁਸਤਕਾਂ ਛਪ ਚੁੱਕੀਆਂ ਹਨ। ਉਨ੍ਹਾਂ ਦੀ ਪੁਸਤਕ ‘ਸਿਹਰਾ ਤੇ ਸਿੱਖਿਆ ਸੰਕਲਨ ਅਤੇ ਮੁਲਾਂਕਣ’ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ 2010 ਵਿਚ ਸਰਬੋਤਮ ਪੁਸਤਕ ਪੁਰਸਕਾਰ ਪ੍ਰਾਪਤ ਹੋਇਆ ਸੀ। ਉਹ 28 ਐੱਮਫਿਲ ਅਤੇ ਪੀਐੱਚਡੀ ਖੋਜ ਕਾਰਜ ਵੀ ਕਰਵਾ ਚੁੱਕੇ ਹਨ।