ਰਾਜਪੁਰਾ ’ਚ ਇੱਕ ਪਾਸੇ ਦਾ ਬਾਜ਼ਾਰ ਖੋਲ੍ਹਣ ਤੋਂ ਦੁਕਾਨਦਾਰ ਖ਼ਫ਼ਾ

ਰਾਜਪੁਰਾ ਦੇ ਟਾਹਲੀ ਵਾਲਾ ਚੌਕ ਵਿੱਚ ਰੋਸ ਪ੍ਰਗਟ ਕਰਦੇ ਹੋਏ ਦੁਕਾਨਦਾਰ।

ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 21 ਮਈ
ਕਰੋਨਾਵਾਇਰਸ ਮਹਾਮਾਰੀ ਦੇ ਵੱਡੀ ਗਿਣਤੀ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜਪੁਰਾ ਨੂੰ ਬਫ਼ਰ ਜ਼ੋਨ ਐਲਾਨੇ ਜਾਣ ਤੋਂ ਕਰੀਬ ਦੋ ਮਹੀਨੇ ਬਾਅਦ ਸਥਾਲਕ ਪ੍ਰਸ਼ਾਸਨ ਵੱਲੋਂ ਅੱਜ ਟਾਊਨ ਦੇ ਟਾਹਲੀ ਵਾਲਾ ਚੌਕ ਤੋਂ ਕਸਤੂਰਬਾ ਰੋਡ ਬਾਜ਼ਾਰ ਦੀਆਂ ਦੁਕਾਨਾਂ ਖੋਲ੍ਹੇ ਜਾਣ ਖ਼ਿਲਾਫ਼ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਤੇ ਕ੍ਰਿਸ਼ਨਾ ਮਾਰਕੀਟ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਸਮੂਹ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਟਾਹਲੀ ਵਾਲਾ ਚੌਕ ਵਿੱਚ ਰੋਸ ਮੁਜ਼ਾਹਰਾ ਕੀਤਾ।
ਪ੍ਰਦਸ਼ਨਕਾਰੀਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਬਾਜ਼ਾਰ ਖੁੱਲ੍ਹਵਾਉਣ ਦੇ ਮਾਮਲੇ ਵਿੱਚ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਸਤੂਰਬਾ ਰੋਡ ਦੀ ਤਰਜ਼ ’ਤੇ ਗੁਰਦੁਆਰਾ ਸਿੰਘ ਸਭਾ ਰੋਡ ਦੀਆਂ ਦੁਕਾਨਾਂ ਵੀ ਖੁੱਲ੍ਹਵਾਈਆਂ ਜਾਣ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸੋਸ਼ਲ ਡਿਸਟੈਂਸਿੰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉੱਧਰ, ਇਸ ਸੰਬਧੀ ਐੱਸਡੀਐੱਮ ਰਾਜਪੁਰਾ ਟੀ ਬਿਨਿੱਥ ਨੇ ਆਖਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਅੱਜ ਇੱਕ ਪਾਸੇ ਦਾ ਬਾਜ਼ਾਰ ਖੋਲ੍ਹਿਆ ਗਿਆ ਹੈ। ਜੇਕਰ ਨੇੜੇ ਭਵਿੱਖ ਵਿੱਚ ਕਰੋਨਾਵਾਇਰਸ ਦਾ ਕੋਈ ਨਵਾਂ ਕੇਸ ਸਾਹਮਣੇ ਨਾ ਆਇਆ ਤਾਂ 28 ਮਈ ਤੋਂ ਸਾਰਾ ਬਾਜ਼ਾਰ ਖੋਲ੍ਹ ਦਿੱਤਾ ਜਾਵੇਗਾ।

ਖੁੱਲ੍ਹੀਆਂ ਦੁਕਾਨਾਂ ਪੁਲੀਸ ਨੇ ਬੰਦ ਕਰਵਾਈਆਂ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਰੈਡੀਮੇਡ ਕੱਪੜਿਆਂ ਦੀਆਂ ਕੁੱਝ ਦੁਕਾਨਾਂ ਨੂੰ ਪੁਲੀਸ ਤੇ ਪ੍ਰਸ਼ਾਸਨ ਨੇ ਬੰਦ ਕਰਵਾਉਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਦੁਕਾਨਦਾਰਾਂ ਨੇ ਰੋਸਟਰ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਦੀ ਕਾਰਵਾਈ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਗਿਆ। ਇਸ ਦੌਰਾਨ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਬਾਕੀ ਬਾਜ਼ਾਰ ਵਾਂਗ ਉਨ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਵੀ ਕੀਤੀ ਹੈ।

Tags :