ਰਾਜਪੁਰਾ-ਬਨੂੜ ਸੜਕ ’ਤੇ ਸੈਂਕੜੇ ਟੈਂਕਰ ਰਾਹਗੀਰਾਂ ਲਈ ਖ਼ਤਰਾ ਬਣੇ

ਰਾਜਪੁਰਾ-ਬਨੂੜ ਸੜਕ ’ਤੇ ਲੱਗੀਆਂ ਖਾਲੀ ਟੈਂਕਰਾਂ ਦੀਆਂ ਲਾਈਨਾਂ।

ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 8 ਅਕਤੂਬਰ
ਇਸ ਖੇਤਰ ਵਿੱਚੋਂ ਗੁਜ਼ਰਦੀ ਰਾਜਪੁਰਾ-ਬਨੂੜ ਸੜਕ ’ਤੇ ਖੜ੍ਹੇ ਰਹਿੰਦੇ ਟੈਂਕਰ ਰਾਹਗੀਰਾਂ ਲਈ ਜਾਨ ਦਾ ਖੋਅ ਬਣ ਗਏ ਹਨ। ਇਸ ਖੇਤਰ ਵਿੱਚ ਨਾਭਾ ਪਾਵਰ ਥਰਮਲ ਪਲਾਂਟ ਵਿੱਚੋਂ ਰੋਜ਼ ਹਰਿਆਣਾ ਅਤੇ ਹੋਰ ਗੁਆਂਢੀ ਰਾਜਾਂ ਦੀਆ ਸੀਮਿੰਟ ਫੈਕਟਰੀਆਂ ਲਈ ਕੋਲੇ ਦੀ ਰਾਖ ਲੈਣ ਆਉਂਦੇ ਟੈਂਕਰਾਂ (ਟਰੱਕ) ਦਾ ਥਰਮਲ ਪਲਾਂਟ ਵਿੱਚ ਦਾਖਲਾ ਰੁਕਣ ’ਤੇ ਇਨ੍ਹਾਂ ਨੂੰ ਰਾਜਪੁਰਾ-ਬਨੂੜ ਸੜਕ ਉਪਰ ਕਈ-ਕਈ ਦਿਨਾਂ ਖੜ੍ਹਾ ਰਹਿਣਾ ਰਾਹਗੀਰਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ, ਕਿਉਂਕਿ ਪਟਿਆਲਾ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੀ ਇਸ ਪ੍ਰਮੁੱਖ ਸੜਕ ’ਤੇ ਤੇਜ਼ ਰਫਤਾਰ ਵਾਹਨਾਂ ਦਾ ਵੱਡੀ ਗਿਣਤੀ ਵਿੱਚ ਆਣਾ-ਜਾਣਾ ਲੱਗਿਆ ਰਹਿੰਦਾ ਹੈ। ਸੜਕ ਤੋਂ ਰੋਜ਼ ਸੈਂਕੜੇ ਬੱਸਾਂ ਲੰਘਦੀਆਂ ਹਨ। ਥਰਮਲ ਪਲਾਂਟ ਨਲਾਸ ਤੋਂ ਰੋਜ਼ ਵੱਖ-ਵੱਖ ਸੀਮਿੰਟ ਕੰਪਨੀਆ ਦੇ ਸੈਂਕੜੇ ਟੈਂਕਰ ਹਿਮਾਚਲ ਅਤੇ ਹਰਿਆਣਾ ਸਮੇਤ ਹੋਰ ਰਾਜਾਂ ਦੀਆਂ ਸੀਮਿੰਟ ਫੈਕਟਰੀਆਂ ਲਈ ਲੋੜੀਦੀਂ ਥਰਮਲ ਦੀ ਰਾਖ ਅਤੇ ਹੋਰ ਰਹਿੰਦ ਖੂਹੰਦ ਭਰਨ ਲਈ ਆਉਂਦੇ ਹਨ। ਇਹ ਥਰਮਲ ਪਲਾਂਟ ਦੇ ਅਹਾਤੇ ਵਿੱਚ ਦਾਖਲ ਹੋਣ ਦੀ ਬਜਾਏ ਰਾਜਪੁਰਾ-ਬਨੂੜ ਦਰਮਿਆਨ ਜਨਸੂਆ ਅਤੇ ਇਸ ਦੇ ਨੇੜੇ ਤੇੜੇ ਕਈ-ਕਈ ਦਿਨਾਂ ਤੱਕ ਲੋਡ ਨਾ ਮਿਲਣ ’ਤੇ ਸੜਕ ਕਿਨਾਰੇ ਹੀ ਖੜ੍ਹੇ ਰਹਿ ਕੇ ਰਾਹਗੀਰ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਥਰਮਲ ਪਲਾਂਟ ਵਿੱਚ ਐਂਟਰੀ ਨਾ ਮਿਲਣ ’ਤੇ ਸੜਕ ਕਿਨਾਰੇ ਖਾਲੀ ਟੈਂਕਰ ਲੈ ਕੇ ਖੜ੍ਹੇ ਟਰੱਕਾਂ ਦੇ ਮਾਲਕਾਂ ਅਤੇ ਚਾਲਕਾਂ ਮਹੇਸ਼ੀ ਸ਼ਰਮਾ, ਗੁਰਮੀਤ ਸਿੰਘ, ਵਿਨੋਦ ਕੁਮਾਰ, ਅਸ਼ੋਕ ਕੁਮਾਰ, ਪ੍ਰਦੀਪ ਸਿੰਘ ਸਮੇਤ ਹੋਰਾਂ ਨੇ ਥਰਮਲ ਪਲਾਂਟ ਪ੍ਰਬੰਧਕਾਂ ਪ੍ਰਤੀ ਰੋਸ ਪ੍ਰਗਟ ਕਰਦਿਆ ਦੱਸਿਆ ਕਿ ਉਹ ਵੱਖ-ਵੱਖ ਸ਼ਹਿਰਾਂ ਤੋਂ ਇਸ ਥਰਮਲ ਪਲਾਂਟ ਵਿੱਚੋਂ ਕੋਲੇ ਦੀ ਰਾਖੀ ਸਮੇਤ ਹੋਰ ਰਹਿੰਦ-ਖੂਹੰਦ ਭਰਨ ਲਈ ਆਉਂਦੇ ਹਨ ਪਰ ਪਲਾਂਟ ਪ੍ਰੰਬਧਕਾਂ ਵੱਲੋਂ ਉਨ੍ਹਾਂ ਦੇ ਟੈਂਕਰਾਂ ਦੀ ਐਂਟਰੀ ਪਲਾਂਟ ਦੇ ਅਹਾਤੇ ਵਿੱਚ ਨਹੀਂ ਕਰਵਾਈ ਜਾਂਦੀ। ਇਸ ਕਾਰਨ ਉਹ ਮਜਬੂਰੀ ਵੱਸ ਕਈ-ਕਈ ਦਿਨਾਂ ਤੱਕ ਆਪਣੇ ਖਾਲੀ ਟੈਂਕਰ ਸੜਕ ਕਿਨਾਰੇ ਖੜ੍ਹੇ ਰੱਖ ਕੇ ਖੱਜਲ-ਖੁਆਰ ਹੁੰਦੇ ਰਹਿੰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਰੋਟੀ ਅਤੇ ਹੋਰ ਸਹੂਲਤਾਂ ਨਹੀਂ ਮਿਲ ਸਕਦੀਆਂ। ਉਨ੍ਹਾਂ ਨੂੰ ਪੁਲੀਸ ਹੱਥੋਂ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਥਰਮਲ ਪਲਾਂਟ ਪ੍ਰੰਬਧਕਾਂ ਤੋਂ ਮੰਗ ਕੀਤੀ ਕਿ ਜਦੋਂ ਤੱਕ ਟੈਂਕਰਾਂ ਲਈ ਲੋਡ ਨਹੀਂ ਮਿਲਦਾ ਉਦੋਂ ਤੱਕ ਉਨ੍ਹਾਂ ਨੂੰ ਪਲਾਂਟ ਦੇ ਅਹਾਤੇ ਵਿੱਚ ਟੈਂਕਰ ਪਾਰਕਿੰਗ ਦੀ ਸਹੂਲਤ ਮੁੱਹਈਆ ਕਰਵਾਈ ਜਾਵੇ।

ਸੀਮਿੰਟ ਤੇ ਟਰਾਂਸਪੋਰਟ ਕੰਪਨੀਆਂ ਜ਼ਿੰਮੇਵਾਰ: ਮੁੰਡੀ
ਨਾਭਾ ਪਾਵਰ ਥਰਮਲ ਪਲਾਂਟ ਨਲਾਸ ਦੇ ਸਕਿਉਰਿਟੀ ਇੰਚਾਰਜ ਕਰਨਲ ਜਸਪਿੰਦਰ ਸਿੰਘ ਮੁੰਡੀ ਦਾ ਕਹਿਣਾ ਹੈ ਕਿ ਟੈਂਕਰ ਚਾਲਕਾਂ ਦੀ ਖੱਜਲ ਖੁਆਰੀ ਲਈ ਸੰਬਧਤ ਸੀਮਿੰਟ ਅਤੇ ਟਰਾਂਸਪੋਰਟ ਕੰਪਨੀਆਂ ਜ਼ਿੰਮੇਵਾਰ ਹਨ। ਉਨ੍ਹਾਂ ਦੇ ਪਲਾਂਟ ਅਹਾਤੇ ਵਿੱਚ ਕੇਵਲ 80 ਵਾਹਨ ਪਾਰਕਿੰਗ ਦੀ ਸਹੂਲਤ ਹੈ, ਜੋਂ ਉਹ ਮੁੱਹਈਆ ਕਰਵਾ ਰਹੇ ਹਨ।

ਸੜਕ ਤੋਂ ਟੈਂਕਰ ਹਟਾਉਣ ਲਈ ਕਿਹਾ: ਪੁਲੀਸ
ਜਨਸੂਆਂ ਪੁਲੀਸ ਚੌਕੀ ਦੇ ਇੰਚਾਰਜ ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੰਬਧੀ ਸਾਰੇ ਟੈਂਕਰ ਚਾਲਕਾਂ ਨੂੰ ਟੈਂਕਰ ਸੜਕ ਤੋਂ ਦੂਰ ਲਿਜਾਉਣ ਲਈ ਕਹਿ ਦਿੱਤਾ ਹੈ। ਉਹ ਸੜਕ ’ਤੇ ਜਾਮ ਨਹੀਂ ਲੱਗਣ ਦੇਣਗੇ।

Tags :