ਰਾਜਪਾਲ ਨੇ ਹੁਨਰ ਕੇਂਦਰ ਦਾ ਦੌਰਾ ਕੀਤਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਅਪਰੈਲ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਅੰਮ੍ਰਿਤਸਰ ਵਿੱਚ ਸੰਨ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਹੁਨਰ ਕੇਂਦਰ ਦਾ ਜਾਇਜ਼ਾ ਲਿਆ ਜਿਸ ਰਾਹੀਂ ਨਸ਼ਿਆਂ ਤੋਂ ਮੁਕਤ ਹੋਏ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਅਤੇ ਨੌਕਰੀਆਂ ਪ੍ਰਦਾਨ ਕਰਨ ਵਾਸਤੇ ਮਦਦ ਕੀਤੀ ਜਾ ਰਹੀ ਹੈ। ਰਾਜਪਾਲ ਅੱਜ-ਕੱਲ੍ਹ ਸਰਹੱਦੀ ਜ਼ਿਲ੍ਹਿਆਂ ਵਿੱਚ ਨਸ਼ਿਆ ਖ਼ਿਲਾਫ ਜਾਗਰੂਕਤਾ ਮੁਹਿੰਤ ਤਹਿਤ ਪੈਦਲ ਯਾਤਰਾ ਕਰ ਰਹੇ ਹਨ ਅਤੇ ਇਹ ਪੈਦਲ ਯਾਤਰਾ ਭਲਕੇ 8 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ ’ਚ ਸਮਾਪਤ ਹੋਵੇਗੀ।
ਰਾਜਪਾਲ ਸ੍ਰੀ ਕਟਾਰੀਆ ਨੇ ਸੰਨ ਫਾਊਂਡੇਸ਼ਨ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਹੁਨਰ ਵਿਕਾਸ ਅਤੇ ਰੁਜ਼ਗਾਰ ਰਾਹੀਂ ਉਨ੍ਹਾਂ ਦਾ ਪੁਨਰਵਾਸ ਵੀ ਮਹੱਤਵਪੂਰਨ ਹੈ। ਰਾਜਪਾਲ ਨੇ ਪਲੰਬਰ, ਸ਼ੈੱਫ, ਇਲੈਕਟ੍ਰੀਸ਼ੀਅਨ ਅਤੇ ਕੰਪਿਊਟਰ ਸਿਖਲਾਈ ਲੈਬਾਂ ਸਮੇਤ ਵੱਖ-ਵੱਖ ਕਿੱਤਾਮੁਖੀ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ ਅਤੇ ਮੁੜ ਵਸੇਬੇ ਵਿੱਚ ਸਫ਼ਲ ਨੌਜਵਾਨਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ, ਜੋ ਸੰਨ ਫਾਊਂਡੇਸ਼ਨ ਦੇ ਚੇਅਰਮੈਨ ਹਨ, ਨੇ ਸਰਹੱਦੀ ਖੇਤਰ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਲਈ ਕਈ ਹੁਨਰ ਕੇਂਦਰਾਂ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਨਸ਼ਿਆਂ ਵਿਰੁੱਧ ਲੜਾਈ ਪ੍ਰਤੀ ਰਾਜਪਾਲ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਸੰਨ ਫਾਊਂਡੇਸ਼ਨ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਨੂੰ ਨਵੇਂ ਹੁਨਰ ਕੇਂਦਰ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇੱਕ ਹਫ਼ਤੇ ਦੇ ਅੰਦਰ ਪਿੰਡਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ।
ਸੰਨ ਫਾਊਂਡੇਸ਼ਨ ਦੇ ਹੁਨਰ ਕੇਂਦਰ ਦਾ ਦੌਰਾ ਕਰਨ ਸਮੇਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਰਾਜਪਾਲ ਗੁਲਾਬ ਚੰਦ ਕਟਾਰੀਆ।